ਮੁੜ ਖੁੱਲ੍ਹਿਆ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ

ਗੁਰਦਾਸਪੁਰ – ਬੀਤੇ ਦਿਨੀਂ ਰਾਵੀ ‘ਚ ਪਾਣੀ ਦਾ ਪੱਧਰ ਵੱਧ ਹੋਣ ਦੇ ਚਲਦੇ 20 ਜੁਲਾਈ ਨੂੰ ਆਰਜ਼ੀ ਤੌਰ ਤੇ ਪਾਕਿਸਤਾਨ ਸਥਿਤ ਸ੍ਰੀ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਦੀ ਯਾਤਰਾ ਬੰਦ ਕੀਤੀ ਗਈ ਸੀ। ਜੋ ਕਿ ਅੱਜ 25 ਜੁਲਾਈ ਤੋਂ ਇਹ ਯਾਤਰਾ ਮੁੜ ਸ਼ੁਰੂ ਕੀਤੀ ਗਈ ਹੈ। ਉਥੇ ਹੀ ਅੱਜ ਪਾਕਿਸਤਾਨ ਗੁਰਦੁਆਰਾ ਸਾਹਿਬ ਨਤਮਸਤਕ ਹੋਣ ਜਾਣ ਵਾਲੇ ਯਾਤਰੀਆਂ ‘ਚ ਖੁਸ਼ੀ ਦੀ ਲਹਿਰ ਹੈ। ਸ਼ਰਧਾਲੂਆਂ ਨੇ ਕਿਹਾ ਕਿ ਉਹ ਉਥੇ ਗੁਰੂ ਘਰ ਸਰਬਤ ਦੇ ਭਲੇ ਦੀ ਅਰਦਾਸ ਕਰਨਗੇ।

ਸਰਹੱਦੀ ਕਸਬਾ ਡੇਰਾ ਬਾਬਾ ਨਾਨਕ ‘ਚ ਹਿੰਦ ਪਾਕ ਸਰਹੱਦ ‘ਤੇ ਬਣੇ  ਸ੍ਰੀ ਕਰਤਾਰਪੁਰ ਕੋਰੀਡੋਰ ਰਸਤੇ ਅੱਜ 132 ਸ਼ਰਧਾਲੂ ਪਕਿਸਤਾਨ ਜਾ ਕੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਸਕਣਗੇ। ਕੋਰੀਡੋਰ ਬੰਦ ਰਹੇ ਦਿਨਾਂ ਦੌਰਾਨ 700 ਦੇ ਕਰੀਬ ਸ਼ਰਧਾਲੂਆਂ ਦੀ ਯਾਤਰਾ ਪ੍ਰਭਾਵਿਤ ਹੋਈ ਸੀ । ਉਥੇ ਹੀ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਲੈਂਡ ਪੋਰਟ ਅਥਾਰਟੀ, ਬਿਊਰੋ ਆਫ਼ ਇੰਮੀਗਰੇਸ਼ਨ, ਬੀ.ਐੱਸ.ਐੱਫ, ਨੈਸ਼ਨਲ ਹਾਈਵੇ ਅਥਾਰਟੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਜਾਇਜ਼ਾ ਲੈਣ ਤੋਂ ਬਾਅਦ ਇਸ ਪਾਬੰਦੀ ਨੂੰ ਹਟਾ ਲਿਆ ਗਿਆ ਹੈ।

ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਭਾਰਤੀ ਪਾਸੇ ਲਾਂਘੇ ਦੇ ਮਾਰਗ ਨੂੰ ਜੋ ਨੁਕਸਾਨ ਪਹੁੰਚਿਆ ਸੀ ਉਸ ਨੂੰ ਠੀਕ ਕਰ ਲਿਆ ਗਿਆ ਹੈ। ਇਸ ਲਈ ਸ਼ਰਧਾਲੂ ਪਹਿਲਾਂ ਵਾਂਗ ਹੀ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਨੂੰ ਜਾ ਸਕਣਗੇ। ਉਨ੍ਹਾਂ ਕਿਹਾ ਕਿ ਬਰਾਸਤੀ ਸੀਜ਼ਨ ਦੌਰਾਨ ਭਵਿੱਖ ਵਿੱਚ ਕੋਈ ਸਮੱਸਿਆ ਨਾ ਆਵੇ ਇਸ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੂਰੀ ਸਾਵਧਾਨੀ ਵਰਤੀ ਜਾ ਰਹੀ ਹੈ। ਇਸ ਦੇ ਨਾਲ ਹੀ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਜਿੰਨੇ ਦਿਨ ਸ੍ਰੀ ਕਰਤਾਰਪੁਰ ਸਾਹਿਬ ਦੀ ਯਾਤਰਾ ਬੰਦ ਰਹੀ ਸੀ ਉਨੇ ਦਿਨ 700 ਦੇ ਕਰੀਬ ਸ਼ਰਧਾਲੂ ਯਾਤਰਾ ‘ਤੇ ਨਹੀਂ ਜਾ ਸਕੇ ਸਨ। ਉਨ੍ਹਾਂ ਕਿਹਾ ਇਨ੍ਹਾਂ ਸਾਰੇ ਸ਼ਰਧਾਲੂਆਂ ਨੂੰ ਹੁਣ ਯਾਤਰਾ ਲਈ ਮੁੜ ਅਪਲਾਈ ਕਰਨਾ ਪਵੇਗਾ।

Add a Comment

Your email address will not be published. Required fields are marked *