5ਜੀ ਦੀ ਰਫਤਾਰ ਨਾਲ ਦੌੜਿਆ ਰਿਲਾਇੰਸ ਜੀਓ ਦਾ ਮੁਨਾਫਾ

ਨਵੀਂ ਦਿੱਲੀ – ਦੇਸ਼ ਦੀ ਸਭ ਤੋਂ ਵੱਡੀ ਟੈਲੀਕਾਮ ਕੰਪਨੀ ਰਿਲਾਇੰਸ ਜੀਓ ਦੇ ਤਿਮਾਹੀ ਨਤੀਜੇ ਸਾਹਮਣੇ ਆ ਗਏ ਹਨ। ਮੁਕੇਸ਼ ਅੰਬਾਨੀ ਦੀ ਰਿਲਾਇੰਸ ਦੇ ਮੁਨਾਫੇ ਵਿਚ ਪਿਛਲੇ ਸਾਲ ਦੇ ਮੁਕਾਬਲੇ 12.1 ਫੀਸਦੀ ਦਾ ਵਾਧਾ ਦੇਖਣ ਨੂੰ ਮਿਲਿਆ ਹੈ ਜਦ ਕਿ ਪਿਛਲੇ ਵਿੱਤੀ ਸਾਲ ਦੀ ਆਖਰੀ ਤਿਮਾਹੀ ਦੇ ਮੁਕਾਬਲੇ 3 ਫੀਸਦੀ ਤੋਂ ਜ਼ਿਆਦਾ ਦਾ ਵਾਧਾ ਦੇਖਣ ਨੂੰ ਮਿਲਿਆ ਹੈ। ਪਹਿਲਾਂ ਅਨੁਮਾਨ ਲਗਾਇਆ ਜਾ ਰਿਹਾ ਸੀ ਕਿ ਰਿਲਾਇੰਸ ਜੀਓ ਦੇ ਮੁਨਾਫੇ ’ਚ ਤੇਜ਼ੀ ਦੇਖਣ ਨੂੰ ਮਿਲ ਸਕਦੀ ਹੈ। ਜੀਓ ਤੋਂ ਬਾਅਦ ਰਿਲਾਇੰਸ ਰਿਟੇਲ ਅਤੇ ਰਿਲਾਇੰਸ ਇੰਡਸਟ੍ਰੀਜ਼ ਦੇ ਤਿਮਾਹੀ ਨਤੀਜੇ ਸਾਹਮਣੇ ਆਉਣਗੇ।

ਰਿਲਾਇੰਸ ਇੰਡਸਟ੍ਰੀਜ਼ ਦੇ ਟੈਲੀਕਾਮ ਡਿਵੀਜ਼ਨ, ਜੀਓ ਇੰਫੋਕਾਮ ਨੇ 21 ਜੁਲਾਈ ਨੂੰ ਜੂਨ ਵਿਚ ਸਮਾਪਤ ਤਿਮਾਹੀ ਦੇ ਨਤੀਜੇ ਜਾਰੀ ਕਰ ਦਿੱਤੇ ਹਨ। ਜੂਨ ਤਿਮਾਹੀ ’ਚ ਰਿਲਾਇੰਸ ਜੀਓ ਦਾ ਸਟੈਂਡਅਲੋਨ ਮੁਨਾਫਾ 4,863 ਕਰੋੜ ਰੁਪਏ ਦੇਖਣ ਨੂੰ ਮਿਲਿਆ ਹੈ ਜੋ ਕਿ ਸਾਲ-ਦਰ-ਸਾਲ 12.17 ਫੀਸਦੀ ਵੱਧ ਹੈ। ਜੇ ਇਸ ਦੀ ਪਿਛਲੀ ਤਿਮਾਹੀ ਨਾਲ ਤੁਲਣਾ ਕਰੀਏ ਤਾਂ ਕਾਫੀ ਫਰਕ ਦੇਖਣ ਨੂੰ ਮਿਲ ਰਿਹਾ ਹੈ। ਇਹ ਅੰਕੜਾ ਸਿਰਫ 3.11 ਫੀਸਦੀ ਤੱਕ ਬਣਦਾ ਹੈ। ਉੱਥੇ ਹੀ ਦੂਜੇ ਪਾਸੇ ਮਾਲੀਏ ਵਿਚ ਵੀ ਤੇਜ਼ੀ ਦੇਖਣ ਨੂੰ ਮਿਲੀ ਹੈ। ਅੰਕੜਿਆਂ ਦੀ ਮੰਨੀਏ ਤਾਂ ਕੰਪਨੀ ਦੇ ਮਾਲੀਏ ਵਿਚ ਸਾਲ-ਦਰ-ਸਾਲ 9.91 ਫੀਸਦੀ ਦੇ ਵਾਧੇ ਨਾਲ 24,042 ਕਰੋੜ ਰੁਪਏ ਰਿਹਾ। ਰਿਲਾਇੰਸ ਜੀਓ ਮੁਤਾਬਕ ਇਹ ਪਿਛਲੀ ਤਿਮਾਹੀ ਦੇ 23,394 ਕਰੋੜ ਰੁਪਏ ਦੇ ਮੁਕਾਬਲੇ ਸਿਰਫ 2.76 ਫੀਸਦੀ ਵਧਿਆ ਹੈ।

