ਆਸਟ੍ਰੇਲੀਆ ‘ਚ ਸਿੰਘ ਨੇ ‘ਦਸਤਾਰ’ ਨਾਲ ਬਚਾਈ ਜ਼ਖ਼ਮੀ ਗੋਰੀ ਦੀ ਜਾਨ

ਬ੍ਰਿਸਬੇਨ– ਦੁਨੀਆ ਭਰ ਵਿਚ ਸਿੱਖ ਭਾਈਚਾਰਾ ਆਪਣੀ ਦਰਿਆਦਿਲੀ ਲਈ ਜਾਣਿਆ ਜਾਂਦਾ ਹੈ। ਆਸਟ੍ਰੇਲੀਆ ਵਿਚ ਵੀ ਵੱਡੀ ਗਿਣਤੀ ਵਿਚ ਸਿੱਖ ਭਾਈਚਾਰੇ ਦੇ ਲੋਕ ਰਹਿੰਦੇ ਹਨ। ਤਾਜ਼ਾ ਮਾਮਲੇ ਵਿਚ ਬ੍ਰਿਸਬੇਨ, ਮੈਂਗੋ ਹਿੱਲ ਟਾਊਨ ਨੇੜੇ ਪੰਜਾਬੀ ਮੂਲ ਦੇ ਇਕ ਸਿੰਘ ਨੇ ਇਕ ਗੋਰੀ ਔਰਤ ਦੀ ਮਦਦ ਕਰਨ ਲਈ ਆਪਣੀ ਦਸਤਾਰ ਲਾਹ ਕੇ ਉਸ ਦੇ ਸਿਰ ‘ਤੇ ਬੰਨ੍ਹ ਦਿੱਤੀ। ਜਾਣਕਾਰੀ ਮੁਤਾਬਕ ਜਦੋਂ ਸਿੰਘ ਆਪਣੇ ਬੇਟੇ ਨਾਲ ਸ਼ਾਪਿੰਗ ਸੈਂਟਰ ਤੋਂ ਗਰੋਸਰੀ ਲੈ ਕੇ ਘਰ ਪਰਤ ਰਿਹਾ ਸੀ ਤਾਂ ਰਸਤੇ ਵਿਚ ਇਕ ਗੋਰੀ ਔਰਤ ਨੇ ਉਹਨਾਂ ਨੂੰ ਮਦਦ ਲਈ ਆਵਾਜ਼ ਦਿੱਤੀ। 

ਸਿੰਘ ਤੁਰੰਤ ਕਾਰ ਵਿਚੋਂ ਉਤਰਿਆ ਅਤੇ ਦੇਖਿਆ ਕਿ ਕਰੀਬ 80 ਸਾਲਾ ਔਰਤ ਦੇ ਸਿਰ ਵਿਚੋਂ ਕਾਫ਼ੀ ਲਹੂ ਵਗ ਚੁੱਕਾ ਸੀ। ਮੌਕੇ ‘ਤੇ ਪਹੁੰਚੇ ਸਿੰਘ ਨੇ ਬਜ਼ੁਰਗ ਔਰਤ ਦੀ ਮਦਦ ਕੀਤੀ। ਖ਼ੂਨ ਵਗਦਾ ਹੋਣ ਕਰਕੇ ਉਸ ਨੇ ਆਪਣੀ ਦਸਤਾਰ ਉਤਾਰ ਕੇ ਔਰਤ ਦੇ ਸਿਰ ‘ਤੇ ਬੰਨ੍ਹ ਦਿੱਤੀ ਤਾਂ ਜੋ ਉਸ ਦੀ ਜਾਨ ਬਚਾਈ ਜਾ ਸਕੇ। ਦਸਤਾਰ ਬੰਨ੍ਹਣ ‘ਤੇ ਖ਼ੂਨ ਵਗਣਾ ਬੰਦ ਹੋਇਆ ਤਾਂ ਔਰਤ ਨੂੰ ਕੁਝ ਹੌਂਸਲਾ ਮਿਲਿਆ। ਜਾਣਕਾਰੀ ਮੁਤਾਬਕ ਔਰਤ ਦਾ ਗਿੱਟਾ ਵੀ ਟੁੱਟ ਚੁੱਕਾ ਸੀ। ਇਸ ਲਈ ਉਹਨਾਂ ਨੇ ਤੁਰੰਤ ਐਂਬੂਲੈਂਸ ਨੂੰ ਕਾਲ ਕੀਤੀ। ਸੂਚਨਾ ਮਿਲਦੇ ਹੀ ਐਂਬੂਲੈਂਸ ਅਧਿਕਾਰੀ ਮੌਕੇ ‘ਤੇ ਪਹੁੰਚੇ ਤੇ ਮੁੱਢਲੀ ਇਲਾਜ ਪ੍ਰਣਾਲੀ ਮਗਰੋਂ ਔਰਤ ਨੂੰ ਹਸਪਤਾਲ ਲੈ ਗਏ। ਇਸ ਮੌਕੇ ਔਰਤ ਦਾ ਪਤੀ ਵੀ ਮੌਕੇ ‘ਤੇ ਮੌਜੂਦ ਸੀ। ਗੋਰੀ ਔਰਤ ਦੀ ਮਦਦ ਕਰਨ ਵਾਲੇ ਸਿੰਘ ਨੇ ਆਪਣੀ ਪਛਾਣ ਜਨਤਕ ਨਾ ਕਰਨ ਦੀ ਤਾਕੀਦ ਕੀਤੀ ਹੈ। ਉਧਰ ਬਜ਼ੁਰਗ ਔਰਤ ਨੇ ਆਪਣੀ ਇਸ ਸਭ ਲਈ ਸਿੰਘ ਦਾ ਧੰਨਵਾਦ ਕੀਤਾ ਅਤੇ ਸਿੱਖ ਭਾਈਚਾਰੇ ਦੀ ਤਾਰੀਫ਼ ਕੀਤੀ। ਜਾਣਕਾਰੀ ਮੁਤਾਬਕ ਔਰਤ ਦੀ ਕਾਰ ਅੱਗੇ ਕੋਈ ਕੁੱਤਾ ਆ ਜਾਣ ਕਾਰਨ ਇਹ ਹਾਦਸਾ ਵਾਪਰਿਆ ਤੇ ਕੁੱਤੇ ਨੂੰ ਬਚਾਉਣ ਦੀ ਕੋਸ਼ਿਸ਼ ਵਿਚ ਬਜ਼ੁਰਗ ਔਰਤ ਨੂੰ ਗੰਭੀਰ ਸੱਟਾਂ ਲੱਗੀਆਂ।

Add a Comment

Your email address will not be published. Required fields are marked *