ਮਨੀਪੁਰ ਵਿੱਚ ਵਾਪਰੀ ਘਟਨਾ ਵਹਿਸ਼ੀਆਨਾ ਅਤੇ ਖ਼ੌਫਨਾਕ: ਅਮਰੀਕਾ

ਵਾਸ਼ਿੰਗਟਨ/ਲੰਡਨ, 23 ਜੁਲਾਈ- ਅਮਰੀਕਾ ਨੇ ਭਾਰਤ ਦੇ ਉੱਤਰ-ਪੂਰਬੀ ਸੂਬੇ ਮਨੀਪੁਰ ’ਚ ਦੋ ਮਹਿਲਾਵਾਂ ਦੀ ਨਗਨ ਪਰੇਡ ਦੀ ਵਾਇਰਲ ਹੋਈ ਵੀਡੀਓ ’ਤੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਇਸ ਘਟਨਾ ਨੂੰ ਭਿਆਨਕ ਕਰਾਰ ਦਿੱਤਾ ਹੈ। ਜ਼ਿਕਰਯੋਗ ਹੈ ਮਨੀਪੁਰ ’ਚ ਦੋ ਮਹਿਲਾਵਾਂ ਦੀ ਨਗਨ ਪਰੇਡ ਦੀ ਘਟਨਾ ਦੋ ਮਹੀਨੇ ਪਹਿਲਾ ਵਾਪਰੀ ਸੀ ਪਰ ਪਿਛਲੇ ਹਫ਼ਤੇ ਇਸ ਸਬੰਧੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਮਗਰੋਂ ਇਹ ਕੌਮੀ ਤੇ ਕੌਮਾਂਤਰੀ ਮਸਲਾ ਬਣ ਗਿਆ ਹੈ। ਪੁਲੀਸ ਨੇ ਇਸ ਮਾਮਲੇ ’ਚ ਕੁਝ ਗ੍ਰਿਫ਼ਤਾਰੀਆਂ ਵੀ ਕੀਤੀਆਂ ਹਨ। ਅਮਰੀਕਾ ਦੇ ਵਿਦੇਸ਼ ਵਿਭਾਗ ਦੇ ਬੁਲਾਰੇ ਨੇ ਇਸ ਘਟਨਾ ਨੂੰ ‘ਵਹਿਸ਼ੀਆਨਾ’ ਤੇ ‘ਖ਼ੌਫ਼ਨਾਕ’ ਕਰਾਰ ਦਿੰਦਿਆਂ ਪੀੜਤਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਨੇ ਭਾਰਤ ਨੂੰ ਮਨੀਪੁਰ ਹਿੰਸਾ ਦਾ ਹੱਲ ਸ਼ਾਂਤੀਪੂਰਨ ਢੰਗ ਨਾਲ ਤੇ ਗੱਲਬਾਤ ਰਾਹੀਂ ਕੱਢਣ ਲਈ ਕਿਹਾ ਹੈ ਅਤੇ ਅਧਿਕਾਰੀਆਂ ਨੂੰ ਸਾਰੇ ਵਰਗਾਂ, ਘਰਾਂ ਅਤੇ ਧਾਰਮਿਕ ਥਾਵਾਂ ਦੀ ਸੁਰੱਖਿਆ ਕਰਦਿਆਂ ਮਨੁੱਖੀ ਜ਼ਰੂਰਤਾਂ ਵੱਲ ਧਿਆਨ ਦੇਣ ਦੀ ਅਪੀਲ ਕੀਤੀ ਹੈ।

‘ਮਨੀਪੁਰ ਹਿੰਸਾ ਪੂਰੀ ਤਰ੍ਹਾਂ ਯੋਜਨਾਬੱਧ’
ਮੀਡੀਆ ਰਿਪੋਰਟਾਂ ਅਨੁਸਾਰ ਬਰਤਾਨਵੀ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਦੀ ਵਿਸ਼ੇਸ਼ ਦੂਤ ਤੇ ਸੰਸਦ ਮੈਂਬਰ ਫਿਓਨਾ ਬਰੂਸ ਨੇ ਮਨੀਪੁਰ ਦਾ ਮੁੱਦਾ ਹਾਊਸ ਆਫ ਕਾਮਨਜ਼ ’ਚ ਚੁੱਕਦਿਆਂ ਕਿਹਾ ਕਿ ਮਨੀਪੁਰ ਹਿੰਸਾ ਪਹਿਲਾਂ ਤੋਂ ਤੈਅ ਤੇ ਪੂਰੀ ਤਰ੍ਹਾਂ ਯੋਜਨਾਬੱਧ ਹੈ। ਉਨ੍ਹਾਂ ਦਾਅਵਾ ਕੀਤਾ ਕਿ ਮਨੀਪੁਰ ’ਚ ਹੁਣ ਤੱਕ ਸੈਂਕੜੇ ਚਰਚ ਸਾੜੇ ਜਾ ਚੁੱਕੇ ਹਨ ਤੇ ਇਸ ਮੁੱਦੇ ਦੀ ਖੁੱਲ੍ਹ ਕੇ ਰਿਪੋਰਟਿੰਗ ਨਹੀਂ ਹੋ ਰਹੀ। ਉਨ੍ਹਾਂ ਬੀਬੀਸੀ ਦੇ ਸਾਬਕਾ ਰਿਪੋਰਟਰ ਡੇਵਿਡ ਕੈਂਪਾਨੇਲ ਦੀ ਰਿਪੋਰਟ ਦੇ ਹਵਾਲੇ ਨਾਲ ਕਿਹਾ ਕਿ ਮਨੀਪੁਰ ’ਚ ਸੈਂਕੜੇ ਚਰਚ ਸਾੜੇ ਜਾਣ ਤੋਂ ਇਲਾਵਾ ਸੌ ਤੋਂ ਵੱਧ ਲੋਕ ਕਤਲ ਕੀਤੇ ਜਾ ਚੁੱਕੇ ਹਨ ਤੇ 50 ਹਜ਼ਾਰ ਤੋਂ ਵੱਧ ਲੋਕ ਬੇਘਰੇ ਹੋਏ ਹਨ। ਉਨ੍ਹਾਂ ਕਿਹਾ ਕਿ ਸਕੂਲਾਂ ਤੇ ਮਦਰੱਸਿਆਂ ਨੂੰ ਵੀ ਮਿੱਥ ਕੇ ਤੇ ਯੋਜਨਾਬੰਧ ਢੰਗ ਨਾਲ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਸੇ ਦੌਰਾਨ ਚਰਚ ਕਮਿਸ਼ਨਰਜ਼ ਦੇ ਨੁਮਾਇੰਦੇ ਤੇ ਸੰਸਦ ਮੈਂਬਰ ਐਂਡ੍ਰਿਊ ਸੇਲੌਸ ਨੇ ਕਿਹਾ ਕਿ ਇਹ ਰਿਪੋਰਟ ਆਰਚਬਿਸ਼ਪ ਦੇ ਧਿਆਨ ’ਚ ਲਿਆਂਦੀ ਜਾਵੇਗੀ।

Add a Comment

Your email address will not be published. Required fields are marked *