ਸਰਕਾਰੀ ਸਕੂਲ ਦੀ ਪ੍ਰਿੰਸੀਪਲ ਦੀ ਡਿਗਰੀ ਨਿਕਲੀ ਜਾਅਲੀ

ਮੋਹਾਲੀ- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਫੇਜ਼-11, ਮੋਹਾਲੀ ਵਿਖੇ ਤਾਇਨਾਤ ਪ੍ਰਿੰਸੀਪਲ ਪਰਮਜੀਤ ਕੌਰ ਨੂੰ ਜਾਅਲੀ ਡਿਗਰੀ ਦੇ ਆਧਾਰ ਉਤੇ ਸਰਕਾਰੀ ਨੌਕਰੀ ਲੈਣ ਅਤੇ ਤਰੱਕੀ ਹਾਸਲ ਕਰਨ ਦੇ ਦੋਸ਼ ਵਿਚ ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਗ੍ਰਿਫ਼ਤਾਰ ਕੀਤਾ ਹੈ। ਇਸ ਅਧਿਆਪਕਾ ਬਾਰੇ ਹੋਰ ਵੀ ਕਈ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਅਧਿਕਾਰਤ ਬੁਲਾਰੇ ਨੇ ਦੱਸਿਆ ਕਿ ਪਰਮਜੀਤ ਕੌਰ ਨੇ ਬਿਹਾਰ ਦੀ ਮਗਧ ਯੂਨੀਵਰਸਿਟੀ ਵੱਲੋਂ ਜਾਰੀ ਐੱਮ.ਕਾਮ ਦੀ ਡਿਗਰੀ ਦੇ ਆਧਾਰ ਉਤੇ ਸਰਕਾਰੀ ਨੌਕਰੀ ਹਾਸਲ ਕੀਤੀ ਸੀ। ਡਿਗਰੀ ਦੀ ਤਸਦੀਕ ਨਾ ਹੋਣ ਉਪਰੰਤ ਉਸ ਖ਼ਿਲਾਫ਼ ਵਿਜੀਲੈਂਸ ਇਨਕੁਆਰੀ ਦਰਜ ਕੀਤੀ ਗਈ ਸੀ।

ਬੁਲਾਰੇ ਨੇ ਦੱਸਿਆ ਕਿ ਜਾਂਚ ਦੌਰਾਨ ਵਿਜਲੈਂਸ ਬਿਊਰੋ ਨੇ ਪਾਇਆ ਕਿ ਉਕਤ ਪ੍ਰਿੰਸੀਪਲ ਵੱਲੋਂ ਸਰਕਾਰੀ ਨੌਕਰੀ ਲੈਣ ਲਈ ਵਰਤੀ ਗਈ ਡਿਗਰੀ ਫ਼ਰਜ਼ੀ ਹੈ। ਸਰਕਾਰੀ ਨੌਕਰੀ ਅਤੇ ਤਰੱਕੀ ਲਈ ਜਾਅਲੀ ਡਿਗਰੀ ਸਰਟੀਫਿਕੇਟ ਦਾ ਸਹਾਰਾ ਲੈਣ ਦੇ ਦੋਸ਼ ਹੇਠ ਮੁਲਜ਼ਮ ਪ੍ਰਿੰਸੀਪਲ ਖ਼ਿਲਾਫ਼ ਕੇਸ ਦਰਜ ਕਰਕੇ ਉਸ ਨੂੰ ਵਿਜੀਲੈਂਸ ਵੱਲੋਂ ਅੱਜ ਗ੍ਰਿਫਤਾਰ ਕਰ ਲਿਆ ਗਿਆ ਹੈ।

ਦੂਜੇ ਪਾਸੇ ਗੌਰਮਿੰਟ ਟੀਚਰਸ ਯੂਨੀਅਨ ਦੇ ਸਾਬਕਾ ਪ੍ਰੈੱਸ ਸਕੱਤਰ ਹਰਨੇਕ ਸਿੰਘ ਮਾਵੀ ਨੇ ਸਰਕਾਰ ਤੋਂ ਮੰਗ ਕੀਤੀ ਹੈ ਕੀ ਕਿਸੇ ਯੋਗ ਉਮੀਦਵਾਰ ਦਾ ਹੱਕ ਮਾਰ ਕੇ ਤਰੱਕੀਆਂ ਅਤੇ ਨੌਕਰੀ ਹਾਸਲ ਕਰਨ ਵਾਲੀ ਇਸ ਅਧਿਆਪਕਾ ਕੋਲੋਂ ਸਰਕਾਰੀ ਖਜਾਨੇ ਵਿੱਚੋਂ ਲਈਆਂ ਗਈਆਂ ਸਾਰੀਆਂ ਸਹੂਲਤਾਂ ਅਤੇ ਤਨਖ਼ਾਹ ਵਾਪਸ ਰਿਕਵਰ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜਾਅਲੀ ਡਿਗਰੀ ਦੇ ਅਧਾਰ ‘ਤੇ ਨੌਕਰੀ ਹਾਸਲ ਕਰਨ ਅਤੇ ਤਰੱਕੀਆਂ ਲੈਣ ਵਾਲਾ ਇਹ ਇਕ ਅਜਿਹਾ ਇਕੱਲਾ ਕੇਸ ਨਹੀਂ ਹੈ ਬਲਕਿ ਹੋਰ ਵੀ ਕਈ ਕੇਸ ਹੋ ਸਕਦੇ ਹਨ। ਵਿਜੀਲੈਂਸ ਵਿਭਾਗ ਤੋਂ ਮੰਗ ਕੀਤੀ ਹੈ ਕੀ ਅਜਿਹੇ ਮਾਮਲਿਆਂ ਦੀ ਬਹੁਤ ਹੀ ਡੂੰਘਾਈ ਨਾਲ ਜਾਂਚ ਕੀਤੀ ਜਾਵੇ। ਅਜਿਹਾ ਕਰਨ ਨਾਲ ਹੋਰ ਵੀ ਧੋਖਾਧੜੀ ਕਰਨ ਵਾਲੇ ਕਰਮਚਾਰੀਆਂ ਨੂੰ ਕੰਨ ਹੋਣਗੇ ਅਤੇ ਸਰਕਾਰ ਦਾ ਖਜ਼ਾਨਾ ਲੁੱਟਣ ਤੋਂ ਬਚੇਗਾ।

Add a Comment

Your email address will not be published. Required fields are marked *