ਯੂਰਪ ‘ਚ ਔਸਤ ਨਾਲੋਂ ਦੁੱਗਣੀ ਹੋ ਰਹੀ ਹੈ ਗਰਮੀ

ਰੋਮ – ਦੁਨੀਆ ਦੇ ਜਿਸ ਹਿੱਸੇ ਵਿਚ ਵੀ ਜੀਵਨ ਹੈ, ਉਹ ਹਿੱਸਾ ਕਦੇ ਨਾ ਕਦੇ ਕੁਦਰਤੀ ਕਹਿਰ ਦਾ ਸ਼ਿਕਾਰ ਹੋ ਰਿਹਾ ਹੈ, ਜਿਸ ਕਾਰਨ ਲੋਕਾਂ ਦਾ ਜਨ-ਜੀਵਨ ਵੱਡੇ ਪੱਧਰ ਦੇ ਪ੍ਰਭਾਵਿਤ ਹੋ ਰਿਹਾ ਹੈ। ਇਸ ਨੂੰ ਕੁਦਰਤ ਦੀ ਕਰੋਪੀ ਹੀ ਮੰਨਿਆ ਜਾ ਸਕਦਾ ਹੈ ਕਿ ਜੀਵਨ ਵਾਲੇ ਧਰਤੀ ਦੇ ਹਿੱਸੇ ਕਦੇ ਹੜ੍ਹਾਂ ਦੇ ਪਾਣੀ ਦੀ ਮਾਰ, ਕਦੇ ਸੋਕੇ ਦੀ ਮਾਰ ਤੇ ਕਦੇ ਕੁਦਰਤੀ ਅੱਗ ਨਾਲ ਹੋਈ ਤਬਾਹੀ ਨੂੰ ਝੱਲਣ ਲਈ ਬੇਵੱਸ ਹਨ।

ਪੂਰੀ ਦੁਨੀਆ ਵਿਚ ਬਦਲ ਰਿਹਾ ਜਲਵਾਯੂ ਲੋਕਾਂ ਲਈ ਜਾਨ ਦਾ ਖੌਅ ਬਣ ਰਿਹਾ ਹੈ। ਯੂਰਪ ਵੀ ਇਸ ਤਬਾਹੀ ਤੋਂ ਬਚ ਨਹੀਂ ਸਕਿਆ। ਜੇਕਰ ਗੱਲ ਸਿਰਫ ਪਿਛਲੀਆਂ ਗਰਮੀਆਂ ਦੀ ਹੀ ਕੀਤੀ ਜਾਵੇ ਤਾਂ 2022 ਦੌਰਾਨ ਸੂਰਜ ਦੀ ਤਪਿਸ਼ ਭਾਵ ਤੇਜ਼ ਲੂ, ਗਰਮੀ, ਗਰਮ ਹਵਾਵਾਂ ਯੂਰਪ ਭਰ ’ਚ 61,000 ਤੋਂ ਵੱਧ ਜ਼ਿੰਦਗੀਆਂ ਲਈ ਕਾਲ ਬਣੀਆਂ, ਜਦਕਿ ਯੂਰਪੀਅਨ ਦੇਸ਼ਾਂ ਵਿਚ ਸਭ ਤੋਂ ਵੱਧ ਇਟਲੀ ’ਚ 18,000 ਤੋਂ ਵੱਧ ਲੋਕਾਂ ਦੀ ਮੌਤ ਹੋਈ। ਇਹ ਮੌਤਾਂ ਸਿਰਫ਼ ਗਰਮੀ ਦੇ ਪ੍ਰਭਾਵ ਕਾਰਨ ਹੋਈਆਂ। ਇਸ ਗੱਲ ਦਾ ਖੁਲਾਸਾ ਬਾਰਸੀਲੋਨਾ ਇੰਸਟੀਚਿਊਟ ਫਾਰ ਗਲੋਬਲ ਹੈਲਥ ਅਤੇ ਫਰਾਂਸ ਦੀ ਸਿਹਤ ਖੋਜ ਸੰਸਥਾ ਨੈਸ਼ਨਲ ਇੰਸਟੀਚਿਊਟ ਆਫ਼ ਹੈਲਥ ਐਂਡ ਮੈਡੀਕਲ ਰਿਸਰਚ ਦੀ ਜਾਂਚ ਨੇ ਕੀਤਾ, ਜਿਹੜਾ ਕਿ ਪ੍ਰਸਿੱਧ ਮੈਗਜ਼ੀਨ ਮੈਡੀਸਨ ਜਨਰਲ ਵਿਚ ਪ੍ਰਕਾਸ਼ਿਤ ਹੋਇਆ ਹੈ।

