RBI ਆਉਂਦੀ ਕਰੰਸੀ ਸਮੀਖਿਆ ’ਚ ਰੈਪੋ ਦਰ ਨੂੰ 6.5 ਫੀਸਦੀ ’ਤੇ ਹੀ ਰੱਖੇਗਾ : ਮਾਹਰ

ਮੁੰਬਈ – ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਇਸ ਹਫਤੇ ਦੇ ਅਖੀਰ ਵਿਚ ਪੇਸ਼ ਹੋਣ ਵਾਲੀ ਕਰੰਸੀ ਨੀਤੀ ਸਮੀਖਿਆ ਵਿਚ ਪ੍ਰਮੁੱਖ ਨੀਤੀਗਤ ਦਰ ਰੈਪੋ ਨੂੰ 6.5 ਫੀਸਦੀ ’ਤੇ ਜਿਉਂ ਦੀ ਤਿਉਂ ਰੱਖ ਸਕਦਾ ਹੈ। ਇਸ ਦਾ ਮਤਲਬ ਹੈ ਕਿ ਖੁਦਰਾ ਅਤੇ ਕਾਰਪੋਰੇਟ ਕਰਜ਼ਦਾਰਾਂ ਲਈ ਵਿਆਜ ਦਰਾਂ ਸਥਿਰ ਰਹਿ ਸਕਦੀਆਂ ਹਨ। ਮਾਹਰਾਂ ਨੇ ਇਹ ਰਾਏ ਪ੍ਰਗਟਾਈ ਹੈ।

ਰੂਸ-ਯੂਕ੍ਰੇਨ ਜੰਗ ਦੇ ਮੱਦੇਨਜ਼ਰ ਰਿਜ਼ਰਵ ਬੈਂਕ ਨੇ ਮਈ, 2022 ਵਿਚ ਨੀਤੀਗਤ ਦਰ ਵਧਾਉਣੀ ਸ਼ੁਰੂ ਕੀਤੀ ਸੀ ਅਤੇ ਇਸ ਸਾਲ ਫਰਵਰੀ ਵਿਚ ਇਹ 6.5 ਫੀਸਦੀ ’ਤੇ ਪੁੱਜ ਗਈ ਸੀ। ਇਸ ਤੋਂ ਬਾਅਦ ਲਗਾਤਾਰ ਪਿਛਲੀ ਤਿਮਾਹੀ ਕਰੰਸੀ ਨੀਤੀ ਸਮੀਖਿਆ ਬੈਠਕਾਂ ਵਿਚ ਨੀਤੀਗਤ ਦਰ ਨੂੰ ਸਥਿਰ ਰੱਖਿਆ ਗਿਆ। ਆਰ. ਬੀ. ਆਈ. ਗਵਰਨਰ ਸ਼ਕਤੀਕਾਂਤ ਦਾਸ ਦੀ ਪ੍ਰਧਾਨਗੀ ਵਾਲੀ 6 ਮੈਂਬਰੀ ਕਰੰਸੀ ਨੀਤੀ ਕਮੇਟੀ (ਐੱਮ. ਪੀ. ਸੀ.) ਦੀ 3 ਦਿਨ ਦੀ ਬੈਠਕ 4 ਅਕਤੂਬਰ ਨੂੰ ਸ਼ੁਰੂ ਹੋਵੇਗੀ।

ਬੈਠਕ ਦੇ ਨਤੀਜਿਆਂ ਦਾ ਐਲਾਨ ਸ਼ੁੱਕਰਵਾਰ (6 ਅਕਤੂਬਰ) ਨੂੰ ਹੋਵੇਗਾ। ਬੈਂਕ ਆਫ ਬੜੌਦਾ ਦੇ ਮੁੱਖ ਅਰਥ ਸ਼ਾਸਤਰੀ ਮਦਨ ਸਬਨਵੀਸ ਨੇ ਕਿਹਾ ਕਿ ਇਸ ਵਾਰ ਦੀ ਕਰੰਸੀ ਨੀਤੀ ਵਿਚ ਮੌਜੂਦਾ ਦਰ ਢਾਂਚੇ ਦੇ ਨਾਲ ਹੀ ਨੀਤੀਗਤ ਰੁਖ਼ ਦੇ ਜਾਰੀ ਰਹਿਣ ਦੀ ਸੰਭਾਵਨਾ ਹੈ। ਇਸ ਲਈ ਰੈਪੋ ਦਰ 6.5 ਫੀਸਦੀ ’ਤੇ ਬਰਕਰਾਰ ਰੱਖੀ ਜਾਵੇਗੀ।

