ਵਿੱਕੀ ਕੌਸ਼ਲ ਦੇ ਪਿਤਾ ਸ਼ਾਮ ਕੌਸ਼ਲ ਨੇ ਬਣਾ ਲਿਆ ਸੀ ਆਤਮ ਹੱਤਿਆ ਕਰਨ ਦਾ ਮਨ, ਖ਼ੁਦ ਬਿਆਨ ਕੀਤਾ ਦਰਦ

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰ ਵਿੱਕੀ ਕੌਸ਼ਲ ਦੇ ਪਿਤਾ ਸ਼ਾਮ ਕੌਸ਼ਲ ਨੂੰ ਇੰਡਸਟਰੀ ’ਚ ਕੰਮ ਕਰਦਿਆਂ 42 ਸਾਲ ਪੂਰੇ ਹੋ ਗਏ ਹਨ। ‘ਦੰਗਲ’, ‘ਪਦਮਾਵਤ’, ‘ਗੈਂਗਸ ਆਫ ਵਾਸੇਪੁਰ’ ਤੇ ‘ਗੰਗੂਬਾਈ ਕਾਠੀਆਵਾੜੀ’ ਤਕ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ’ਤੇ ਕੰਮ ਕੀਤਾ ਹੈ।

ਫ਼ਿਲਮ ਇੰਡਸਟਰੀ ’ਚ ਆਪਣੇ 4 ਦਹਾਕੇ ਪੂਰੇ ਕਰਨ ’ਤੇ ਉਨ੍ਹਾਂ ਕਿਹਾ ਕਿ ਇਸ ਲਈ ਉਹ ਲੋਕਾਂ ਨੂੰ ਤੇ ਭਗਵਾਨ ਨੂੰ ਧੰਨਵਾਦ ਅਦਾ ਕਰਦੇ ਹਨ। ਇਕ ਪੋਰਟਲ ਨਾਲ ਗੱਲਬਾਤ ’ਚ ਸ਼ਾਮ ਕੌਸ਼ਲ ਨੇ ਪਹਿਲੀ ਵਾਰ ਕੈਂਸਰ ਨਾਲ ਆਪਣੀ ਲੜਾਈ ’ਤੇ ਵੀ ਗੱਲਬਾਤ ਕੀਤੀ।

ਸ਼ਾਮ ਨੇ ਦੱਸਿਆ ਕਿ ਸਤੰਬਰ, 2003 ’ਚ ਜਦੋਂ ਉਹ ਲੱਦਾਖ ’ਚ ਰਿਤਿਕ ਰੌਸ਼ਨ ਦੀ ਫ਼ਿਲਮ ‘ਲਕਸ਼ਯ’ ਦੀ ਸ਼ੂਟਿੰਗ ਕਰਕੇ ਵਾਪਸ ਆਏ ਤਾਂ ਉਨ੍ਹਾਂ ਦੇ ਢਿੱਡ ’ਚ ਦਰਦ ਹੋਣ ਲੱਗੀ। ਸ਼ਿਆਮ ਬੇਨੇਗਲ ਦੀ ਫ਼ਿਲਮ ‘ਨੇਤਾਜੀ ਸੁਭਾਸ਼ਚੰਦਰ ਬੋਸ’ ਦੇ ਸ਼ੂਟ ’ਤੇ ਜਦੋਂ ਦੀਵਾਲੀ ਦੀ ਛੁੱਟੀ ਹੋਈ ਤਾਂ ਉਨ੍ਹਾਂ ਦੇ ਢਿੱਡ ’ਚ ਮੁੜ ਤੇਜ਼ ਦਰਦ ਉਠੀ।