ਰਿਲਾਇੰਸ ਇੰਡਸਟ੍ਰੀਜ਼ ਲਿਮ. ਦਾ ਸ਼ੁੱਧ ਲਾਭ ਚਾਲੂ ਵਿੱਤੀ ਸਾਲ ਦੀ ਅਪ੍ਰੈਲ-ਜੂਨ ਤਿਮਾਹੀ ’ਚ 11 ਫੀਸਦੀ ਘਟ ਕੇ 16,011 ਕਰੋੜ ਰੁਪਏ ਰਿਹਾ। ਕੰਪਨੀ ਨੇ ਕਿਹਾ ਕਿ ਬੀਤੇ ਵਿੱਤੀ ਸਾਲ 2022-23 ਦੀ ਇਸੇ ਤਿਮਾਹੀ ਵਿਚ ਕੰਪਨੀ ਨੂੰ 17,955 ਕਰੋੜ ਰੁਪਏ ਦਾ ਸ਼ੁੱਧ ਲਾਭ ਹੋਇਆ ਸੀ। ਇਸ ਤੋਂ ਪਹਿਲਾਂ ਜਨਵਰੀ-ਮਾਰਚ 2023 ਵਿਚ ਕੰਪਨੀ ਦਾ ਸ਼ੁੱਧ ਲਾਭ ਰਿਕਾਰਡ 19,299 ਕਰੋੜ ਰੁਪਏ ਰਿਹਾ ਸੀ।

ਰਿਲਾਇੰਸ ਇੰਡਸਟ੍ਰੀਜ਼ ਦੀ ਸੰਚਾਲਨ ਆਮਦਨ ਵੀ ਚਾਲੂ ਵਿੱਤੀ ਸਾਲ ਦੀ ਅਪ੍ਰੈਲ-ਜੂਨ ਤਿਮਾਹੀ ’ਚ ਘਟ ਕੇ 2.1 ਲੱਖ ਕਰੋੜ ਰੁਪਏ ਹੋ ਗਈ। ਰਿਲਾਇੰਸ ਇੰਡਸਟ੍ਰੀਜ਼ ਦੀ ਆਮਦਨ ਵਿਚ ਕਮੀ ਹੋਣ ਦਾ ਮੁੱਖ ਕਾਰਣ ਕੱਚੇ ਤੇਲ ਦੇ ਰੇਟ ’ਚ ਗਿਰਾਵ ਅਤੇ ਡੀਜ਼ਲ ਵਰਗੇ ਈਂਧਨ ਦੇ ਮੁਨਾਫੇ ਦਾ ਘਟਣਾ ਹੈ।

ਰਿਲਾਇੰਸ ਸਮੂਹ ਦੇ ਨਤੀਜੇ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਬਾਜ਼ਾਰ ਬੰਦ ਹੋਣ ਤੋਂ ਬਾਅਦ ਅਾਏ ਹਨ। ਅਜਿਹੇ ’ਚ ਇਨ੍ਹਾਂ ਨਤੀਜਿਆਂ ਦਾ ਅਸਰ ਸੋਮਵਾਰ ਨੂੰ ਰਿਲਾਇੰਸ ਦੇ ਸ਼ੇਅਰਾਂ ’ਤੇ ਦਿਖਾਈ ਦੇ ਸਕਦਾ ਹੈ।

Add a Comment

Your email address will not be published. Required fields are marked *