ਯੂਜ਼ਰ ਦੇ ਸਵਾਲ ’ਤੇ ਵਿਵੇਕ ਅਗਨੀਹੋਤਰੀ ਨੇ ਦਿੱਤਾ ਜਵਾਬ

ਮੁੰਬਈ – ਫ਼ਿਲਮ ਨਿਰਮਾਤਾ ਵਿਵੇਕ ਅਗਨੀਹੋਤਰੀ ਨੇ ਟਵਿਟਰ ’ਤੇ ਇਕ ਯੂਜ਼ਰ ਨੂੰ ਜਵਾਬ ਦਿੱਤਾ, ਜਿਸ ਨੇ ‘ਦਿ ਕਸ਼ਮੀਰ ਫਾਈਲਜ਼’ ਤੇ ‘ਦਿ ਤਾਸ਼ਕੰਦ ਫਾਈਲਜ਼’ ਦੀ ਸਫਲਤਾ ਤੋਂ ਬਾਅਦ ‘ਦਿ ਮਣੀਪੁਰ ਫਾਈਲਜ਼’ ਬਣਾਉਣ ਲਈ ਕਿਹਾ ਸੀ। ਦਰਅਸਲ ਵਿਵੇਕ ਅਗਨੀਹੋਤਰੀ ਨੇ ਕਸ਼ਮੀਰ ’ਚ ਹੋਏ ਕਤਲੇਆਮ ਬਾਰੇ ਪੋਸਟ ਕੀਤੀ ਸੀ। ਉਦੋਂ ਹੀ ਇਕ ਯੂਜ਼ਰ ਨੇ ਉਸ ਨੂੰ ਮਣੀਪੁਰ ਫਾਈਲਜ਼ ਬਣਾਉਣ ਲਈ ਕਿਹਾ। ਵਿਵੇਕ ਅਗਨੀਹੋਤਰੀ ਦੀ ਵੈੱਬ ਸੀਰੀਜ਼ ‘ਦਿ ਕਸ਼ਮੀਰ ਫਾਈਲਜ਼ ਅਨਰਿਪੋਰਟਿਡ’ ਦਾ ਟਰੇਲਰ ਸ਼ੁੱਕਰਵਾਰ ਨੂੰ ਰਿਲੀਜ਼ ਹੋਇਆ।

‘ਦਿ ਕਸ਼ਮੀਰ ਫਾਈਲਜ਼ ਅਨਰਿਪੋਰਟਿਡ’ ਬਾਰੇ ਗੱਲ ਕਰਦਿਆਂ ਵਿਵੇਕ ਅਗਨੀਹੋਤਰੀ ਨੇ ਸ਼ੁੱਕਰਵਾਰ ਨੂੰ ਪੋਸਟ ਕੀਤੀ, ਜਿਸ ’ਚ ਉਹ ਕਸ਼ਮੀਰੀ ਪੰਡਿਤਾਂ ’ਤੇ ਹੋ ਰਹੇ ਜ਼ੁਲਮਾਂ ਬਾਰੇ ਗੱਲ ਕਰਦੇ ਨਜ਼ਰ ਆਏ। ਵਿਵੇਕ ਨੇ ਟਵੀਟ ਕੀਤਾ, ‘‘ਭਾਰਤੀ ਨਿਆਂਪਾਲਿਕਾ ਕਸ਼ਮੀਰੀ ਹਿੰਦੂ ਨਸਲਕੁਸ਼ੀ ’ਤੇ ਅੰਨ੍ਹੀ ਤੇ ਚੁੱਪ ਰਹੀ। ਫਿਰ ਵੀ ਸਾਡੇ ਸੰਵਿਧਾਨ ’ਚ ਕੀਤੇ ਵਾਅਦੇ ਅਨੁਸਾਰ ਕਸ਼ਮੀਰੀ ਹਿੰਦੂਆਂ ਦੇ ਅਧਿਕਾਰਾਂ ਦੀ ਰਾਖੀ ਕਰਨ ’ਚ ਪੂਰੀ ਤਰ੍ਹਾਂ ਅਸਫਲ ਰਹੀ ਹੈ।’’

