ਗੁਰਮਤਿ ਕੈਂਪ ‘ਚ ਹਿੱਸਾ ਲੈਣ ਵਾਲੇ ਬੱਚਿਆਂ ਦਾ ਕੀਤਾ ਗਿਆ ਸਨਮਾਨ

ਇਟਲੀ/ਮਿਲਾਨ: ਛੋਟੇ ਬੱਚਿਆਂ ਨੂੰ ਪੰਜਾਬੀ ਬੋਲੀ ਤੇ ਗੁਰਮਤਿ ਸਿੱਖਿਆ ਤੋਂ ਜਾਣੂ ਕਰਵਾਉਣ ਲਈ ਗੁਰਦੁਆਰਾ ਗੋਬਿੰਦਸਰ ਸਾਹਿਬ ਲਵੀਨੀਓ ਇਟਲੀ ਵਿਖੇ ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਵਿਸ਼ਾਲ ਗੁਰਮਤਿ ਸਮਾਗਮ ਕਰਵਾਇਆ ਗਿਆ। ਇਹਨਾਂ ਗੁਰਮਤਿ ਗਿਆਨ ਸਮਾਗਮਾਂ ਵਿੱਚ ਹਿੱਸਾ ਲੈਣ ਵਾਲੇ ਬੱਚੇ ਪਿਛਲੇ ਕਈ ਦਿਨਾਂ ਤੋਂ ਹਰ ਰੋਜ਼ ਗੁਰਦੁਆਰਾ ਸਾਹਿਬ ਪਹੁੰਚ ਕਰਕੇ ਗੁਰਮਤਿ ਦੀ ਸਿੱਖਿਆ ਪ੍ਰਾਪਤ ਕਰ ਰਹੇ ਸਨ। ਗੁਰਮਤਿ ਮੁਕਾਬਲਿਆਂ ਵਿੱਚ ਹਿੱਸਾ ਲੈਣ ਲਈ ਬੱਚੇ ਆਪੋ ਆਪਣੇ ਮਾਪਿਆਂ ਨਾਲ ਸਵੇਰ ਤੋਂ ਗੁਰਦੁਆਰਾ ਸਾਹਿਬ ਪਹੁੰਚ ਕੇ ਨਤਮਸਤਕ ਹੋਏ ਅਤੇ ਕਥਾ ਕੀਰਤਨ ਵਿਚ ਹਿੱਸਾ ਲਿਆ। 

ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਮਤਿ ਸਮਾਗਮ ਵਿੱਚ ਹਿੱਸਾ ਲੈਣ ਵਾਲੇ ਬੱਚਿਆਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਵੀ ਕੀਤਾ ਗਿਆ। ਇੱਥੇ ਇਹ ਵੀ ਦੱਸਣਯੋਗ ਹੈ ਕਿ ਗੁਰਦੁਆਰਾ ਸਾਹਿਬ ਵਿਖੇ ਪਿਛਲੇ ਡੇਢ ਦੋ ਸਾਲਾਂ ਤੋਂ ਪੰਜਾਬੀ ਬੋਲੀ ਤੇ ਓ,ਅ ਸਿਖਾਉਣ ਲਈ ਹਰ ਐਤਵਾਰ ਵਾਲੇ ਦਿਨ ਕਲਾਸਾਂ ਲੱਗਦੀਆਂ ਸਨ ਤੇ ਜੂਨ ਮਹੀਨੇ ਤੋਂ ਇਟਲੀ ਦੇ ਸਕੂਲਾਂ ਵਿੱਚ ਹੋਈਆਂ ਗਰਮੀਆਂ ਦੀਆਂ ਛੁੱਟੀਆਂ ਕਰਕੇ ਹਰ ਰੋਜ਼ ਕਲਾਸਾਂ ਦਾ ਪ੍ਰਬੰਧ ਕੀਤਾ ਗਿਆ ਸੀ ਤਾਂ ਜੋ ਇਟਲੀ ਵਿਚ ਜਵਾਨ ਹੋ ਰਹੇ ਦੂਜੀ ਪੀੜ੍ਹੀ ਦੇ ਛੋਟੇ ਬੱਚਿਆਂ ਨੂੰ ਸਿੱਖੀ ਫਲਸਫੇ ਨਾਲ ਜੋੜਨ ਲਈ ਸਿੱਖਿਆ ਦਿੱਤੀ ਜਾ ਸਕੇ। ਇੱਥੋ ਦੇ ਸਕੂਲਾਂ ਵਿੱਚ ਪੰਜਾਬੀ ਬੋਲੀ ਦੀ ਪੜ੍ਹਾਈ ਬਿਲਕੁਲ ਨਾ ਹੋਣ ਕਰਕੇ ਅਜਿਹੇ ਕੈਂਪ ਸਮੇਂ ਦੀ ਮੁੱਖ ਲੋੜ ਵੀ ਬਣ ਚੁੱਕੇ ਹਨ ਤਾਂ ਜੋ ਵਿਦੇਸ਼ੀ ਧਰਤੀ ‘ਤੇ ਰਹਿ ਕੇ ਸਕੂਲਾਂ-ਕਾਲਜਾਂ ਵਿੱਚ ਪੜ੍ਹਾਈ ਕਰ ਰਹੇ ਬੱਚਿਆਂ ਨੂੰ ਪੰਜਾਬੀ ਬੋਲੀ ਤੇ ਸਿੱਖੀ ਸਿਧਾਤਾਂ ਤੋਂ ਜਾਣੂ ਕਰਵਾਇਆ ਜਾ ਸਕੇ। 

Add a Comment

Your email address will not be published. Required fields are marked *