ਕੈਨੇਡਾ ‘ਚ ਕਤਲ ਕੀਤੇ ਗਏ ਨੌਜਵਾਨ ਦੀ ਦੇਹ ਲਿਆਂਦੀ ਜਾਵੇਗੀ ਭਾਰਤ

ਟੋਰਾਂਟੋ – ਕੈਨੇਡਾ ਵਿੱਚ ਫੂਡ ਡਿਲੀਵਰੀ ਕੰਪਨੀ ਦੇ ਕਰਮਚਾਰੀ ਵਜੋਂ ਕੰਮ ਕਰ ਰਹੇ ਇੱਕ 24 ਸਾਲਾ ਭਾਰਤੀ ਵਿਦਿਆਰਥੀ ਦੀ ਹਿੰਸਕ ਹਮਲੇ ਦੇ ਕੁੱਝ ਦਿਨਾਂ ਬਾਅਦ ਮੌਤ ਹੋ ਗਈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੰਜਾਬ ਦੇ ਪਿੰਡ ਕਰੀਮਪੁਰ ਚਾਹਵਾਲਾ ਦੇ ਰਹਿਣ ਵਾਲੇ ਗੁਰਵਿੰਦਰ ਨਾਥ ਨੂੰ 9 ਜੁਲਾਈ ਨੂੰ ਦੇਰ ਰਾਤ 2:10 ਵਜੇ ਖਾਣੇ ਦਾ ਆਰਡਰ ਦੇਣ ਦੇ ਬਹਾਨੇ ਬ੍ਰਿਟਾਨੀਆ ਰੋਡ ਅਤੇ ਕ੍ਰੈਡਿਟਵਿਊ, ਮਿਸੀਸਾਗਾ ਦੇ ਇਲਾਕੇ ਵਿੱਚ ਹਮਲਾਵਰਾਂ ਨੇ ਬੁਲਾਇਆ ਸੀ। ਟੋਰਾਂਟੋ ਦੇ ਲੌਇਲਿਸਟ ਕਾਲਜ ਦੇ ਵਿਦਿਆਰਥੀ ਨਾਥ ਦੇ ਪਹੁੰਚਣ ‘ਤੇ ਉਸ ‘ਤੇ ਅਣਪਛਾਤੇ ਹਮਲਾਵਰਾਂ ਨੇ ਹਿੰਸਕ ਹਮਲਾ ਕੀਤਾ ਅਤੇ ਉਸ ਨੂੰ ਜ਼ਖ਼ਮੀ ਹਾਲਤ ਵਿਚ ਛੱਡ ਕੇ ਉਸਦੀ ਗੱਡੀ ਖੋਹ ਕੇ ਫਰਾਰ ਹੋ ਗਏ। ਮੌਕੇ ‘ਤੇ ਕਈ ਲੋਕ ਮਦਦ ਲਈ ਅੱਗੇ ਆਏ ਅਤੇ ਮਦਦ ਦੀ ਗੁਹਾਰ ਲਗਾਈ। ਨਾਥ ਨੂੰ ਟਰਾਮਾ ਸੈਂਟਰ ਲਿਜਾਇਆ ਗਿਆ ਜਿੱਥੇ 14 ਜੁਲਾਈ ਨੂੰ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।