ਉਨ੍ਹਾਂ ਕਿਹਾ ਕਿ ਖੁਦਰਾ ਮੁਦਰਾਸਫਿਤੀ ਹੁਣ ਵੀ 6.8 ਫੀਸਦੀ ਦੇ ਉੱਚ ਪੱਧਰ ’ਤੇ ਹੈ ਅਤੇ ਸਤੰਬਰ ਤੇ ਅਕਤੂਬਰ ਵਿਚ ਇਸ ਵਿਚ ਕਮੀ ਆਉਣ ਦੀ ਉਮੀਦ ਹੈ ਪਰ ਖਰੀਫ ਉਤਪਾਦਨ ਨੂੰ ਲੈ ਕੇ ਕੁਝ ਖਦਸ਼ੇ ਹਨ, ਜਿਸ ਨਾਲ ਕੀਮਤਾਂ ਵਧ ਸਕਦੀਆਂ ਹਨ। ਇਕਰਾ ਲਿਮਟਿਡ ਦੇ ਸੀਨੀਅਰ ਡਿਪਟੀ ਚੇਅਰਮੈਨ ਅਤੇ ਸਮੂਹ ਪ੍ਰਮੁੱਖ (ਵਿੱਤੀ ਖੇਤਰ ਰੇਟਿੰਗ) ਕਾਰਤਿਕ ਸ਼੍ਰੀਨਿਵਾਸ ਨੇ ਵੀ ਉਮੀਦ ਪ੍ਰਗਟਾਈ ਕਿ ਐੱਮ. ਪੀ. ਸੀ ਨੀਤੀਗਤ ਦਰ ਨੂੰ ਸਥਿਰ ਰੱਖੇਗੀ। ਉਨ੍ਹਾਂ ਕਿਹਾ ਕਿ ਸਤੰਬਰ ਦੇ ਦੂਜੇ ਪੰਦਰਵਾੜੇ ਵਿਚ ਨਕਦੀ ਵਿਚ ਜੋ ਸਖਤੀ ਦੇਖੀ ਗਈ, ਉਹ ਜਾਰੀ ਰਹਿਣ ਦੀ ਸੰਭਾਵਨਾ ਨਹੀਂ ਹੈ। ਖਾਸ ਕਰ ਕੇ ਪਿਛਲੀ ਨੀਤੀ ਸਮੀਖਿਆ ਵਿਚ ਲਾਗੂ ਕੀਤੀ ਗਈ ਵਧਦੀ ਸੀ.ਐੱਸ.ਆਰ. ਨਾਲ ਨਕਦੀ ਜਾਰੀ ਹੋਵੇਗੀ। ਰੀਅਲ ਅਸਟੇਟ ਕਾਰੋਬਾਰੀਆਂ ਦੀ ਬਾਡੀ ਨਾਰੇਡਕੋ ਦੇ ਚੇਅਰਮੈਨ ਰਾਜਨ ਬੰਦੇਲਕਰ ਨੇ ਕਿਹਾ ਕਿ ਅਕਤੂਬਰ ਐੱਮ. ਪੀ. ਸੀ. ਬੈਠਕ ਦੌਰਾਨ ਆਰ. ਬੀ. ਆਈ. ਦਾ ਉਦਾਰ ਰੁਖ਼ ਜਾਰੀ ਰਹਿਣ ਦੀ ਉਮੀਦ ਹੈ।

Add a Comment

Your email address will not be published. Required fields are marked *