ਓਪਨਹਾਈਮਰ’ ਫ਼ਿਲਮ ਤੋਂ ਹਟਾਇਆ ਜਾਵੇ ‘ਭਗਵਦ ਗੀਤ’ ਤੇ ‘ਇੰਟੀਮੇਟ ਸੀਨ’

ਮੁੰਬਈ – ਕ੍ਰਿਸਟੋਫਰ ਨੋਲਨ ਦੀ ਫ਼ਿਲਮ ‘ਓਪਨਹਾਈਮਰ’ ਜਿਥੇ ਬਾਕਸ ਆਫਿਸ ’ਤੇ ਧਮਾਕੇਦਾਰ ਕਮਾਈ ਕਰ ਰਹੀ ਹੈ, ਉਥੇ ਹੀ ਇਸ ਫ਼ਿਲਮ ਨੂੰ ਲੈ ਕੇ ਭਗਵਦ ਗੀਤਾ ਨਾਲ ਜੁੜਿਆ ਵਿਵਾਦ ਵੀ ਡੂੰਘਾ ਹੁੰਦਾ ਜਾ ਰਿਹਾ ਹੈ। ਹੁਣ ਖ਼ਬਰ ਹੈ ਕਿ ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਇਸ ਹਾਲੀਵੁੱਡ ਫ਼ਿਲਮ ’ਚ ‘ਇਤਰਾਜ਼ਯੋਗ’ ਦ੍ਰਿਸ਼ਾਂ ਨੂੰ ਲੈ ਕੇ ਸੋਮਵਾਰ ਨੂੰ ਸੈਂਸਰ ਬੋਰਡ ਤੋਂ ਆਪਣੀ ਨਾਰਾਜ਼ਗੀ ਜ਼ਾਹਿਰ ਕਰਦਿਆਂ ਨਵੇਂ ਨਿਰਦੇਸ਼ ਦਿੱਤੇ ਹਨ। ਸੂਤਰਾਂ ਦੇ ਹਵਾਲੇ ਤੋਂ ਦੱਸਿਆ ਹੈ ਕਿ ਅਨੁਰਾਗ ਠਾਕੁਰ ਨੇ ਫ਼ਿਲਮ ਦੇ ਇਕ ਸੀਨ ’ਤੇ ਇਤਰਾਜ਼ ਜਤਾਇਆ ਹੈ, ਜਿਸ ’ਚ ਇਕ ਔਰਤ ਸੈਕਸ ਸੀਨ ਦੌਰਾਨ ਹਿੰਦੂ ਧਾਰਮਿਕ ਗ੍ਰੰਥ ਭਗਵਦ ਗੀਤਾ ਨੂੰ ਫੜ੍ਹ ਕੇ ਪਾਠ ਕਰਦੀ ਨਜ਼ਰ ਆ ਰਹੀ ਹੈ। ਕੇਂਦਰੀ ਮੰਤਰੀ ਨੇ ਸੈਂਸਰ ਬੋਰਡ ਤੋਂ ਸਖ਼ਤੀ ਨਾਲ ਪੁੱਛਿਆ ਹੈ ਕਿ ਇਸ ਸੀਨ ਨੂੰ ਪਰਦੇ ’ਤੇ ਰਿਲੀਜ਼ ਕਰਨ ਲਈ ਮਨਜ਼ੂਰੀ ਕਿਵੇਂ ਦਿੱਤੀ ਗਈ।

ਰਿਪੋਰਟ ’ਚ ਕਿਹਾ ਗਿਆ ਹੈ ਕਿ ਕੇਂਦਰੀ ਮੰਤਰੀ ਨੇ ਸੈਂਸਰ ਬੋਰਡ ਤੋਂ ਪੁੱਛਿਆ ਹੈ ਕਿ ‘ਓਪਨਹਾਈਮਰ’ ਦੇ ਇਸ ਸੀਨ ਨੂੰ ਫਿਲਟਰ ਕਿਉਂ ਨਹੀਂ ਕੀਤਾ ਗਿਆ। ਇੰਨਾ ਹੀ ਨਹੀਂ, ਇਸ ਸੀਨ ’ਤੇ ਤੁਰੰਤ ਐਕਸ਼ਨ ਲੈਂਦਿਆਂ ਇਸ ਨੂੰ ਫ਼ਿਲਮ ’ਚੋਂ ਹਟਾਉਣ ਲਈ ਕਿਹਾ ਗਿਆ ਹੈ। ਸੂਤਰਾਂ ਦੇ ਹਵਾਲੇ ਨਾਲ ਰਿਪੋਰਟ ’ਚ ਇਹ ਵੀ ਦੱਸਿਆ ਗਿਆ ਹੈ ਕਿ ਅਨੁਰਾਗ ਠਾਕੁਰ ਦੀ ਨਾਰਾਜ਼ਗੀ ਇਸ ਹੱਦ ਤੱਕ ਹੈ ਕਿ ਇਸ ਲਈ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਜਲਦ ਕਾਰਵਾਈ ਕੀਤੀ ਜਾ ਸਕਦੀ ਹੈ।