ਕੈਨੇਡੀਅਨ ਬ੍ਰੌਡਕਾਸਟਿੰਗ ਕਾਰਪੋਰੇਸ਼ਨ (ਸੀਬੀਸੀ) ਦੀ ਰਿਪੋਰਟ ਮੁਤਾਬਕ ਟੋਰਾਂਟੋ ਵਿੱਚ ਭਾਰਤ ਦੇ ਕੌਂਸਲ ਜਨਰਲ ਸਿਧਾਰਥ ਨਾਥ ਨੇ ਗੁਰਵਿੰਦਰ ਦੀ ਮੌਤ ਨੂੰ “ਦਿਲ-ਦਹਿਲਾਉਣ ਵਾਲਾ ਘਾਟਾ” ਕਿਹਾ ਅਤੇ ਉਸਦੇ ਪਰਿਵਾਰ, ਦੋਸਤਾਂ ਅਤੇ ਭਾਈਚਾਰੇ ਪ੍ਰਤੀ ਹਮਦਰਦੀ ਪ੍ਰਗਟ ਕੀਤੀ। ਕੌਂਸਲ ਜਨਰਲ ਨੇ ਗੁਰਵਿੰਦਰ ਦੇ ਪਰਿਵਾਰ ਨਾਲ ਵੀ ਸੰਪਰਕ ਕੀਤਾ। ਉਨ੍ਹਾਂ ਕਿਹਾ, “ਜਿਸ ਤਰ੍ਹਾਂ ਭਾਈਚਾਰੇ ਨੇ ਮਦਦ ਦਾ ਹੱਥ ਵਧਾਇਆ ਹੈ, ਉਸ ਨਾਲ ਮੈਨੂੰ ਖੁਸ਼ੀ ਹੋਈ ਕਿ ਕਿਵੇਂ ਉਹ ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਦੀ ਸਹਾਇਤਾ ਲਈ ਅੱਗੇ ਆਏ ਹਨ।” ਕੌਂਸਲ ਜਨਰਲ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਦੋਸ਼ੀਆਂ ਨੂੰ ਨਿਆਂ ਦੇ ਕਟਹਿਰੇ ਵਿੱਚ ਲਿਆਂਦਾ ਜਾਵੇਗਾ। ਸੀ.ਬੀ.ਸੀ. ਨੇ ਦੱਸਿਆ ਕਿ ਨਾਥ ਦੀ ਮ੍ਰਿਤਕ ਦੇਹ ਨੂੰ ਟੋਰਾਂਟੋ ਵਿੱਚ ਭਾਰਤੀ ਕੌਂਸਲੇਟ ਜਨਰਲ ਦੀ ਮਦਦ ਨਾਲ 27 ਜੁਲਾਈ ਨੂੰ ਭਾਰਤ ਲਿਆਂਦਾ ਜਾਵੇਗਾ। 

ਪੀਲ ਰੀਜਨਲ ਪੁਲਸ ਦੇ ਹੋਮੀਸਾਈਡ ਬਿਊਰੋ ਦੇ ਇੰਸਪੈਕਟਰ ਫਿਲ ਕਿੰਗ ਨੇ ਕਿਹਾ, “ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਇਸ ਵਿੱਚ ਬਹੁਤ ਸਾਰੇ ਸ਼ੱਕੀ ਸ਼ਾਮਲ ਹਨ ਅਤੇ ਖਾਣੇ ਦਾ ਆਰਡਰ ਡਰਾਈਵਰ ਨੂੰ ਇਸ ਖੇਤਰ ਵਿੱਚ ਬੁਲਾਉਣ ਲਈ ਦਿੱਤਾ ਗਿਆ ਸੀ।” ਉਨ੍ਹਾਂ ਦੱਸਿਆ ਕਿ ਜਾਂਚਕਰਤਾਵਾਂ ਨੇ ਹਮਲੇ ਤੋਂ ਪਹਿਲਾਂ ਮੰਗਵਾਏ ਗਏ ਪੀਜ਼ਾ ਆਰਡਰ ਦੀ ਇੱਕ ਆਡੀਓ ਰਿਕਾਰਡਿੰਗ ਪ੍ਰਾਪਤ ਕਰ ਲਈ ਹੈ। ਕਿੰਗ ਨੇ ਕਿਹਾ ਕਿ ਭਾਵੇਂ ਜਾਂਚ ਮੁੱਢਲੇ ਪੜਾਅ ’ਤੇ ਹੈ ਪਰ ਪੁਲਸ ਦਾ ਮੰਨਣਾ ਹੈ ਕਿ ਨਾਥ ਬੇਕਸੂਰ ਸੀ। ਪੁਲਸ ਨੇ ਇੱਕ ਸ਼ੱਕੀ ਵਾਹਨ ਦੀ ਪਛਾਣ ਕੀਤੀ ਹੈ। ਪੁਲਸ ਨੇ ਕਿਹਾ ਕਿ ਇੱਕ ਸੀਸੀਟੀਵੀ ਫੁਟੇਜ ਵਿੱਚ, ਗੂੜ੍ਹੇ ਰੰਗ ਦੇ ਕੱਪੜੇ ਪਹਿਨੇ ਇੱਕ ਪੁਰਸ਼ ਨੂੰ ਵਾਹਨ ਵਿੱਚੋਂ ਬਾਹਰ ਨਿਕਲਦੇ ਹੋਏ ਦੇਖਿਆ ਗਿਆ ਹੈ। ਪੁਲਸ ਨੇ ਕਿਹਾ ਕਿ ਨਾਥ ਅਤੇ ਉਸਦੇ ਹਮਲਾਵਰਾਂ ਵਿਚਕਾਰ ਕੋਈ ਜਾਣਿਆ-ਪਛਾਣਿਆ ਸਬੰਧ ਨਹੀਂ ਹੈ।