ਇਸ ਜਾਂਚ ਅਨੁਸਾਰ ਹੀ ਇਹ ਗੱਲ ਸਾਹਮਣੇ ਆਈ ਹੈ ਕਿ 2022 ਦੀ 30 ਮਈ ਤੋਂ 4 ਸਤੰਬਰ ਤੱਕ ਯੂਰਪ ਭਰ ਵਿਚ ਗਰਮੀ ਦੇ ਪ੍ਰਭਾਵ ਕਾਰਨ 61,672 ਲੋਕਾਂ ਦੀ ਮੌਤ ਹੋਈ। ਅਧਿਐਨ ਅਨੁਸਾਰ ਸਿਰਫ਼ 18-24 ਜੁਲਾਈ 2022 ਦੌਰਾਨ ਹੀ 11,600 ਤੋਂ ਵੱਧ ਮੌਤਾਂ ਸੂਰਜ ਦੀ ਤਪਿਸ਼ ਕਾਰਨ ਹੋਈਆਂ। ਇਟਲੀ ਵਿਚ ਜਿੱਥੇ ਗਰਮੀ ਨੇ 18,000 ਤੋਂ ਵੱਧ ਲੋਕਾਂ ਨੂੰ ਮੌਤ ਦੇ ਘਾਟ ਉਤਾਰਿਆ, ਉੱਥੇ ਹੀ ਸਪੇਨ ਵਿਚ 11,324 ਲੋਕਾਂ ਨੂੰ ਤੇ ਜਰਮਨ ਵਿਚ 8,173 ਲੋਕਾਂ ਨੂੰ ਗਰਮੀ ਕਾਰਨ ਜਾਨ ਤੋਂ ਹੱਥ ਧੋਣੇ ਪਏ। ਇਸ ਤੋਂ ਪਹਿਲਾਂ 2003 ਵਿਚ ਸੂਰਜ ਦੀ ਤਪਿਸ਼ 70,000 ਤੋਂ ਵੱਧ ਲੋਕਾਂ ਲਈ ਕਾਲ ਬਣੀ ਸੀ।
ਵਿਸ਼ਲੇਸ਼ਣ ਵਿਚ ਕਿਹਾ ਗਿਆ ਹੈ ਕਿ ਗਰਮੀ ਕਾਰਨ ਮਰਨ ਵਾਲੇ ਲੋਕਾਂ ਵਿਚ 80 ਸਾਲ ਤੋਂ ਵਧੇਰੇ ਉਮਰ ਦੇ ਲੋਕ ਹਨ, ਉਨ੍ਹਾਂ ਵਿਚ ਵੀ 63 ਫੀਸਦੀ ਔਰਤਾਂ ਸ਼ਾਮਲ ਹਨ। ਜਲਵਾਯੂ ’ਚ ਬਦਲਾਅ ਕਾਰਨ ਯੂਰਪ ਔਸਤ ਨਾਲੋਂ ਦੁੱਗਣਾ ਗਰਮ ਹੋ ਰਿਹਾ ਹੈ, ਜਿਸ ਪ੍ਰਤੀ ਸਭ ਨੂੰ ਸੰਜੀਦਾ ਹੋਣ ਦੀ ਸਖ਼ਤ ਲੋੜ ਹੈ। ਜੇਕਰ ਯੂਰਪ ਦੇ ਸ਼ੁੱਭਚਿੰਤਕਾਂ ਨੇ ਯੂਰਪ ਨੂੰ ਠੰਡਾ ਕਰਨ ਲਈ ਕੋਈ ਗੰਭੀਰਤਾ ਨਾ ਦਿਖਾਈ ਤਾਂ 2030 ਤੱਕ ਯੂਰਪ ਭਰ ਵਿਚ ਗਰਮੀਆਂ ਦੌਰਾਨ ਗਰਮੀ ਦੇ ਪ੍ਰਭਾਵ ਕਾਰਨ 68,000 ਤੋਂ ਵੱਧ ਲੋਕਾਂ ਲਈ ਹੋਣੀ ਕਾਲ ਬਣਨਾ ਸ਼ੁਰੂ ਕਰ ਦੇਵੇਗੀ। ਜੇ ਹਾਲਾਤ ਇਹੀ ਰਹੇ ਤਾਂ 2040 ਤੱਕ ਗਰਮੀ ਨਾਲ ਜੁੜੀਆਂ ਮੌਤਾਂ ਦੀ ਗਿਣਤੀ 94,000 ਤੇ 2050 ਤੱਕ ਗਰਮੀ ਨਾਲ ਜੁੜੀਆਂ ਮੌਤਾਂ ਦੀ ਗਿਣਤੀ 1,20,000 ਤੋਂ ਵੀ ਵੱਧ ਹੋ ਸਕਦੀ ਹੈ, ਜੋ ਕਿ ਮਨੁੱਖ ਲਈ ਵਿਨਾਸ਼ਕ ਕਾਰਵਾਈ ਹੋਵੇਗੀ।

Add a Comment

Your email address will not be published. Required fields are marked *