ਨਾਨਾਵਤੀ ਹਸਪਤਾਲ ’ਚ ਚੈੱਕਅੱਪ ਦੌਰਾਨ ਉਨ੍ਹਾਂ ਦੇ ਢਿੱਡ ਦਾ ਆਪ੍ਰੇਸ਼ਨ ਹੋਇਆ ਤੇ ਫਿਰ ਕਈ ਸਮੱਸਿਆਵਾਂ ਹੋ ਗਈਆਂ। ਸ਼ਾਮ ਕੌਸ਼ਲ ਨੇ ਦੱਸਿਆ ਕਿ ਇਕ ਵਾਰ ਉਨ੍ਹਾਂ ਦਾ ਅਪੈਂਡਿਕਸ ਦਾ ਆਪ੍ਰੇਸ਼ਨ ਹੋਇਆ ਸੀ, ਉਦੋਂ ਨਾਨਾ ਪਾਟੇਕਰ ਉਨ੍ਹਾਂ ਦੇ ਨਾਲ ਗਏ ਸਨ। ਇਸ ਵਾਰ ਉਹ ਹਸਪਤਾਲ ਗਏ ਤਾਂ ਡਾਕਟਰਾਂ ਨੇ ਮੁੜ ਤੋਂ ਨਾਨਾ ਨੂੰ ਬੁਲਾ ਲਿਆ। ਸ਼ਾਮ ਦੇ ਢਿੱਡ ’ਚ ਇਨਫੈਕਸ਼ਨ ਹੋ ਗਈ ਸੀ। ਇਸ ਵਿਚਾਲੇ ਡਾਕਟਰਾਂ ਨੇ ਉਨ੍ਹਾਂ ਦੇ ਢਿੱਡ ਦਾ ਜਦੋਂ ਇਕ ਸੈਂਪਲ ਟੈਸਟ ਕਰਨ ਲਈ ਭੇਜਿਆ ਤਾਂ ਢਿੱਡ ’ਚ ਕੈਂਸਰ ਹੋਣ ਦੀ ਗੱਲ ਸਾਹਮਣੇ ਆਈ।

ਸ਼ਾਮ ਕੌਸ਼ਲ ਨੇ ਦੱਸਿਆ ਕਿ ਉਹ ਇੰਨੇ ਪ੍ਰੇਸ਼ਾਨ ਹੋ ਗਏ ਸਨ ਕਿ ਆਤਮ ਹੱਤਿਆ ਕਰਨ ਬਾਰੇ ਸੋਚਣ ਲੱਗੇ ਸਨ। ਉਨ੍ਹਾਂ ਦੱਸਿਆ, ‘‘ਮੈਨੂੰ ਲੱਗਾ ਕਿ ਮੇਰੇ ਬਚਣ ਦਾ ਕੋਈ ਚਾਂਸ ਨਹੀਂ ਹੈ। ਮੈਂ ਇਹ ਵੀ ਤੈਅ ਕਰ ਲਿਆ ਸੀ ਕਿ ਮੈਂ ਤੀਜੀ ਮੰਜ਼ਿਲ ਤੋਂ ਛਾਲ ਮਾਰ ਕੇ ਆਪਣੀ ਜ਼ਿੰਦਗੀ ਖ਼ਤਮ ਕਰ ਲਵਾਂਗਾ ਪਰ ਮੈਂ ਬੈੱਡ ਤੋਂ ਨਹੀਂ ਉਠ ਸਕਦਾ ਸੀ ਕਿਉਂਕਿ ਢਿੱਡ ਦਾ ਆਪ੍ਰੇਸ਼ਨ ਹੋਇਆ ਸੀ। ਮੈਂ ਭਗਵਾਨ ਨੂੰ ਕਿਹਾ ਕਿ ਕਿਰਪਾ ਕਰਕੇ ਇਹ ਸਭ ਖ਼ਤਮ ਕਰੋ। ਮੈਨੂੰ ਕੋਈ ਪਛਤਾਵਾ ਨਹੀਂ ਹੈ। ਮੈਂ ਛੋਟੇ ਜਿਹੇ ਪਿੰਡ ਤੋਂ ਆਇਆ ਤੇ ਤੁਹਾਡੀ ਕਿਰਪਾ ਨਾਲ ਮੈਂ ਇਕ ਚੰਗੀ ਜ਼ਿੰਦਗੀ ਕੱਟੀ। ਜੇਕਰ ਤੁਸੀਂ ਮੈਨੂੰ ਬਚਾਉਣਾ ਚਾਹੁੰਦੇ ਹੋ ਤਾਂ ਮੈਨੂੰ ਕਮਜ਼ੋਰ ਨਾ ਬਣਾਓ। ਇਸ ਤੋਂ ਬਾਅਦ ਮੈਨੂੰ ਸ਼ਾਂਤੀ ਮਿਲੀ।’’

Add a Comment

Your email address will not be published. Required fields are marked *