ਡਾ. ਐਮੀ ਬੇਰਾ ‘ਚੈਂਪੀਅਨ ਆਫ ਹੈਲਥਕੇਅਰ ਇਨੋਵੇਸ਼ਨ ਅਵਾਰਡ ਨਾਲ ਸਨਮਾਨਿਤ

ਵਾਸ਼ਿੰਗਟਨ – ਡਾਕਟਰ ਤੋਂ ਸਿਆਸਤਦਾਨ ਬਣੇ ਭਾਰਤੀ-ਅਮਰੀਕੀ ਡਾਕਟਰ ਐਮੀ ਬੇਰਾ ਨੂੰ ਅਮਰੀਕਾ ਵਿੱਚ ਉੱਚ-ਗੁਣਵੱਤਾ ਵਾਲੀ ਸਿਹਤ ਸੰਭਾਲ ਨੂੰ ਕਿਫਾਇਤੀ ਅਤੇ ਪਹੁੰਚਯੋਗ ਬਣਾਉਣ ਵਿੱਚ ਯੋਗਦਾਨ ਲਈ ‘ਚੈਂਪੀਅਨ ਆਫ਼ ਹੈਲਥਕੇਅਰ ਇਨੋਵੇਸ਼ਨ ਅਵਾਰਡ’ ਨਾਲ ਸਨਮਾਨਿਤ ਕੀਤਾ ਗਿਆ। ਅਮਰੀਕੀ ਕਾਂਗਰਸ ਵਿੱਚ ਸਭ ਤੋਂ ਲੰਬੇ ਸਮੇਂ ਤੱਕ ਸੇਵਾ ਕਰਨ ਵਾਲੇ ਭਾਰਤੀ-ਅਮਰੀਕੀ 58 ਸਾਲਾ ਬੇਰਾ ਨੂੰ ਪਿਛਲੇ ਹਫਤੇ ਇੱਥੇ ਹੈਲਥਕੇਅਰ ਲੀਡਰਸ਼ਿਪ ਕੌਂਸਲ ਦੇ ਇਨੋਵੇਸ਼ਨ ਐਕਸਪੋ ਦੌਰਾਨ ਸਨਮਾਨਿਤ ਕੀਤਾ ਗਿਆ। 

ਡੈਮੋਕਰੇਟਿਕ ਕਾਂਗਰਸਮੈਨ ਬੇਰਾ ਨੇ ਸ਼ੁੱਕਰਵਾਰ ਨੂੰ ਟਵੀਟ ਕੀਤਾ ਕਿ “ਹੈਲਥ ਇਨ ਫੋਕਸ ਤੋਂ ਚੈਂਪੀਅਨ ਆਫ ਹੈਲਥਕੇਅਰ ਇਨੋਵੇਸ਼ਨ ਅਵਾਰਡ ਪ੍ਰਾਪਤ ਕਰਨ ਕੇ ਸਨਮਾਨਿਤ ਮਹਿਸੂਸ ਕਰ ਰਿਹਾ ਹਾਂ।” ਇੱਕ ਡਾਕਟਰ ਹੋਣ ਦੇ ਨਾਤੇ, ਮੈਂ ਇਹ ਯਕੀਨੀ ਬਣਾਉਣ ਲਈ ਕੰਮ ਕਰਨ ਲਈ ਵਚਨਬੱਧ ਹਾਂ ਕਿ ਹਰ ਅਮਰੀਕੀ ਦੀ ਉੱਚ-ਗੁਣਵੱਤਾ, ਕਿਫਾਇਤੀ ਸਿਹਤ ਸੰਭਾਲ ਤੱਕ ਪਹੁੰਚ ਹੋਵੇ।” ਬੇਰਾ ਨੇ 2013 ਵਿੱਚ ਕਾਂਗਰਸ ਦਾ ਮੈਂਬਰ ਬਣਨ ਤੋਂ ਪਹਿਲਾਂ ਕੈਲੀਫੋਰਨੀਆ ਵਿੱਚ ਸੈਕਰਾਮੈਂਟੋ ਕਾਉਂਟੀ ਦੇ ਮੁੱਖ ਮੈਡੀਕਲ ਅਫ਼ਸਰ ਵਜੋਂ ਕੰਮ ਕੀਤਾ। ਉਹ ਅਮਰੀਕੀ ਪ੍ਰਤੀਨਿਧੀ ਸਭਾ ਵਿੱਚ ਸੈਕਰਾਮੈਂਟੋ ਕਾਉਂਟੀ ਦੀ ਪ੍ਰਤੀਨਿਧਤਾ ਕਰਦਾ ਹੈ। ਬੇਰਾ ਵਰਤਮਾਨ ਵਿੱਚ ਵਿਦੇਸ਼ੀ ਮਾਮਲਿਆਂ ਬਾਰੇ ਪ੍ਰਤੀਨਿਧੀ ਸਭਾ ਦੀ ਕਮੇਟੀ ਦਾ ਮੈਂਬਰ ਹੈ, ਜਿੱਥੇ ਉਹ ਏਸ਼ੀਆ, ਪ੍ਰਸ਼ਾਂਤ, ਮੱਧ ਏਸ਼ੀਆ ਅਤੇ ਪ੍ਰਮਾਣੂ ਅਪ੍ਰਸਾਰ ਬਾਰੇ ਉਪ ਕਮੇਟੀ ਦੇ ਚੇਅਰਮੈਨ ਵਜੋਂ ਕੰਮ ਕਰਦਾ ਹੈ। ਉਹ ਇੰਟੈਲੀਜੈਂਸ ‘ਤੇ ਪ੍ਰਤੀਨਿਧੀ ਸਭਾ ਦੀ ਸਥਾਈ ਚੋਣ ਕਮੇਟੀ ਅਤੇ ਕੋਰੋਨਾ ਵਾਇਰਸ ਮਹਾਮਾਰੀ ‘ਤੇ ਚੁਣੀ ਗਈ ਉਪ ਕਮੇਟੀ ਦਾ ਮੈਂਬਰ ਵੀ ਹੈ। 

