ਤਾਇਵਾਨ ਖਿਲਾਫ਼ ਚੀਨੀ ਫੌਜ ਦੀ ਮਸ਼ਕ ‘ਸਿੱਧੇ ਟਕਰਾਅ’ ਨੂੰ ਸੱਦਾ ਕਰਾਰ

ਨੌਮ ਪੇਨ (ਕੰਬੋਡੀਆ), 4 ਅਗਸਤ

ਦੱਖਣ-ਪੂਰਬੀ ਏਸ਼ਿਆਈ ਮੁਲਕਾਂ ਦੇ ਵਿਦੇਸ਼ ਮੰਤਰੀਆਂ ਨੇ ਤਾਇਵਾਨ ਨੂੰ ਲੈ ਕੇ ਵੱਡੀ ਫਿਕਰਮੰਦੀ ਜ਼ਾਹਿਰ ਕੀਤੀ ਹੈ। ਚੀਨ ਵੱਲੋਂ ਅੱਜ ਤਾਇਵਾਨ ਜਲਡਮਰੂ ਦੇ ਆਲੇ ਦੁਆਲੇ ਕੀਤੀ ਵੱਡੀ ਫੌਜੀ ਮਸ਼ਕ ਦਰਮਿਆਨ ਆਸੀਆਨ ਮੁਲਕਾਂ ਦੇ ਵਿਦੇਸ਼ ਮੰਤਰੀਆਂ ਨੇ ਚੇਤਾਵਨੀ ਦਿੱਤੀ ਕਿ ਮੌਜੂਦਾ ਹਾਲਾਤ ‘ਸਿੱਧੇ ਟਕਰਾਅ’ ਨੂੰ ਸੱਦਾ ਦੇਣ ਵਾਂਗ ਹਨ ਤੇ ਇਸ ਦੇ ਪ੍ਰਮੁੱਖ ਆਲਮੀ ਤਾਕਤਾਂ ਲਈ ‘ਅਸਾਧਾਰਨ ਸਿੱਟੇ’ ਹੋਣਗੇ। ਮੀਟਿੰਗ ਵਿੱਚ ਸ਼ਾਮਲ ਭਾਰਤ ਦੇ ਵਿਦੇਸ਼ ਮੰਤਰੀ ਐੱਸ.ਜੈਸ਼ੰਕਰ ਨੇ ਕਿਹਾ ਕਿ ਭਾਰਤ ਅਤੇ 10 ਮੁਲਕੀ ਸਮੂਹ ਆਸੀਆਨ ਹਿੰਦ-ਪ੍ਰਸ਼ਾਂਤ ਖਿੱਤੇ, ਅਤਿਵਾਦ ਦੇ ਟਾਕਰੇ ਅਤੇ ਯੂਕਰੇਨ ਤੇ ਮਿਆਂਮਾਰ ਦੇ ਮੌਜੂਦਾ ਘਟਨਾਕ੍ਰਮਾਂ ਨੂੰ ਲੈ ਕੇ ਇਕਮੱਤ ਤੇ ਇਸ ਦਿਸ਼ਾ ਵਿਚ ਮਿਲ ਕੇ ਕਦਮ ਪੁੱਟਣ ਲਈ ਤਿਆਰ ਹਨ।ਕੰਬੋਡੀਆ ਦੀ ਰਾਜਧਾਨੀ ਵਿੱਚ ਭਾਰਤ-ਆਸੀਆਨ ਮੰਤਰੀਆਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਜੈਸ਼ੰਕਰ ਨੇ ਕਿਹਾ ਕਿ ਭਾਰਤ ਅਤੇ ਦੱਖਣ-ਪੂਰਬੀ ਏਸ਼ਿਆਈ ਮੁਲਕਾਂ ਦੀ ਐਸੋਸੀਏਸ਼ਨ (ਆਸੀਆਨ) ਕੁਨੈਕਟੀਵਿਟੀ ਪ੍ਰਾਜੈਕਟਾਂ, ਕੋਵਿਡ-19 ਮਹਾਮਾਰੀ ਤੇ ਸਾਈਬਰ ਸੁਰੱਖਿਆ ਨਾਲ ਜੁੜੇ ਮੁੱਦਿਆਂ ਨਾਲ ਸਿੱਝਣ ਬਾਰੇ ਮਿਲਦਾ ਜੁਲਦਾ ਨਜ਼ਰੀਆ ਰੱਖਦੇ ਹਨ। ਜੈਸ਼ੰਕਰ ਨੇ ਟਵੀਟ ਕੀਤਾ, ‘‘ਨੋਮ ਪੈੱਨ ਵਿੱਚ ਆਸੀਆਨ-ਭਾਰਤ ਵਿਦੇਸ਼ ਮੰਤਰੀਆਂ ਦੀ ਮੀਟਿੰਗ ਉਸਾਰੂ ਰਹੀ। ਚੰਗੀ ਵਿਚਾਰ ਚਰਚਾ ਲਈ ਸਿੰਗਾਪੁਰ ਦੇ ਆਪਣੇ ਹਮਰੁਤਬਾ ਵਿਵੀਅਨ ਬਾਲਾ ਤੇ ਆਸੀਆਨ ਸਹਿਯੋਗੀਆਂ ਦਾ ਧੰਨਵਾਦ।’’ ਜੈਸ਼ੰਕਰ ਨੇ ਕਿਹਾ ਕਿ ਮੀਟਿੰਗ ਦੌਰਾਨ ਮੈਂਬਰ ਮੁਲਕਾਂ ਨੇ ਡਿਜੀਟਲ ਡੋਮੇਨ, ਸਿਹਤ, ਖੇਤੀ, ਸਿੱਖਿਆ ਤੇ ਗ੍ਰੀਨ ਗਰੋਥ ਜਿਹੇ ਖੇਤਰਾਂ ਦੀ ਪਛਾਣ ਕੀਤੀ, ਜੋ ਦੋਵਾਂ ਧਿਰਾਂ ਦਰਮਿਆਨ ਭਾਈਵਾਲੀ ਨੂੰ ਅੱਗੇ ਲਿਜਾਏਗੀ। ਸੂਤਰਾਂ ਮੁਤਾਬਕ ਭਾਰਤ-ਆਸੀਆਨ ਵਿਦੇਸ਼ ਮੰਤਰੀਆਂ ਦਾ ਸੰਵਾਦ ਹਿੰਦ-ਪ੍ਰਸ਼ਾਂਤ ਖਿੱਤੇ ਦੇ ਮੁਕੰਮਲ ਵਿਕਾਸ ਅਤੇ ਯੂਕਰੇਨ ਸੰਕਟ ਸਣੇ ਹੋਰਨਾਂ ਭੂ-ਸਿਆਸੀ ਘਟਨਾਵਾਂ ਦੇ ਪਿਛੋਕੜ ਵਿੱਚ ਸਬੰਧਾਂ ਨੂੰ ਹੋਰ ਵਧਾਉਣ ਦੇ ਢੰਗ ਤਰੀਕਿਆਂ ’ਤੇ ਕੇਂਦਰਤ ਸੀ। ਵਿਦੇਸ਼ ਮੰਤਰੀਆਂ ਨੇ ਦੱਖਣੀ ਚੀਨ ਸਾਗਰ ਵਿਚਲੇ ਹਾਲਾਤ ’ਤੇ ਵੀ ਚਰਚਾ ਕੀਤੀ, ਜਿੱਥੇ ਚੀਨ ਤੇਜ਼ੀ ਨਾਲ ਆਪਣਾ ਘੇਰਾ ਮੋਕਲਾ ਕਰਦਾ ਜਾ ਰਿਹਾ ਹੈ। ਮੰਤਰੀਆਂ ਨੇ ਦੱਖਣੀ ਚੀਨ ਸਾਗਰ ਖਿੱਤੇ ਵਿੱਚ ਸਾਗਰੀ ਪਾਣੀਆਂ ਬਾਰੇ ਕਾਨੂੰਨ ਲਈ ਯੂਐੱਨ ਕਨਵੈਨਸ਼ਨ ਦੇ ਸਿਧਾਂਤਾਂ ਦੇ ਪਾਲਣ ਦੀ ਲੋੜ ਉੱਤੇ ਵੀ ਜ਼ੋਰ ਦਿੱਤਾ।

Add a Comment

Your email address will not be published. Required fields are marked *