ਕੈਨੇਡਾ ‘ਚ ਰਿਕਾਰਡ ਮੀਂਹ ਮਗਰੋਂ ਆਇਆ ਹੜ੍ਹ

ਹੈਲੀਫੈਕਸ : ਕੈਨੇਡਾ ਵਿਚ ਪਿਛਲੇ ਦੋ ਦਿਨਾਂ ਤੋਂ ਰਿਕਾਰਡ ਮੀਂਹ ਕਾਰਨ ਨੋਵਾ ਸਕੋਸ਼ੀਆ ਦੇ ਐਟਲਾਂਟਿਕ ਤੱਟੀ ਸੂਬੇ ਦੇ ਵੱਡੇ ਹਿੱਸਿਆਂ ਵਿਚ ਅਚਾਨਕ ਹੜ੍ਹ ਆ ਗਿਆ, ਜਿਸ ਨਾਲ ਕਈ ਸੜਕਾਂ ਪਾਣੀ ਨਾਲ ਭਰ ਗਈਆਂ ਅਤੇ ਖੇਤਰ ਦੀ ਬਿਜਲੀ ਸਪਲਾਈ ਠੱਪ ਹੋ ਗਈ। ਹੜ੍ਹ ‘ਚ ਚਾਰ ਲੋਕਾਂ ਦੇ ਲਾਪਤਾ ਹੋਣ ਅਤੇ ਕਈ ਵਾਹਨਾਂ ਦੇ ਡੁੱਬ ਜਾਣ ਦੀ ਵੀ ਖ਼ਬਰ ਹੈ। 

ਰਾਇਲ ਕੈਨੇਡੀਅਨ ਮਾਊਂਟਿਡ ਪੁਲਸ ਦੀ ਬੁਲਾਰਨ ਸਿੰਡੀ ਬਾਇਰਸ ਨੇ ਕਿਹਾ ਕਿ ਹੈਲੀਫੈਕਸ ਦੇ ਉੱਤਰ ਵਿੱਚ ਵੈਸਟ ਹੈਂਟਸ ਵਿੱਚ ਦੋ ਵਾਹਨ ਡੁੱਬਣ ਕਾਰਨ ਦੋ ਬਾਲਗ ਅਤੇ ਦੋ ਬੱਚੇ ਸ਼ਨੀਵਾਰ ਸਵੇਰ ਤੋਂ ਲਾਪਤਾ ਹਨ। ਬੇਅਰਸ ਨੇ ਦੱਸਿਆ ਕਿ ਹੜ੍ਹ ਦੇ ਪਾਣੀ ‘ਚ ਡੁੱਬੇ ਕਾਰ ‘ਚ ਸਵਾਰ ਦੋ ਬੱਚੇ ਲਾਪਤਾ ਹੋ ਗਏ, ਜਦਕਿ ਤਿੰਨ ਹੋਰ ਸੁਰੱਖਿਅਤ ਬਾਹਰ ਨਿਕਲ ਗਏ। ਬੁਲਾਰਨ ਅਨੁਸਾਰ ਇੱਕ ਹੋਰ ਘਟਨਾ ਵਿੱਚ ਦੋ ਵਿਅਕਤੀ ਕਾਰ ਪਲਟਣ ਤੋਂ ਬਾਅਦ ਲਾਪਤਾ ਹਨ, ਜਦੋਂ ਕਿ ਵਾਹਨ ਵਿੱਚ ਸਵਾਰ ਦੋ ਹੋਰ ਵਿਅਕਤੀਆਂ ਨੂੰ ਬਚਾ ਲਿਆ ਗਿਆ। 

ਉਨ੍ਹਾਂ ਕਿਹਾ ਕਿ ਪੁਲਸ ਲਾਪਤਾ ਵਿਅਕਤੀਆਂ ਦੀ ਭਾਲ ਕਰ ਰਹੀ ਹੈ। ਸ਼ੁੱਕਰਵਾਰ ਦੁਪਹਿਰ ਨੂੰ ਹੈਲੀਫੈਕਸ ਵਿੱਚ ਭਾਰੀ ਮੀਂਹ ਸ਼ੁਰੂ ਹੋ ਗਿਆ। ਸ਼ਹਿਰ ਦੇ ਕੁਝ ਹਿੱਸਿਆਂ ਵਿੱਚ 200 ਮਿਲੀਮੀਟਰ ਤੋਂ ਵੱਧ ਮੀਂਹ ਪਿਆ, ਜਦਕਿ ਜੁਲਾਈ ਵਿੱਚ ਆਮ ਤੌਰ ‘ਤੇ 90 ਤੋਂ 100 ਮਿਲੀਮੀਟਰ ਮੀਂਹ ਪੈਂਦਾ ਹੈ। ਐਨਵਾਇਰਮੈਂਟ ਕੈਨੇਡਾ ਨੇ ਸ਼ਨੀਵਾਰ ਨੂੰ ਰਾਡਾਰ ਦੇ ਅਨੁਮਾਨਾਂ ਦੇ ਆਧਾਰ ‘ਤੇ ਕਿਹਾ ਕਿ ਅਗਲੇ 24 ਘੰਟਿਆਂ ‘ਚ ਕੁਝ ਇਲਾਕਿਆਂ ‘ਚ 300 ਮਿਲੀਮੀਟਰ ਤੋਂ ਜ਼ਿਆਦਾ ਮੀਂਹ ਪੈ ਸਕਦਾ ਹੈ।

Add a Comment

Your email address will not be published. Required fields are marked *