ਮਣੀਪੁਰ ਕਾਂਡ : ਪ੍ਰਿਯੰਕਾ ਚੋਪੜਾ ਦਾ ਗੁੱਸਾ ਸੱਤਵੇਂ ਆਸਮਾਨ ‘ਤੇ

ਨਵੀਂ ਦਿੱਲੀ – ਮਣੀਪੁਰ ’ਚ ਕੂਕੀ-ਜੋਮੀ ਫਿਰਕੇ ਦੀਆਂ ਦੋ ਔਰਤਾਂ ਨੂੰ ਨਗਨ ਕਰਕੇ ਘੁੰਮਾਉਣ ਅਤੇ ਉਨ੍ਹਾਂ ਨਾਲ ਸੈਕਸ ਸ਼ੋਸ਼ਣ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ  ਵਿਵਾਦ ਲਗਾਤਾਰ ਵਧਦਾ ਜਾ ਰਿਹਾ ਹੈ। ਪਿਛਲੇ ਦਿਨੀਂ ਇਸ ਮਾਮਲੇ ‘ਤੇ ਕਈ ਬਾਲੀਵੁੱਡ ਸਿਤਾਰਿਆਂ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਸੀ। ਉਥੇ ਹੀ ਬਾਲੀਵੁੱਡ ਦੀ ਦੇਸੀ ਗਰਲ ਪ੍ਰਿਅੰਕਾ ਚੋਪੜਾ ਨੇ ਸੋਸ਼ਲ ਮੀਡੀਆ ‘ਤੇ ਇਕ ਪੋਸਟ ਸ਼ੇਅਰ ਕਰਦੇ ਹੋਏ ਔਰਤਾਂ ਨਾਲ ਹੋ ਰਹੇ ਇਸ ਸਲੂਕ ਦੀ ਰੱਜ ਕੇ ਨਿੰਦਿਆ ਕੀਤੀ। 

ਪ੍ਰਿਅੰਕਾ ਚੋਪੜਾ ਨੇ ਲਿਖਿਆ, “ਇਕ ਵੀਡੀਓ ਵਾਇਰਲ ਹੋਇਆ… ਇਸ ਘਿਨੌਣੇ ਅਪਰਾਧ ਦੇ 77 ਦਿਨ ਬੀਤਣ ਤੋਂ ਬਾਅਦ ਕਾਰਵਾਈ ਕੀਤੀ ਗਈ। ਭਾਵੇਂ ਕੋਈ ਵੀ ਤਰਕ ਜਾਂ ਵਜ੍ਹਾ ਹੋਵੇ, ਫਰਕ ਨਹੀਂ ਪੈਂਦਾ। ਔਰਤਾਂ ਨੂੰ ਖੇਡ ‘ਚ ਮੋਹਰੇ ਬਣਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਇਸ ਸਮੇਂ ਸਾਡੀ ਸ਼ਰਮਿੰਦਗੀ ਅਤੇ ਗੁੱਸਾ ਇੱਕੋ ਆਵਾਜ਼ ‘ਚ ਨਿਕਲਣਾ ਚਾਹੀਦਾ ਹੈ ਤੇ ਉਹ ਹੈ ਇਨਸਾਫ਼।”

ਆਲੀਆ ਭੱਟ ਨੇ ਇਸ ਵਿਵਾਦ ‘ਤੇ ਪ੍ਰਤੀਕਿਰਿਆ ਦਿੰਦਿਆਂ ਆਪਣੀ ਇੰਸਟਾ ਸਟੋਰੀ ‘ਚ ਲਿਖਿਆ, “ਔਰਤਾਂ ਨੂੰ ਸਿਰਫ ਮਾਂ, ਭੈਣ ਅਤੇ ਧੀ ਦੇ ਰੂਪ ‘ਚ ਸਤਿਕਾਰਿਆ ਜਾਣਾ ਚਾਹੀਦਾ ਹੈ, ਇਹ ਅਪਮਾਨਜਨਕ ਹੈ। ਔਰਤਾਂ ਮਨੁੱਖ ਹਨ ਅਤੇ ਉਨ੍ਹਾਂ ਕੋਲ ਬਰਾਬਰ ਦੀ ਨਾਗਰਿਕਤਾ ਹੈ ਅਤੇ ਇਸ ਲਈ ਉਨ੍ਹਾਂ ਨੂੰ ਸੁਰੱਖਿਆ ਅਤੇ ਸਨਮਾਨ ਦੋਵਾਂ ਦਾ ਅਧਿਕਾਰ ਹੈ। ਇਹ ਸਨਮਾਨ ਅਤੇ ਨਿਮਰਤਾ ਦਾ ਮਾਮਲਾ ਨਹੀਂ ਹੈ, ਇਹ ਅਧਿਕਾਰਾਂ ਦਾ ਮਾਮਲਾ ਹੈ।”

ਮਣੀਪੁਰ ‘ਚ ਹੋਈ ਇਸ ਘਟਨਾ ‘ਤੇ ਅਕਸ਼ੈ ਕੁਮਾਰ ਨੇ ਵੀ ਆਪਣਾ ਗੁੱਸਾ ਜ਼ਾਹਰ ਕੀਤਾ ਸੀ। ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲੀ ਇਸ ਘਟਨਾ ‘ਤੇ ਪ੍ਰਤੀਕਿਰਿਆ ਦੇਣ ਵਾਲੇ ਉਹ ਸਭ ਤੋਂ ਪਹਿਲੇ ਸਟਾਰ ਸਨ। ਉਨ੍ਹਾਂ ਲਿਖਿਆ ਮਣੀਪੁਰ ‘ਚ ਔਰਤਾਂ ‘ਤੇ ਹਿੰਸਾ ਦੀ ਵੀਡੀਓ ਦੇਖ ਕੇ ਹਿੱਲ ਗਿਆ, ਘਬਰਾਹਟ ਹੋ ਰਹੀ ਹੈ। ਮੈਨੂੰ ਉਮੀਦ ਹੈ ਕਿ ਦੋਸ਼ੀਆਂ ਨੂੰ ਅਜਿਹੀ ਸਖ਼ਤ ਸਜ਼ਾ ਮਿਲੇਗੀ ਕਿ ਕੋਈ ਵੀ ਇਸ ਤਰ੍ਹਾਂ ਦੀ ਘਿਨਾਉਣੀ ਹਰਕਤ ਕਰਨ ਬਾਰੇ ਕਦੇ ਨਹੀਂ ਸੋਚੇਗਾ।

