ਅਕਸ਼ੈ ਵੱਲੋਂ ਮਨੀਪੁਰ ਦੀਆਂ ਮਹਿਲਾਵਾਂ ਨਾਲ ਹਮਦਰਦੀ ਦਿਖਾਏ ਜਾਣ ਮਗਰੋਂ ਭੜਕੇ ਲੋਕ

ਚੰਡੀਗੜ੍ਹ, 20 ਜੁਲਾਈ- ਮਨੀਪੁਰ ’ਚ ਦੋ ਔਰਤਾਂ ਨਾਲ ਕੀਤੀ ਗਈ ਬਦਸਲੂਕੀ ਮਗਰੋਂ ਅਦਾਕਾਰ ਅਕਸ਼ੈ ਕੁਮਾਰ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਟਵੀਟ ਕਰਕੇ ਕਿਹਾ,‘‘ਮਨੀਪੁਰ ਵਿੱਚ ਔਰਤਾਂ ਖ਼ਿਲਾਫ਼ ਹਿੰਸਾ ਦੀ ਵੀਡੀਓ ਦੇਖ ਕੇ ਹਿੱਲ ਗਿਆ ਹਾਂ। ਮੈਂ ਨਿਰਾਸ਼ ਹਾਂ। ਮੈਂ ਉਮੀਦ ਕਰਦਾ ਹਾਂ ਕਿ ਦੋਸ਼ੀਆਂ ਨੂੰ ਅਜਿਹੀ ਸਖ਼ਤ ਸਜ਼ਾ ਮਿਲੇਗੀ ਕਿ ਕੋਈ ਵੀ ਇਸ ਤਰ੍ਹਾਂ ਦੀ ਭਿਆਨਕ ਹਰਕਤ ਕਰਨ ਬਾਰੇ ਕਦੇ ਨਾ ਸੋਚੇ।’’ ਟਵੀਟ ਮਗਰੋਂ ਅਕਸ਼ੈ ਬੁਰੀ ਤਰ੍ਹਾਂ ਟਰੌਲ ਹੋ ਗਿਆ। ਖੁਸ਼ਵੰਤ ਸਿੰਘ ਨਾਮ ਦੇ ਇੱਕ ਵਿਅਕਤੀ ਨੇ ਲਿਖਿਆ,‘‘ਕਾਸ਼ ਤੁਸੀਂ ਪਹਿਲਾਂ ਬੋਲਦੇ! ਇਹ ਸਭ ਰਸੂਖਦਾਰਾਂ ਦੀ ਚੁੱਪ ਦਾ ਨਤੀਜਾ ਹੈ। ਫਿਰ ਵੀ, ਜ਼ਿੰਦਗੀ ਦੇ ਹਰ ਵਰਗ ਦੇ ਲੋਕਾਂ ਵੱਲੋਂ ਇਸ ਖ਼ੌਫਨਾਕ ਘਟਨਾ ਖ਼ਿਲਾਫ਼ ਬੋਲਦਿਆਂ ਦੇਖਣਾ ਖੁਸ਼ੀ ਦੀ ਗੱਲ ਹੈ।’’ ਸ਼ਾਂਤਨੂ ਮੰਨਾ ਨਾਮ ਦੇ ਇਕ ਹੋਰ ਵਿਅਕਤੀ ਨੇ ਟਵੀਟ ਕੀਤਾ,‘‘ਆਖਰਕਾਰ ਹਰ ਹਸਤੀ ਨੂੰ ਘਟਨਾ ’ਤੇ ਟਵੀਟ ਕਰਨ ਦੀ ਇਜਾਜ਼ਤ ਮਿਲ ਹੀ ਗਈ ਹੈ।’’ ਟਵਿੱਟਰ ਵਰਤੋਂਕਾਰ ਰਿਜ਼ਵਾਨ ਖ਼ਾਨ ਨੇ ਕਿਹਾ,‘‘ਸਰ ਆਪ ਆਮ ਚੂਸ ਕੇ ਖਾਤੇ ਹੋ ਯਾ ਕਾਟ ਕਰ। ਅਗਰ ਹਮਾਰੇ ਹਿੰਦੁਸਤਾਨ ਕੇ ਲੋਗੋਂ ਕੇ ਲੀਏ ਥੋੜਾ ਭੀ ਸੱਚਾ ਪਿਆਰ ਹੈ ਤੋ ਮੋਦੀ ਜੀ ਸੇ ਪੁਛੀਏ ਟਵੀਟ ਕਰਕੇ, ਇਤਨੇ ਦਿਨ ਵੋਹ ਮਨੀਪੁਰ ਹਿੰਸਾ ਪੇ ਚੁਪ ਕਿਉਂ ਰਹੇ।’’ ਸਾਗਰ ਜਿਉਰਕਰ ਨਾਮ ਦੇ ਇਕ ਹੋਰ ਵਿਅਕਤੀ ਨੇ ਅਕਸ਼ੈ ਕੁਮਾਰ ਨੂੰ ਤਨਜ਼ ਕੀਤਾ ਕਿ ਉਹ ਨਾਮ ਦਾ ‘ਖਿਲਾੜੀ’ ਹੈ।
ਉਧਰ ਅਦਾਕਾਰਾ-ਸਿਆਸਤਦਾਨ ਉਰਮਿਲਾ ਮਾਤੋਂਡਕਰ ਨੇ ਕਿਹਾ ਕਿ ਮਈ ’ਚ ਵਾਪਰੀ ਘਟਨਾ ’ਤੇ ਕਿਸੇ ਨੇ ਕੋਈ ਕਾਰਵਾਈ ਨਾ ਕੀਤੀ ਜੋ ਖ਼ੌਫ਼ਨਾਕ ਗੱਲ ਹੈ। ਉਨ੍ਹਾਂ ਕਿਹਾ ਕਿ ਸੱਤਾ ਦੇ ਨਸ਼ੇ ’ਚ ਚੂਰ ਲੋਕਾਂ, ਉਨ੍ਹਾਂ ਦੇ ਤਲਵੇ ਚੱਟਣ ਵਾਲਾ ਮੀਡੀਆ ਅਤੇ ਖਾਮੋਸ਼ ਹਸਤੀਆਂ ਲਈ ਇਹ ਬਹੁਤ ਵੱਡੀ ਸ਼ਰਮਨਾਕ ਘਟਨਾ ਹੈ। ਇਸੇ ਤਰ੍ਹਾਂ ਅਦਾਕਾਰਾ ਕਿਆਰਾ ਅਡਵਾਨੀ ਨੇ ਟਵੀਟ ਕਰਕੇ ਕਿਹਾ ਕਿ ਔਰਤਾਂ ਨੂੰ ਫੌਰੀ ਨਿਆਂ ਮਿਲਣ ਦੀ ਉਹ ਪ੍ਰਾਰਥਨਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜ਼ਿੰਮੇਵਾਰ ਵਿਅਕਤੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ। ਅਦਾਕਾਰ ਸੰਜੈ ਦੱਤ ਨੇ ਕਿਹਾ ਕਿ ਮਨੀਪੁਰ ’ਚ ਔਰਤਾਂ ਨਾਲ ਬਦਸਲੂਕੀ ਦਾ ਵੀਡੀਓ ਠੇਸ ਪਹੁੰਚਾਉਣ ਵਾਲਾ ਹੈ। ਉਨ੍ਹਾਂ ਕਿਹਾ ਕਿ ਦੋਸ਼ੀਆਂ ਨੂੰ ਅਜਿਹੀ ਮਿਸਾਲੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਜਿਸ ਨੂੰ ਦੇਖ ਕੇ ਕੋਈ ਹੋਰ ਅਜਿਹੀ ਹਰਕਤ ਕਰਨ ਦੀ ਗੁਸਤਾਖ਼ੀ ਨਾ ਕਰੇ। ਅਦਾਕਾਰਾ ਰਿਚਾ ਚੱਢਾ ਨੇ ਘਟਨਾ ਨੂੰ ਸ਼ਰਮਨਾਕ, ਖ਼ੌਫ਼ਨਾਕ ਅਤੇ ਕਾਨੂੰਨ ਰਹਿਤ ਕਰਾਰ ਦਿੱਤਾ। ਰੇਣੂਕਾ ਸ਼ਹਾਨੇ ਨੇ ਸਵਾਲ ਕੀਤਾ ਕਿ ਕੀ ਮਨੀਪੁਰ ’ਚ ਵਧੀਕੀਆਂ ਨੂੰ ਰੋਕਣ ਲਈ ਕੋਈ ਹੈ ਜਾਂ ਨਹੀਂ। ਸ਼ਹਾਨੇ ਨੇ ਟਵੀਟ ਕੀਤਾ ਕਿ ਦੋ ਮਹਿਲਾਵਾਂ ਨਾਲ ਸਬੰਧਤ ਪ੍ਰੇਸ਼ਾਨ ਕਰਨ ਵਾਲੇ ਵੀਡੀਓ ਨੇ ਜੇਕਰ ਨਹੀਂ ਝੰਜੋੜਿਆ ਹੈ ਤਾਂ ਕਿਸੇ ਨੂੰ ਭਾਰਤੀ ਜਾਂ ਇੰਡੀਅਨ ਤਾਂ ਛੱਡੋ ਮਨੁੱਖ ਅਖਵਾਉਣ ਦਾ ਵੀ ਕੋਈ ਹੱਕ ਨਹੀਂ ਹੈ। ਗਾਇਕ ਤੇ ਸੰਗੀਤਕਾਰ ਵਿਸ਼ਾਲ ਡਡਲਾਨੀ ਨੇ ਕਿਹਾ ਕਿ ਉਨ੍ਹਾਂ (ਪ੍ਰਧਾਨ ਮੰਤਰੀ) ਦੀ ਖਾਮੋਸ਼ੀ ’ਤੇ ਸਵਾਲ ਪੁੱਛਣਾ ਬੰਦ ਕਰੋ ਕਿਉਂਕਿ ਅਜਿਹੇ ਲੋਕਾਂ ਨੇ ਹੀ ਮਨੀਪੁਰ ’ਚ ਖ਼ੌਫ਼ਨਾਕ ਮਾਹੌਲ ਬਣਾਇਆ ਹੈ ਅਤੇ ਉਹ ਤੁਹਾਡੇ ਬੋਲਣ ’ਤੇ ਪਾਬੰਦੀ ਵੀ ਲਗਾਉਂਦੇ ਹਨ। ਅਦਾਕਾਰ ਰਿਤੇਸ਼ ਦੇਸ਼ਮੁਖ ਨੇ ਕਿਹਾ ਕਿ ਇਹ ਔਰਤਾਂ ਦੀ ਇੱਜ਼ਤ ’ਤੇ ਨਹੀਂ ਸਗੋਂ ਮਨੁੱਖਤਾ ’ਤੇ ਹਮਲਾ ਹੈ। ਫਿਲਮਸਾਜ਼ ਵਿਵੇਕ ਅਗਨੀਹੋਤਰੀ ਨੇ ਟਵੀਟ ਕੀਤਾ ਕਿ ਸਾਡਾ ਅਸਭਿਅਕ ਸਮਾਜ ਹੈ।

Add a Comment

Your email address will not be published. Required fields are marked *