ਇਕ ਯੂਜ਼ਰ ਨੇ ਇਸ ਪੋਸਟ ’ਤੇ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਨੇ ਲਿਖਿਆ, ‘‘ਸਮਾਂ ਬਰਬਾਦ ਨਾ ਕਰੋ, ਜਾ ਕੇ ਫ਼ਿਲਮ ਮਣੀਪੁਰ ਫਾਈਲਜ਼ ਬਣਾਓ ਜੇਕਰ ਤੁਹਾਡੇ ’ਚ ਸੱਚਮੁੱਚ ਕੁਝ ਕਰਨ ਦੀ ਹਿੰਮਤ ਹੈ।’’ ਇਸ ਟਵੀਟ ਦਾ ਜਵਾਬ ਦਿੰਦਿਆਂ ਵਿਵੇਕ ਅਗਨੀਹੋਤਰੀ ਨੇ ਕਿਹਾ ਕਿ ਜੇਕਰ ਉਹ ਸਾਰੇ ਵਿਸ਼ਿਆਂ ’ਤੇ ਇਕ ਹੀ ਫ਼ਿਲਮ ਬਣਾਉਣਗੇ ਤਾਂ ਇੰਡਸਟਰੀ ਦੇ ਹੋਰ ਫ਼ਿਲਮ ਨਿਰਮਾਤਾ ਕੀ ਕਰਨਗੇ।

‘ਦਿ ਕਸ਼ਮੀਰ ਫਾਈਲਜ਼’ ਬਣਾਉਣ ਵਾਲੇ ਵਿਵੇਕ ਅਗਨੀਹੋਤਰੀ ਨੇ ਲਿਖਿਆ, ‘‘ਮੇਰੇ ’ਤੇ ਵਿਸ਼ਵਾਸ ਕਰਨ ਲਈ ਤੁਹਾਡਾ ਧੰਨਵਾਦ ਪਰ ਕੀ ਤੁਹਾਨੂੰ ਸਾਰੀਆਂ ਫ਼ਿਲਮਾਂ ਸਿਰਫ਼ ਮੇਰੇ ਵਲੋਂ ਹੀ ਮਿਲਣਗੀਆਂ? ਤੁਹਾਡੀ ‘ਭਾਰਤ ਟੀਮ’ ’ਚ ਕੋਈ ਫ਼ਿਲਮਸਾਜ਼ ਨਹੀਂ ਹੈ।’’

ਮਣੀਪੁਰ ’ਚ ਪਿਛਲੇ ਦੋ ਮਹੀਨਿਆਂ ਤੋਂ ਹਿੰਸਾ ਜਾਰੀ ਹੈ। ਕਬਾਇਲੀ ਦਰਜੇ ਨੂੰ ਲੈ ਕੇ ਕੂਕੀ ਭਾਈਚਾਰੇ ਤੇ ਮੇਤਈ ਭਾਈਚਾਰੇ ਵਿਚਾਲੇ 3 ਮਈ ਨੂੰ ਸੂਬੇ ’ਚ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਮੀਡੀਆ ਰਿਪੋਰਟਾਂ ਮੁਤਾਬਕ ਇਸ ਵਿਵਾਦ ’ਚ ਹੁਣ ਤੱਕ 150 ਤੋਂ ਵੱਧ ਲੋਕਾਂ ਦੀ ਜਾਨ ਜਾ ਚੁੱਕੀ ਹੈ ਤੇ 50 ਹਜ਼ਾਰ ਤੋਂ ਵੱਧ ਲੋਕ ਜ਼ਖ਼ਮੀ ਹੋ ਚੁੱਕੇ ਹਨ।

Add a Comment

Your email address will not be published. Required fields are marked *