2 ਕੁਇੰਟਲ ਤੋਂ ਵੱਧ ਦੀ ਸਕਵੈਟਸ ਲਗਾਉਂਦਿਆਂ ਬਾਡੀ ਬਿਲਡਰ ਦੀ ਟੁੱਟੀ ਧੌਣ

ਸਪੋਰਟਸ ਡੈਸਕ : ਇੰਡੋਨੇਸ਼ੀਆ ਦੇ ਬਾਲੀ ’ਚ ਜਿਮ ਲਗਾ ਰਿਹਾ ਬਾਡੀ ਬਿਲਡਰ ਜਸਟਿਨ ਵਿੱਕੀ ਹਾਦਸੇ ਦਾ ਸ਼ਿਕਾਰ ਹੋ ਗਿਆ। ਹਾਦਸੇ ’ਚ ਧੌਣ ਟੁੱਟਣ ਕਾਰਨ ਉਸ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਉਹ 208 ਕਿ. ਗ੍ਰਾ. ਦੀ ਸਕਵੈਟਸ ਲਗਾ ਰਿਹਾ ਸੀ। ਉੱਠਦੇ ਸਮੇਂ ਸਾਰਾ ਭਾਰ ਉਸ ਦੀ ਧੌਣ ’ਤੇ ਆ ਗਿਆ, ਜਿਸ ਨਾਲ ਇਹ ਟੁੱਟ ਗਈ। ਘਟਨਾ 15 ਜੁਲਾਈ ਦੀ ਹੈ। ਇਸ ਘਟਨਾ ਦੀ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੈ।

33 ਸਾਲ ਦੇ ਵਿੱਕੀ ਦੀ ਮੌਤ ਤੋਂ ਬਾਅਦ ਬਾਲੀ ਦੇ ਬਾਡੀ ਬਿਲਡਿੰਗ ਭਾਈਚਾਰੇ ਨੇ ਸ਼ੋਕ ਮਨਾਇਆ। ਉਸ ਦੇ ਦੋਸਤ ਗੇਦੇ ਸੁਤਾਰਿਆ ਨੇ ਕਿਹਾ ਕਿ ਵਿੱਕੀ ਇਕ ਚੰਗਾ ਇਨਸਾਨ, ਨਰਮ ਸੁਭਾਅ ਵਾਲਾ ਅਤੇ ਮਿਲਣਸਾਰ ਸੀ। ਉਹ ਹਮੇਸ਼ਾ ਜਿਮ ਬਾਰੇ ਗਿਆਨ ਸਾਂਝਾ ਕਰਦਾ ਸੀ। ਉਸ ਨੇ ਜਿਮ ’ਚ ਦੋਸਤਾਂ ਨੂੰ ਵੀ ਸਲਾਹ ਦਿੱਤੀ ਕਿ ਉਹ ਟ੍ਰੇਨਿੰਗ ਦੌਰਾਨ ਚੌਕਸ ਰਹਿਣ ਅਤੇ ਆਪਣੀ ਸਮਰੱਥਾ ਤੋਂ ਅੱਗੇ ਨਾ ਵਧਣ। ਸਿਰਫ ਅਸੀਂ ਹੀ ਆਪਣੀ ਸਮਰੱਥਾ ਨੂੰ ਮਾਪ ਸਕਦੇ ਹਾਂ। ਭਗਵਾਨ ਉਸ ਨੂੰ ਸ਼ਾਂਤੀ ਦੇਵੇ।

ਜਸਟਿਨ ਵਿੱਕੀ ਬਾਲੀ ਦੇ ‘ਦਿ ਪੈਰਾਡਾਈਜ਼’ ਜਿਮ ’ਚ ਇਕ ਬਾਡੀ ਬਿਲਡਰ, ਡਾਈਟ ਐਡਵਾਈਜ਼ਰ ਅਤੇ ਪਰਸਨਲ ਟ੍ਰੇਨਰ ਦੇ ਤੌਰ ’ਤੇ ਕੰਮ ਕਰਦਾ ਸੀ। ਉਹ ਸੋਸ਼ਲ ਮੀਡੀਆ ’ਤੇ ਕਾਫੀ ਮਸ਼ਹੂਰ ਸੀ। ਇੰਸਟਾਗ੍ਰਾਮ ’ਤੇ ਉਸ ਦੇ 30 ਹਜ਼ਾਰ ਤੋਂ ਜ਼ਿਆਦਾ ਪ੍ਰਸ਼ੰਸਕ ਹਨ। ਉਹ ਪਰਸਨਲ ਟ੍ਰੇਨਿੰਗ ’ਚ ਦਿੱਤੇ ਗਏ ‘ਪਿਆਰ ਅਤੇ ਜਨੂੰਨ’ ਲਈ ਪ੍ਰਸਿੱਧ ਸੀ।

ਇੰਡੋਨੇਸ਼ੀਆ ਦੀ ਬਾਡੀ ਬਿਲਡਿੰਗ ਐਸੋਸੀਏਸ਼ਨ ਨੇ ਵੀ ਘਟਨਾ ’ਤੇ ਸ਼ੋਕ ਜ਼ਾਹਿਰ ਕੀਤਾ। ਸੋਸ਼ਲ ਮੀਡੀਆ ’ਤੇ ਉਨ੍ਹਾਂ ਨੇ ਲਿਖਿਆ, ‘‘ਰੈਸਟ ਇਨ ਪੀਸ ਜਸਟਿਨ ਵਿੱਕੀ। ਤੁਸੀਂ ਸਾਡੀ ਬਾਡੀ ਬਿਲਡਿੰਗ ਸੋਸਾਇਟੀ ’ਚ ਹਮੇਸ਼ਾ ਯਾਦ ਕੀਤੇ ਜਾਓਗੇ। ਜ਼ਿਆਦਾ ਤੋਂ ਜ਼ਿਆਦਾ ਸਿਹਤ ਲਾਭਾਂ ਲਈ ਅਕਸਰ ਬਾਡੀ ਬਿਲਡਰ ਆਪਣੀਆਂ ਸਮਰੱਥਾਵਾਂ ਤੋਂ ਅੱਗੇ ਨਿਕਲ ਜਾਂਦੇ ਹਨ, ਜਿਸ ਦੇ ਖਤਰਨਾਕ ਨਤੀਜੇ ਭੁਗਤਣ ਨੂੰ ਮਿਲਦੇ ਹਨ। ਇਹ ਘਟਨਾ ਅਹਿਸਾਸ ਦੁਆਉਂਦੀ ਹੈ ਕਿ ਸਾਨੂੰ ਆਪਣੇ ਪੇਸ਼ੇ ’ਚ ਕਿੰਨੇ ਚੌਕਸ ਰਹਿਣ ਦੀ ਜ਼ਰੂਰਤ ਹੈ। ਖਤਰਨਾਕ ਸੱਟਾਂ ਦੀ ਰੋਕਥਾਮ ਲਈ ਜਾਗਰੂਕਤਾ ਬੇਹੱਦ ਜ਼ਰੂਰੀ ਹੈ। ਟਾਰਗੈੱਟ ਹਾਸਲ ਕਰਨ ਤੋਂ ਪਹਿਲਾਂ ਸਾਨੂੰ ਆਪਣੇ ਸਰੀਰ ਦੀ ਰੱਖਿਆ ਕਰਨੀ ਜ਼ਿਆਦਾ ਜ਼ਰੂਰੀ ਹੈ।

Add a Comment

Your email address will not be published. Required fields are marked *