ਦੇਸ਼ ਦੀ ਨੌਜਵਾਨ ਪੀੜ੍ਹੀ ਦਾ ਦਿਮਾਗ ਖ਼ਰਾਬ ਕਰ ਰਹੀ ਏਕਤਾ ਕਪੂਰ, ਸੁਪਰੀਮ ਕੋਰਟ ਨੇ ਕੀਤੀ ਨਿੰਦਿਆ

ਨਵੀਂ ਦਿੱਲੀ –ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਨਿਰਮਾਤਾ ਏਕਤਾ ਕਪੂਰ ਦੀ ਵੈੱਬ ਸੀਰੀਜ਼ ‘ਐਕਸ ਐਕਸ ਐਕਸ’ ’ਚ ਇਤਰਾਜ਼ਯੋਗ ਸਮੱਗਰੀ ਨੂੰ ਲੈ ਕੇ ਉਸ ਨੂੰ ਝਾੜ ਲਾਈ ਤੇ ਕਿਹਾ ਕਿ ਏਕਤਾ ਕਪੂਰ ਦੇਸ਼ ਦੀ ਨੌਜਵਾਨ ਪੀੜ੍ਹੀ ਦੇ ਦਿਮਾਗ ਨੂੰ ਖ਼ਰਾਬ ਕਰ ਰਹੀ ਹੈ। ਸੁਪਰੀਮ ਕੋਰਟ ਉਸ ਪਟੀਸ਼ਨ ’ਤੇ ਸੁਣਵਾਈ ਕਰ ਰਹੀ ਸੀ, ਜਿਸ ’ਚ ਉਸ ਦੇ ਓ. ਟੀ. ਟੀ. ਪਲੇਟਫਾਰਮ ‘ਆਲਟ ਬਾਲਾਜੀ’ ’ਤੇ ਪ੍ਰਸਾਰਿਤ ਵੈੱਬ ਸੀਰੀਜ਼ ’ਚ ਫੌਜੀਆਂ ਦਾ ਕਥਿਤ ਤੌਰ ’ਤੇ ਅਪਮਾਨ ਕਰਨ ਤੇ ਉਨ੍ਹਾਂ ਦੇ ਪਰਿਵਾਰਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ’ਚ ਉਸ ਖ਼ਿਲਾਫ਼ ਜਾਰੀ ਗ੍ਰਿਫ਼ਤਾਰੀ ਵਾਰੰਟ ਨੂੰ ਚੁਣੌਤੀ ਦਿੱਤੀ ਗਈ ਸੀ।

ਜਸਟਿਸ ਅਜੇ ਰਸਤੋਗੀ ਤੇ ਜਸਟਿਸ ਰਵੀ ਕੁਮਾਰ ਦੀ ਬੈਂਚ ਨੇ ਕਿਹਾ ਕਿ ਕੁਝ ਕਰਨਾ ਹੋਵੇਗਾ। ਤੁਸੀਂ ਇਸ ਦੇਸ਼ ਦੀ ਨੌਜਵਾਨ ਪੀੜ੍ਹੀ ਦਾ ਦਿਮਾਗ ਖ਼ਰਾਬ ਕਰ ਰਹੇ ਹੋ। ਓ. ਟੀ. ਟੀ. ਸਮੱਗਰੀ ਸਾਰਿਆਂ ਲਈ ਉਪਲੱਬਧ ਹੈ। ਤੁਸੀਂ ਲੋਕਾਂ ਨੂੰ ਕਿਸ ਤਰ੍ਹਾਂ ਦਾ ਬਦਲ ਦੇ ਰਹੇ ਹੋ? ਤੁਸੀਂ ਨੌਜਵਾਨਾਂ ਦੇ ਦਿਮਾਗ ਨੂੰ ਪ੍ਰਦੂਸ਼ਿਤ ਕਰ ਰਹੇ ਹੋ। ਏਕਤਾ ਕਪੂਰ ਵਲੋਂ ਪੇਸ਼ ਹੋਏ ਸੀਨੀਅਰ ਵਕੀਲ ਮੁਕੁਲ ਰੋਹਤਗੀ ਨੇ ਕਿਹਾ ਕਿ ਪਟਨਾ ਹਾਈ ਕੋਰਟ ’ਚ ਪਟੀਸ਼ਨ ਦਾਇਰ ਕੀਤੀ ਗਈ ਸੀ ਪਰ ਉਮੀਦ ਨਹੀਂ ਕਿ ਮਾਮਲਾ ਜਲਦ ਹੀ ਸੁਣਵਾਈ ਲਈ ਸੂਚੀਬੱਧ ਹੋਵੇਗਾ।

