ਪੀਵੀ ਸਿੰਧੂ ਨੇ ਹਾਸਲ ਕੀਤੀ ਸਭ ਤੋਂ ਖਰਾਬ ਰੈਂਕਿੰਗ

ਨਵੀਂ ਦਿੱਲੀ— ਉਤਰਾਅ-ਚੜ੍ਹਾਅ ਵਾਲੀ ਫਾਰਮ ‘ਚ ਚੱਲ ਰਹੀ ਦੋ ਵਾਰ ਦੀ ਓਲੰਪਿਕ ਤਮਗਾ ਜੇਤੂ ਪੀਵੀ ਸਿੰਧੂ ਮੰਗਲਵਾਰ ਨੂੰ ਜਾਰੀ ਤਾਜ਼ਾ ਬੀਡਬਲਯੂਐੱਫ ਵਿਸ਼ਵ ਰੈਂਕਿੰਗ ‘ਚ ਪੰਜ ਸਥਾਨ ਦੇ ਨੁਕਸਾਨ ਦੇ ਨਾਲ 17ਵੇਂ ਸਥਾਨ ‘ਤੇ ਪਹੁੰਚ ਗਈ ਹੈ। ਸੱਟ ਕਾਰਨ ਪੰਜ ਮਹੀਨੇ ਦੇ ਬ੍ਰੇਕ ਤੋਂ ਬਾਅਦ ਵਾਪਸੀ ਕਰਨ ਵਾਲੀ ਸਿੰਧੂ ਇਸ ਸੀਜ਼ਨ ‘ਚ ਅਜੇ ਤੱਕ ਇਕ ਵੀ ਖਿਤਾਬ ਨਹੀਂ ਜਿੱਤ ਸਕੀ ਹੈ। ਵਿਸ਼ਵ ਦੀ ਸਾਬਕਾ ਨੰਬਰ ਦੋ ਖਿਡਾਰਨ ਸਿੰਧੂ ਨੂੰ ਰਾਸ਼ਟਰਮੰਡਲ ਖੇਡਾਂ 2022 ‘ਚ ਖਿਤਾਬ ਜਿੱਤਣ ਦੌਰਾਨ ਗਿੱਟੇ ‘ਚ ਫ੍ਰੈਕਚਰ ਹੋ ਗਿਆ ਸੀ। ਉਸ ਕੋਲ ਇਸ ਸਮੇਂ 14 ਟੂਰਨਾਮੈਂਟਾਂ ‘ਚ 49,480 ਅੰਕ ਹਨ।

ਸਿੰਧੂ ਦੀ ਇਹ ਇਕ ਦਹਾਕੇ ਤੋਂ ਵੱਧ ਸਮੇਂ ‘ਚ ਸਭ ਤੋਂ ਖ਼ਰਾਬ ਰੈਂਕਿੰਗ ਹੈ। ਉਹ ਆਖਰੀ ਵਾਰ ਜਨਵਰੀ 2013 ‘ਚ 17ਵੇਂ ਸਥਾਨ ‘ਤੇ ਸੀ। ਭਾਰਤੀ ਖਿਡਾਰੀ ਨੂੰ 2016 ਤੋਂ ਸਿਖਰਲੇ 10 ‘ਚ ਦਰਜਾ ਦਿੱਤਾ ਗਿਆ ਸੀ ਅਤੇ ਅਪ੍ਰੈਲ 2016 ‘ਚ ਕਰੀਅਰ ਦੀ ਸਰਵੋਤਮ ਦੂਜੀ ਰੈਂਕਿੰਗ ਹਾਸਲ ਕਰਨ ‘ਚ ਕਾਮਯਾਬ ਰਹੀ ਸੀ। ਸਿੰਧੂ ਨੂੰ ਉਮੀਦ ਹੋਵੇਗੀ ਕਿ ਉਹ ਅਗਲੇ ਸਾਲ ਅਪ੍ਰੈਲ ‘ਚ ਖਤਮ ਹੋਣ ਵਾਲੇ ਓਲੰਪਿਕ ਕੁਆਲੀਫਾਈ ਪੀਰੀਅਡ ਦੌਰਾਨ ਫਾਰਮ ਹਾਸਲ ਕਰ ਲਵੇਗੀ, ਖ਼ਾਸ ਤੌਰ ‘ਤੇ ਇੰਡੋਨੇਸ਼ੀਆ ਦੇ ਸਾਬਕਾ ਆਲ ਇੰਗਲੈਂਡ ਚੈਂਪੀਅਨ ਕੋਚ ਮੁਹੰਮਦ ਹਾਫਿਜ਼ ਹਾਸ਼ਿਮ ਦੀਆਂ ਸੇਵਾਵਾਂ ਲੈਣ ਤੋਂ ਬਾਅਦ।

ਐੱਚਐੱਚ ਪ੍ਰਣਯ ਵੀ ਇੱਕ ਸਥਾਨ ਦੇ ਨੁਕਸਾਨ ਨਾਲ ਪੁਰਸ਼ਾਂ ਦੀ ਰੈਂਕਿੰਗ ‘ਚ 10ਵੇਂ ਸਥਾਨ ਉੱਤੇ ਹਨ। ਲਕਸ਼ਯ ਸੇਨ ਅਤੇ ਕਿਦਾਂਬੀ ਸ਼੍ਰੀਕਾਂਤ ਕ੍ਰਮਵਾਰ 12ਵੇਂ ਅਤੇ 20ਵੇਂ ਸਥਾਨ ‘ਤੇ ਸਥਿਰ ਰਹੇ। ਸਾਇਨਾ ਨੇਹਵਾਲ ਵਿਸ਼ਵ ਰੈਂਕਿੰਗ ‘ਚ ਪੰਜ ਸਥਾਨ ਖਿਸਕ ਕੇ 36ਵੇਂ ਸਥਾਨ ‘ਤੇ ਪਹੁੰਚ ਗਈ ਹੈ। ਸਾਤਵਿਕਸਾਈਰਾਜ ਰੈਂਕੀਰੈੱਡੀ ਅਤੇ ਚਿਰਾਗ ਸ਼ੈੱਟੀ ਦੀ ਜੋੜੀ ਤੀਜੇ ਸਥਾਨ ‘ਤੇ ਬਰਕਰਾਰ ਹੈ। ਤ੍ਰਿਸ਼ਾ ਜੌਲੀ ਅਤੇ ਗਾਇਤਰੀ ਗੋਪੀਚੰਦ ਮਹਿਲਾ ਡਬਲਜ਼ ‘ਚ ਇੱਕ ਸਥਾਨ ਹੇਠਾਂ 19ਵੇਂ ਸਥਾਨ ‘ਤੇ ਹਨ। ਮਿਕਸਡ ਡਬਲਜ਼ ‘ਚ ਕੋਈ ਵੀ ਭਾਰਤੀ ਜੋੜੀ ਸਿਖਰਲੇ 25 ‘ਚ ਨਹੀਂ ਹੈ।

Add a Comment

Your email address will not be published. Required fields are marked *