‘ਮਣੀਪੁਰ ਫਾਈਲਸ’ ਨਾਂ ਦੀ ਫ਼ਿਲਮ ਬਣਾਈ ਜਾਵੇ : ਸ਼ਿਵ ਸੈਨਾ

ਮੁੰਬਈ – ਮਣੀਪੁਰ ’ਚ ਨਸਲੀ ਹਿੰਸਾ ਨੂੰ ਲੈ ਕੇ ਕੇਂਦਰ ਤੇ ਸੂਬੇ ਦੀਆਂ ਭਾਜਪਾ ਸਰਕਾਰਾਂ ਦੀ ਆਲੋਚਨਾ ਕਰਦਿਆਂ ਸ਼ਿਵ ਸੈਨਾ (ਯੂ. ਬੀ. ਟੀ.) ਨੇ ਸ਼ਨੀਵਾਰ ਨੂੰ ਕਿਹਾ ਕਿ ਹੁਣ ‘ਮਣੀਪੁਰ ਫਾਈਲਸ’ ਨਾਂ ਦੀ ਇਕ ਫ਼ਿਲਮ ਬਣਾਈ ਜਾਣੀ ਚਾਹੀਦੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਮਣੀਪੁਰ ਦੇ ਮੁੱਖ ਮੰਤਰੀ ਐੱਨ. ਬੀਰੇਨ ਸਿੰਘ ’ਤੇ ਨਿਸ਼ਾਨਾ ਵਿੰਨ੍ਹਦਿਆਂ ਸ਼ਿਵ ਸੈਨਾ (ਯੂ. ਬੀ. ਟੀ.) ਦੇ ਮੁੱਖ ਪੱਤਰ ‘ਸਾਮਨਾ’ ਨੇ ਇਕ ਸੰਪਾਦਕੀ ’ਚ ਕਿਹਾ ਕਿ ਉੱਤਰੀ-ਪੂਰਬੀ ਸੂਬੇ ’ਚ ਹਿੰਸਾ ਤੇ ਜ਼ੁਲਮ ਕਸ਼ਮੀਰ ਨਾਲੋਂ ਵੀ ਮਾੜੇ ਹਨ।

4 ਮਈ ਨੂੰ ਸ਼ੂਟ ਕੀਤੀ ਗਈ ਇਕ ਵੀਡੀਓ ਸਾਹਮਣੇ ਆਈ ਹੈ, ਜਿਸ ’ਚ ਮਣੀਪੁਰ ’ਚ ਦੋ ਔਰਤਾਂ ਨੂੰ ਕੁਝ ਮਰਦਾਂ ਵਲੋਂ ਨਗਨ ਹਾਲਤ ’ਚ ਪਰੇਡ ਕਰਦਿਆਂ ਵਿਖਾਇਆ ਗਿਆ ਹੈ। ਸ਼ਿਵ ਸੈਨਾ (ਯੂ. ਬੀ. ਟੀ.) ਨੇ ਕਿਹਾ ਕਿ ਜੇ ਸੁਪਰੀਮ ਕੋਰਟ ਨੇ ਇਸ ਘਟਨਾ ਦਾ ਨੋਟਿਸ ਨਾ ਲਿਆ ਹੁੰਦਾ ਤਾਂ ਪ੍ਰਧਾਨ ਮੰਤਰੀ ਨੇ ਇਸ ਮੁੱਦੇ ’ਤੇ ਗੱਲ ਨਹੀਂ ਕਰਨੀ ਸੀ। ਮੋਦੀ ਨੇ ਵੀਰਵਾਰ ਨੂੰ ਕਿਹਾ ਸੀ ਕਿ ਮਣੀਪੁਰ ਦੀ ਘਟਨਾ ਨਾਲ 140 ਕਰੋੜ ਭਾਰਤੀ ਸ਼ਰਮਸਾਰ ਹੋਏ ਹਨ।

‘ਸਾਮਨਾ’ ਦਾ ਕਹਿਣਾ ਹੈ ਕਿ ‘ਤਾਸ਼ਕੰਦ ਫਾਈਲਸ’, ‘ਦਿ ਕੇਰਲ ਸਟੋਰੀ’ ਤੇ ‘ਦਿ ਕਸ਼ਮੀਰ ਫਾਈਲਸ’ ਵਰਗੀਆਂ ਫ਼ਿਲਮਾਂ ਹਾਲ ਹੀ ’ਚ ਬਣੀਆਂ ਹਨ। ਹੁਣ ਮਣੀਪੁਰ ’ਚ ਹੋਈ ਹਿੰਸਾ ’ਤੇ ‘ਮਣੀਪੁਰ ਫਾਈਲਸ’ ਨਾਂ ਦੀ ਇਕ ਫ਼ਿਲਮ ਵੀ ਬਣਾਉਣੀ ਚਾਹੀਦੀ ਹੈ।

ਸੰਪਾਦਕੀ ’ਚ ਕਿਹਾ ਗਿਆ ਹੈ ਕਿ ਜੇ ਸੂਬੇ ’ਚ ਗੈਰ-ਭਾਜਪਾ ਸਰਕਾਰ ਹੁੰਦੀ ਤਾਂ ਹੁਣ ਤੱਕ ਬਰਖ਼ਾਸਤ ਕਰ ਦਿੱਤੀ ਗਈ ਹੁੰਦੀ। ਪ੍ਰਧਾਨ ਮੰਤਰੀ ਲਈ ਮਣੀਪੁਰ ਸਿਆਸੀ ਪੱਖੋਂ ਅਹਿਮ ਨਹੀਂ ਹੈ, ਇਸੇ ਕਰਕੇ ਮਣੀਪੁਰ ਦੇ ਹਾਲਾਤ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ। ਮਣੀਪੁਰ ’ਚ ਕੇਂਦਰੀ ਫੋਰਸਾਂ ਦੇ 60,000 ਜਵਾਨ ਤਾਇਨਾਤ ਹਨ, ਫਿਰ ਵੀ ਹਿੰਸਾ ਘੱਟ ਨਹੀਂ ਹੋ ਰਹੀ। ਇਸ ਦਾ ਮਤਲਬ ਹੈ ਕਿ ਸਥਿਤੀ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਦੇ ਕੰਟਰੋਲ ਤੋਂ ਬਾਹਰ ਹੋ ਗਈ ਹੈ।

Add a Comment

Your email address will not be published. Required fields are marked *