ਸੁਪਰੀਮ ਕੋਰਟ ਨੇ ਪਹਿਲਾਂ ਵੀ ਇਸੇ ਤਰ੍ਹਾਂ ਦੇ ਮਾਮਲੇ ’ਚ ਏਕਤਾ ਨੂੰ ਸੁਰੱਖਿਆ ਦਿੱਤੀ ਸੀ। ਸੀਰੀਜ਼ ਦੀ ਸਮੱਗਰੀ ਸਬਸਕ੍ਰਿਪਸ਼ਨ ਆਧਾਰਿਤ ਹੈ। ਇਸ ’ਤੇ ਅਦਾਲਤ ਨੇ ਪੁੱਛਿਆ ਕਿ ਲੋਕਾਂ ਨੂੰ ਕਿਸ ਤਰ੍ਹਾਂ ਦਾ ਬਦਲ ਦਿੱਤਾ ਜਾ ਰਿਹਾ ਹੈ। ਹਰ ਵਾਰ ਤੁਸੀਂ ਇਸ ਅਦਾਲਤ ’ਚ ਆਉਂਦੇ ਹੋ, ਅਸੀਂ ਇਸ ਦੀ ਕਦਰ ਨਹੀਂ ਕਰਦੇ। ਅਜਿਹੀ ਪਟੀਸ਼ਨ ਦਾਇਰ ਕਰਨ ਲਈ ਅਸੀਂ ਤੁਹਾਨੂੰ ਜੁਰਮਾਨਾ ਲਾਵਾਂਗੇ।

ਸੁਪਰੀਮ ਕੋਰਟ ਨੇ ਕਿਹਾ, ‘‘ਸ਼੍ਰੀਮਾਨ ਰੋਹਤਗੀ ਜੀ, ਕਿਰਪਾ ਕਰਕੇ ਆਪਣੇ ਮੁਵਕਿਲ ਨੂੰ ਇਹ ਦੱਸ ਦਿਓ। ਸਿਰਫ਼ ਇਸ ਲਈ ਕਿ ਤੁਸੀਂ ਚੰਗੇ ਵਕੀਲ ਦੀਆਂ ਸੇਵਾਵਾਂ ਲੈ ਸਕਦੇ ਹੋ, ਇਹ ਅਦਾਲਤ ਉਨ੍ਹਾਂ ਲਈ ਨਹੀਂ ਹੈ, ਜਿਨ੍ਹਾਂ ਕੋਲ ਆਵਾਜ਼ ਹੈ। ਇਹ ਅਦਾਲਤ ਉਨ੍ਹਾਂ ਲਈ ਕੰਮ ਕਰਦੀ ਹੈ, ਜਿਨ੍ਹਾਂ ਕੋਲ ਆਵਾਜ਼ ਨਹੀਂ ਹੈ। ਜਿਨ੍ਹਾਂ ਲੋਕਾਂ ਕੋਲ ਹਰ ਤਰ੍ਹਾਂ ਦੀਆਂ ਸਹੂਲਤਾਂ ਹਨ, ਜੇ ਉਨ੍ਹਾਂ ਨੂੰ ਇਨਸਾਫ਼ ਨਹੀਂ ਮਿਲ ਸਕਦਾ ਤਾਂ ਆਮ ਆਦਮੀ ਦੀ ਹਾਲਤ ਬਾਰੇ ਸੋਚੋ।’’

ਸੁਪਰੀਮ ਕੋਰਟ ਨੇ ਮਾਮਲੇ ਨੂੰ ਪੈਂਡਿੰਗ ਰੱਖਿਆ ਤੇ ਸੁਝਾਅ ਦਿੱਤਾ ਕਿ ਹਾਈ ਕੋਰਟ ’ਚ ਸੁਣਵਾਈ ਦੀ ਸਥਿਤੀ ਬਾਰੇ ਜਾਣਨ ਲਈ ਸਥਾਨਕ ਵਕੀਲ ਨੂੰ ਲਾਇਆ ਜਾ ਸਕਦਾ ਹੈ।

Add a Comment

Your email address will not be published. Required fields are marked *