ਦੱਸਣਯੋਗ ਹੈ ਕਿ ਵੀਡੀਓ ਵਾਇਰਲ ਹੋਣ ਦੇ ਇਕ ਦਿਨ ਬਾਅਦ ਪੀੜਤਾਂ ਦੇ ਬਿਆਨ ਵੀ ਸਾਹਮਣੇ ਆਏ ਹਨ। ਮੀਡੀਆ ਨਾਲ ਗੱਲਬਾਤ ’ਚ ਇਕ ਪੀੜਤਾ ਨੇ ਦਿਲ ਦਹਿਲਾ ਦੇਣ ਵਾਲੀ ਆਪ-ਬੀਤੀ ਸੁਣਾਈ ਹੈ। ਉਨ੍ਹਾਂ ਦੋਸ਼ ਲਾਇਆ ਹੈ ਕਿ ਪੁਲਸ ਵੀ ਭੀੜ ਨਾਲ ਮਿਲ ਗਈ ਸੀ ਅਤੇ ਸਾਨੂੰ ਦਰਿੰਦਿਆਂ ਕੋਲ ਇਕੱਲਾ ਛੱਡ ਕੇ ਮੂਕ ਦਰਸ਼ਕ ਬਣੀ ਰਹੀ। ਇਸ ਸਬੰਧ ’ਚ 18 ਮਈ ਨੂੰ ਦਰਜ ਕੀਤੀ ਗਈ ਇਕ ਸ਼ਿਕਾਇਤ ’ਚ ਪੀੜਤਾਂ ਨੇ ਇਹ ਵੀ ਦੋਸ਼ ਲਾਇਆ ਸੀ ਕਿ 20 ਸਾਲਾ ਔਰਤ ਨਾਲ ਦਿਨ-ਦਹਾੜੇ ਬੇਰਹਿਮੀ ਨਾਲ ਸਮੂਹਿਕ ਜਬਰ-ਜ਼ਨਾਹ ਕੀਤਾ ਗਿਆ। ਮੀਡੀਆ ਨਾਲ ਫੋਨ ’ਤੇ ਗੱਲਬਾਤ ਦੌਰਾਨ ਪੀੜਤ ਔਰਤ ਨੇ ਕਿਹਾ ਕਿ ਪੁਲਸ ਉਸ ਭੀੜ ਨਾਲ ਮਿਲੀ ਹੋਈ ਸੀ, ਜੋ ਸਾਡੇ ਪਿੰਡ ’ਤੇ ਹਮਲਾ ਕਰ ਰਹੀ ਸੀ।

ਉਨ੍ਹਾਂ ਕਿਹਾ ਕਿ ਥੌਬਲ ਪੁਲਸ ਨੇ ਸਾਨੂੰ ਘਰ ਦੇ ਕੋਲੋਂ ਚੁੱਕਿਆ ਅਤੇ ਪਿੰਡ ਤੋਂ ਥੋੜ੍ਹੀ ਦੂਰ ਲਿਜਾ ਕੇ ਭੀੜ ਦੇ ਕੋਲ ਸੜਕ ’ਤੇ ਛੱਡ ਦਿੱਤਾ। ਸਾਨੂੰ ਪੁਲਸ ਨੇ ਦਰਿੰਦਿਆਂ ਨੂੰ ਸੌਂਪ ਦਿੱਤਾ ਸੀ। ਸ਼ਿਕਾਇਤ ’ਚ ਪੀੜਤ ਔਰਤਾਂ ਨੇ ਕਿਹਾ ਸੀ ਕਿ ਇਸ ਘਟਨਾ ’ਚ ਪਿੰਡ ਦੇ ਪੰਜ ਲੋਕ ਸ਼ਾਮਲ ਸਨ। ਵੀਡੀਓ ’ਚ ਵਿਖਾਈ ਦੇਣ ਵਾਲੀਆਂ 2 ਔਰਤਾਂ ਤੋਂ ਇਲਾਵਾ ਇਕ 50 ਸਾਲਾ ਹੋਰ ਔਰਤ ਵੀ ਸੀ, ਜਿਸ ਨੂੰ ਕਥਿਤ ਤੌਰ ’ਤੇ ਨਗਨ ਕਰ ਦਿੱਤਾ ਗਿਆ ਸੀ ਅਤੇ ਸਭ ਤੋਂ ਛੋਟੀ ਔਰਤ ਦੇ ਪਿਤਾ ਅਤੇ ਭਰਾ ਸਨ। ਦੋਸ਼ ਹੈ ਕਿ ਉਨ੍ਹਾਂ ਨੂੰ ਦਰਿੰਦਿਆਂ ਦੀ ਭੀੜ ਨੇ ਮਾਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਸਾਰੇ ਲੋਕਾਂ ਦੇ ਮਾਰੇ ਜਾਣ ਤੋਂ ਬਾਅਦ ਉਹ ਜਾਨ ਬਚਾਉਣ ਲਈ ਦੌੜ ਰਹੇ ਸਨ।

Add a Comment

Your email address will not be published. Required fields are marked *