ਸ਼ੁੱਕਰਵਾਰ ਨੂੰ ਦੁਨੀਆ ਭਰ ’ਚ ਰਿਲੀਜ਼ ਹੋਈ ਇਸ ਫ਼ਿਲਮ ਨੂੰ ਦਰਸ਼ਕਾਂ ਵਲੋਂ ਕਾਫੀ ਹੁੰਗਾਰਾ ਮਿਲ ਰਿਹਾ ਹੈ। ਇਕੱਲੇ ਭਾਰਤ ’ਚ ਫ਼ਿਲਮ ਨੇ ਤਿੰਨ ਦਿਨਾਂ ’ਚ 48.75 ਕਰੋੜ ਰੁਪਏ ਦੀ ਕੁਲੈਕਸ਼ਨ ਕਰ ਲਈ ਹੈ, ਜਦਕਿ ਦੁਨੀਆ ਭਰ ’ਚ ਇਸ ਨੇ 1430 ਕਰੋੜ ਰੁਪਏ ਕਮਾ ਲਏ ਹਨ। ਹਾਲਾਂਕਿ ਭਾਰਤੀ ਦਰਸ਼ਕਾਂ ਦਾ ਇਕ ਹਿੱਸਾ ਸੋਸ਼ਲ ਮੀਡੀਆ ’ਤੇ ਫ਼ਿਲਮ ਦੇ ਖ਼ਿਲਾਫ਼ ਪ੍ਰਚਾਰ ਵੀ ਕਰ ਰਿਹਾ ਹੈ। ਇਸ ਵਿਰੋਧ ’ਚ ਕੁਝ ਹਿੰਦੂ ਜਥੇਬੰਦੀਆਂ ਵੀ ਸ਼ਾਮਲ ਹਨ ਤੇ ਉਨ੍ਹਾਂ ਨੇ ‘ਓਪਨਹਾਈਮਰ’ ਨੂੰ ਹਿੰਦੂਤਵ ਉੱਤੇ ਹਮਲਾ ਕਰਾਰ ਦਿੱਤਾ ਹੈ।

ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਭਾਰਤ ਸਰਕਾਰ ਦੇ ਸੂਚਨਾ ਕਮਿਸ਼ਨਰ ਉਦੈ ਮਹੂਰਕਰ ਨੇ ਵੀ ‘ਸੇਵ ਕਲਚਰ ਸੇਵ ਇੰਡੀਆ ਫਾਊਂਡੇਸ਼ਨ’ ਵਲੋਂ ਜਾਰੀ ਬਿਆਨ ਨੂੰ ਟਵਿਟਰ ’ਤੇ ਸਾਂਝਾ ਕੀਤਾ ਸੀ। ਉਨ੍ਹਾਂ ਨੇ ਲਿਖਿਆ, ‘‘ਹਰ ਕੋਈ ਹੈਰਾਨ ਹੈ ਕਿ ਕਿਵੇਂ ਸੈਂਟਰਲ ਬੋਰਡ ਆਫ ਫ਼ਿਲਮ ਸਰਟੀਫਿਕੇਸ਼ਨ (CBFC) ਨੇ ਇਸ ਸੀਨ ਨਾਲ ਫ਼ਿਲਮ ਦੀ ਰਿਲੀਜ਼ ਨੂੰ ਮਨਜ਼ੂਰੀ ਦਿੱਤੀ।’’

Add a Comment

Your email address will not be published. Required fields are marked *