ਅਮਰਨਾਥ ਯਾਤਰਾ ਦੌਰਾਨ ਬੀਤੇ 36 ਘੰਟਿਆਂ ‘ਚ 5 ਸ਼ਰਧਾਲੂਆਂ ਦੀ ਮੌਤ

ਸ਼੍ਰੀਨਗਰ- 1 ਜੁਲਾਈ 2023 ਤੋਂ ਸ਼ੁਰੂ ਹੋਈ ਅਮਰਨਾਥ ਯਾਤਰਾ ‘ਚ ਹੁਣ ਤਕ 1.70 ਲੱਖ ਤੀਰਥ ਯਾਤਰੀ ਦਰਸ਼ਨ ਕਰ ਚੁੱਕੇ ਹਨ। ਉਥੇ ਹੀ ਇਸ ਯਾਤਰਾ ਦੌਰਾਨ ਯਾਤਰੀਆਂ ਦੀ ਮੌਤ ਦੀਆਂ ਖਬਰਾਂ ਵੀ ਲਗਾਤਾਰ ਆ ਰਹੀਆਂ ਹਨ। ਜਾਣਕਾਰੀ ਮੁਤਾਬਕ, ਬੀਤੇ 36 ਘੰਟਿਆਂ ‘ਚ ਅਮਰਨਾਥ ਯਾਤਰਾ ਦੌਰਾਨ 5 ਯਾਤਰੀਆਂ ਦੀ ਮੌਤ ਹੋ ਗਈ ਹੈ ਜਿਸ ਤੋਂ ਬਾਅਦ ਇਸ ਸਾਲ ਦੀ ਯਾਤਰਾ ਦੌਰਾਨ ਹੁਣ ਤਕ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 24 ਹੋ ਗਈ ਹੈ। 

ਅਧਿਕਾਰੀਆਂ ਦਾ ਕਹਿਣਾ ਹੈ ਕਿ ਇਨ੍ਹਾਂ ‘ਚੋਂ ਜ਼ਿਆਦਾਤਰ ਮੌਤਾਂ ਜ਼ਿਆਦਾ ਉਚਾਈ ‘ਤੇ ਹੋਣ ਵਾਲੀ ਬੀਮਾਰੀ ਕਾਰਨ ਹੋਈਆਂ ਹਨ, ਜਿਸਦੇ ਚਲਦੇ ਆਕਸੀਜਨ ਦੀ ਘਾਟ ਹੋਈ ਅਤੇ ਉਸਤੋਂ ਬਾਅਦ ਦਿਲ ਦੀ ਧੜਕਨ ਰੁਕ ਗਈ। ਅਧਿਕਾਰੀਆਂ ਨੇ ਅੱਗੇ ਦੱਸਿਆ ਕਿ 5 ਮੌਤਾਂ ‘ਚੋਂ ਚਾਰ ਪਹਿਲਗਾਮ ਮਾਰਗ ‘ਤੇ ਹੋਈਆਂ ਹਨ ਜਦਕਿ ਇਕ ਬਾਲਟਾਲ ਮਾਰਗ ‘ਤੇ ਹੋਈ ਹੈ। ਜਾਣਕਾਰੀ ਮੁਤਾਬਕ, ਮਰਨ ਵਾਲਿਆਂ ‘ਚ ਇਕ ਆਈ.ਟੀ.ਬੀ.ਪੀ. ਦਾ ਜਵਾਨ ਵੀ ਸ਼ਾਮਲ ਹੈ, ਜਿਸਦੀ ਡਿਊਟੀ ਦੌਰਾਨ ਮੌਤ ਹੋ ਗਈ। ਜਿਨ੍ਹਾਂ ਯਾਤਰੀਆਂ ਦੀ ਮੌਤ ਹੋਈ ਹੈ ਉਹ ਉੱਤਰ-ਪ੍ਰਦੇਸ਼, ਮੱਧ-ਪ੍ਰਦੇਸ਼, ਹਰਿਆਣਾ ਅਤੇ ਗੁਜਰਾਤ ਦੇ ਦੱਸੇ ਜਾ ਰਹੇ ਹਨ।

ਮਾਹਿਰਾਂ ਦਾ ਕਹਿਣਾ ਹੈ ਕਿ ਉਚਾਈ ‘ਤੇ ਸਥਿਤ ਥਾਵਾਂ ‘ਤੇ ਆਕਸੀਜਨ ਦੀ ਘੱਟ ਗਾੜ੍ਹਾਪਣ ਵਾਲੀ ਹਵਾ ਦੁਰਲੱਭ ਹੁੰਦੀ ਹੈ। ਇਸਦੇ ਨਾਲ ਹੀ ਥਕਾਵਟ ਅਤੇ ਖਰਾਬ ਫੇਫੜੇ ਅਕਸਰ ਮੌਤ ਦਾ ਕਾਰਨ ਬਣਦੇ ਹਨ। ਅਮਰਨਾਥ ਗੁਫਾ ਮੰਦਰ ਸਮੁੰਦਰ ਤਲ ਤੋਂ 3,888 ਮੀਟਰ ਉੱਪਰ ਸਥਿਤ ਹੈ। ਇਨ੍ਹਾਂ ਕਾਰਨਾਂ ਕਰਕੇ ਅਧਿਕਾਰੀਆਂ ਨੇ ਯਾਤਰੀਆਂ ਲਈ ਸਥਾਪਿਤ ਮੁਫਤ ਰਸੋਈ (ਲੰਗਰ) ‘ਚ ਸਾਰੇ ਜੰਕ ਫੂਡ ‘ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਦੇ ਨਾਲ ਹੀ ਪਰੌਂਠੇ, ਪੂੜੀ, ਮਿਠਾਈ ਅਤੇ ਕੋਲਡ ਡਰਿੰਕ ਸਮੇਤ ਸਾਰੀਆਂ ਹਲਵਾਈ ਦੀਆਂ ਆਈਟਮਾਂ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਯਾਤਰਾ ਦੇ ਬੇਸ ਕੈਂਪਾਂ ਦੇ ਅੰਦਰ ਅਤੇ ਆਲੇ-ਦੁਆਲੇ ਸਿਗਰਟ ਦੀ ਵਿਕਰੀ ‘ਤੇ ਵੀ ਪਾਬੰਦੀ ਹੈ। ਇਸ ਸਾਲ ਦੀ 62 ਦਿਨਾਂ ਯਾਤਰਾ 1 ਜੁਲਾਈ ਨੂੰ ਸ਼ੁਰੂ ਹੋਈ, ਜੋ ਕਿ 31 ਅਗਸਤ ਨੂੰ ਸ਼੍ਰਵਣ ਪੂਰਨਿਮਾ ਦੇ ਤਿਉਹਾਰ ਦੇ ਨਾਲ ਸਮਾਪਤ ਹੋਵੇਗੀ।

Add a Comment

Your email address will not be published. Required fields are marked *