ਹੋਮਗਾਰਡ ਵੱਲੋਂ ਅਫਸਰਾਂ ’ਤੇ ਪੈਸੇ ਲੈ ਕੇ ਮੁਲਜ਼ਮ ਛੱਡਣ ਦੇ ਦੋਸ਼

ਭੋਗਪੁਰ, 21 ਜੁਲਾਈ- ਥਾਣਾ ਭੋਗਪੁਰ ਦੇ ਹੋਮਗਾਰਡ ਮੁਲਾਜ਼ਮ ਹਰਦੇਵ ਸਿੰਘ ਨੇ ਥਾਣੇ ਦੇ ਹੀ ਉੱਚ ਪੁਲੀਸ ਅਧਿਕਾਰੀਆਂ ’ਤੇ ਉਸ (ਹਰਦੇਵ ਸਿੰਘ) ਵੱਲੋਂ ਫੜੇ ਸਮਾਜ ਵਿਰੋਧੀ ਅਨਸਰਾਂ ਨੂੰ ਰਿਸ਼ਵਤ ਲੈ ਕੇ ਛੱਡਣ ਦੇ ਗੰਭੀਰ ਦੋਸ਼ ਲਾਏ ਹਨ। ਉਸ ਨੇ ਕੌਮੀ ਮਾਰਗ ’ਤੇ ਲੰਮਾ ਪੈ ਕੇ ਕੁਝ ਮਿੰਟ ਆਵਾਜਾਈ ਰੋਕ ਕੇ ਰੋਸ ਜਤਾਇਆ। ਇਸ ਤੋਂ ਬਾਅਦ ਪੁਲੀਸ ਮੁਲਾਜ਼ਮਾਂ ਨੇ ਉਸ ਨੂੰ ਜ਼ਬਰਦਸਤੀ ਕੌਮੀ ਮਾਰਗ ਤੋਂ ਉਠਾਇਆ।
ਹਰਦੇਵ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸ਼ਹਿਰ ਵਿੱਚ ਕੌਮੀ ਮਾਰਗ ’ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੋਗਪੁਰ ਦੇ ਸਾਹਮਣੇ 50 ਦੇ ਕਰੀਬ ਸਮਾਜ ਵਿਰੋਧੀ ਅਨਸਰ ਹੱਥਾਂ ਵਿੱਚ ਤੇਜ਼ਧਾਰ ਹਥਿਆਰਾਂ ਲੈ ਕੇ ਪੁੱਜੇ ਅਤੇ ਇੱਕ ਸਕੂਲ ਵਿੱਚ ਪੜ੍ਹਦੇ ਲੜਕੇ ਨੂੰ ਜ਼ਖ਼ਮੀ ਕੀਤਾ ਜਦਕਿ ਉਸ ਨੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਦਿਆਂ ਸ਼ਰਾਰਤੀ ਅਨਸਰਾਂ ਨੂੰ ਉੱਥੋਂ ਭਜਾਉਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਸ਼ਰਾਰਤੀ ਅਨਸਰਾਂ ਨੇ ਉਸ ਦੀ ਸਰਕਾਰੀ ਵਰਦੀ ਵੀ ਪਾੜੀ ਤੇ ਕੁੱਟਮਾਰ ਕੀਤੀ। ਉਸ ਨੇ ਉਨ੍ਹਾਂ ’ਚੋਂ ਤਿੰਨ ਜਣਿਆਂ ਨੂੰ ਹਥਿਆਰਾਂ ਅਤੇ ਮੋਟਰਸਾਈਕਲਾਂ ਸਮੇਤ ਥਾਣਾ ਭੋਗਪੁਰ ਦੀ ਪੁਲੀਸ ਹਵਾਲੇ ਕੀਤਾ ਪਰ ਪੁਲੀਸ ਅਧਿਕਾਰੀਆਂ ਨੇ ਕੇਸ ਦਰਜ ਕਰਨ ਦੀ ਬਜਾਏ ਰਿਸ਼ਵਤ ਲੈ ਕੇ ਸਾਰੇ ਕਥਿਤ ਦੋਸ਼ੀ ਛੱਡ ਦਿੱਤੇ।
ਥਾਣਾ ਮੁਖੀ ਇੰਸਪੈਕਟਰ ਸੁਖਜੀਤ ਸਿੰਘ ਨੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਮੌਕੇ ਦਾ ਗਵਾਹ ਨਾ ਹੋਣ ਕਰਕੇ ਤੇ ਲਿਖਤੀ ਸ਼ਿਕਾਇਤ ਨਾ ਆਉਣ ਕਰਕੇ 107/151 ਦੀ ਕਾਰਵਾਈ ਕੀਤੀ ਗਈ ਹੈ। ‘ਆਪ’ ਆਗੂ ਜੀਤ ਲਾਲ ਭੱਟੀ ਨੇ ਕਿਹਾ ਕਿ ਇਸ ਸਬੰਧੀ ਹਰਦੇਵ ਸਿੰਘ ਮੁਲਜ਼ਮਾਂ ਦੇ ਨਾਂ ਲਿਖਵਾਏ ਕਾਨੂੰਨੀ ਕਾਰਵਾਈ ਜ਼ਰੂਰ ਹੋਵੇਗੀ। ਕਾਂਗਰਸੀ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਨੇ ਕਿਹਾ ਕਿ ਹੁਣ ਭਗਵੰਤ ਮਾਨ ਸਰਕਾਰ ਦੀਆਂ ਭ੍ਰਿਸ਼ਟਾਚਾਰ ਵਿਰੋਧੀ ਨੀਤੀਆਂ ਸਾਹਮਣੇ ਆ ਗਈਆਂ ਹਨ।

Add a Comment

Your email address will not be published. Required fields are marked *