ਕਿੰਗ ਨੇ ਦੱਸਿਆ ਕਿ ਨਾਥ ਦੀ ਗੱਡੀ ਨੂੰ ਅਪਰਾਧ ਵਾਲੀ ਥਾਂ ਤੋਂ 5 ਕਿਲੋਮੀਟਰ ਤੋਂ ਵੀ ਘੱਟ ਦੂਰੀ ‘ਤੇ ਓਲਡ ਕ੍ਰੈਡਿਟਵਿਊ ਅਤੇ ਓਲਡ ਡੇਰੀ ਰੋਡ ਦੇ ਖੇਤਰ ਵਿੱਚ ਛੱਡ ਦਿੱਤਾ ਗਿਆ ਸੀ। ਕਿੰਗ ਨੇ ਕਿਹਾ ਕਿ ਵਾਹਨ ਦੀ ਫੋਰੈਂਸਿਕ ਤੌਰ ‘ਤੇ ਜਾਂਚ ਕੀਤੀ ਗਈ ਹੈ ਅਤੇ “ਕਈ” ਸਬੂਤ ਬਰਾਮਦ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਫਿਲਹਾਲ ਪੁਲਸ ਇਸ ਗੱਲ ਤੋਂ ਅਣਜਾਣ ਹੈ ਕਿ ਹਮਲੇ ਵਿੱਚ ਹਥਿਆਰ ਦੀ ਵਰਤੋਂ ਕੀਤੀ ਗਈ ਸੀ ਜਾਂ ਨਹੀਂ। ਨਾਥ ਦੀ ਦੇਸ਼ ਵਾਪਸੀ ਲਈ ਪੈਸਾ ਇਕੱਠਾ ਕਰਨ ਅਤੇ ਅੰਤਿਮ ਸੰਸਕਾਰ ਦੇ ਖਰਚਿਆਂ ਵਿੱਚ ਪਰਿਵਾਰ ਦੀ ਮਦਦ ਕਰਨ ਲਈ ਇੱਕ GoFundMe ਪੇਜ ਸਥਾਪਤ ਕੀਤਾ ਗਿਆ ਹੈ। ਸ਼ਨੀਵਾਰ ਨੂੰ ਮਿਸੀਸਾਗਾ ਵਿੱਚ 200 ਤੋਂ ਵੱਧ ਭਾਈਚਾਰੇ ਦੇ ਲੋਕ ਨਾਥ ਦੀ ਮੌਤ ਦਾ ਸੋਗ ਮਨਾਉਣ ਲਈ ਇਕੱਠੇ ਹੋਏ। ਭਾਰਤ ਤੋਂ ਨਾਥ ਜੁਲਾਈ 2021 ਵਿੱਚ ਕੈਨੇਡਾ ਗਿਆ ਸੀ ਅਤੇ ਉਸ ਨੇ ਆਪਣਾ ਕਾਰੋਬਾਰ ਸ਼ੁਰੂ ਕਰਨ ਦੀ ਯੋਜਨਾ ਬਣਾਈ ਸੀ।

Add a Comment

Your email address will not be published. Required fields are marked *