ਇੱਕ ਡਾਕਟਰ ਵਜੋਂ ਆਪਣੇ 20 ਸਾਲਾਂ ਦੇ ਕਰੀਅਰ ਦੌਰਾਨ ਬੇਰਾ ਨੇ ਸਿਹਤ ਸਹੂਲਤਾਂ ਦੀ ਉਪਲਬਧਤਾ, ਗੁਣਵੱਤਾ ਅਤੇ ਕੁਸ਼ਲਤਾ ਵਿੱਚ ਸੁਧਾਰ ਕਰਨ ਲਈ ਕੰਮ ਕੀਤਾ। ਉਸ ਦੀ ਵੈਬਸਾਈਟ ਮੁਤਾਬਕ ਕੈਲੀਫੋਰਨੀਆ ਵਿੱਚ ਜੰਮੇ ਅਤੇ ਵੱਡੇ ਹੋਏ ਬੇਰਾ ਨੇ ਕੈਲੀਫੋਰਨੀਆ ਯੂਨੀਵਰਸਿਟੀ ਤੋਂ ਬੈਚਲਰ ਆਫ਼ ਸਾਇੰਸ (BS) ਅਤੇ ਡਾਕਟਰ ਆਫ਼ ਮੈਡੀਸਨ (MD) ਦੀਆਂ ਡਿਗਰੀਆਂ ਪ੍ਰਾਪਤ ਕੀਤੀਆਂ। ਹੈਲਥਕੇਅਰ ਲੀਡਰਸ਼ਿਪ ਕੌਂਸਲ ਅਮਰੀਕਾ ਦੇ ਸਿਹਤ ਸੰਭਾਲ ਖੇਤਰ ਦੇ ਲੋਕਾਂ ਲਈ ਇੱਕ ਵਿਸ਼ੇਸ਼ ਫੋਰਮ ਹੈ। ਇਹ ਕਿਫਾਇਤੀ, ਉੱਚ ਗੁਣਵੱਤਾ ਵਾਲੀਆਂ ਸਿਹਤ ਸੰਭਾਲ ਸਹੂਲਤਾਂ ਲਈ ਨੀਤੀਆਂ, ਯੋਜਨਾਵਾਂ ਅਤੇ ਪ੍ਰੋਗਰਾਮ ਤਿਆਰ ਕਰਦਾ ਹੈ।

Add a Comment

Your email address will not be published. Required fields are marked *