RBI ਰੁਪਏ ’ਚ ਕਾਰੋਬਾਰ ਨਾਲ ਸਬੰਧਤ ਮੁੱਦਿਆਂ ਦੇ ਹੱਲ ਲਈ ਛੇਤੀ ਜਾਰੀ ਕਰੇਗਾ ਦਿਸ਼ਾ-ਨਿਰਦੇਸ਼

ਨਵੀਂ ਦਿੱਲੀ  – ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਛੇਤੀ ਹੀ ਹੋਰ ਦੇਸ਼ਾਂ ਨਾਲ ਰੁਪਏ ’ਚ ਵਪਾਰ ਦੌਰਾਨ ਐਕਸਪੋਰਟਰਾਂ ਸਾਹਮਣੇ ਆਉਣ ਵਾਲੀਆਂ ਕੁੱਝ ਸਮੱਸਿਆਵਾਂ ਦੇ ਹੱਲ ਲਈ ਬੈਂਕਾਂ ਲਈ ਦਿਸ਼ਾ-ਨਿਰਦੇਸ਼ ਜਾਰੀ ਕਰੇਗਾ। ਸਰਕਾਰ ਦੇ ਇਕ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।

ਅਧਿਕਾਰੀ ਨੇ ਕਿਹਾ ਕਿ ਜਿੱਥੋਂ ਤੱਕ ਰੁਪਏ ’ਚ ਕਾਰੋਬਾਰ ਵਿਵਸਥਾ ਦੀ ਗੱਲ ਹੈ, ਸ਼ੁਰੂਆਤ ਵਿਚ ਕੁੱਝ ਤਕਨੀਕੀ ਦਿੱਕਤਾਂ ਆਈਆਂ ਪਰ ਕਈ ਖੇਤਰਾਂ ’ਚ ਲੈਣ-ਦੇਣ ਸ਼ੁਰੂ ਹੋ ਚੁੱਕਾ ਹੈ। ਕੁੱਝ ਐਕਸਪੋਰਟਰਾਂ ਨੇ ਵਪਾਰ ਮੰਤਰਾਲਾ ’ਚ ਸੰਪਰਕ ਕਰ ਕੇ ਦੱਸਿਆ ਕਿ ਈ-ਬੀ. ਆਰ. ਸੀ. (ਇਲੈਕਟ੍ਰਾਨਿਕ ਬੈਂਕ ਪ੍ਰਾਪਤੀ ਸਰਟੀਫਿਕੇਟ) ਜਾਰੀ ਕਰਨ ਦੌਰਾਨ ਕੁੱਝ ਸਮੱਸਿਆ ਆ ਰਹੀ ਹੈ। ਅਧਿਕਾਰੀ ਨੇ ਕਿਹਾ ਕਿ ਇਸ ਲਈ ਅਸੀਂ ਇਹ ਮੁੱਦਾ ਆਰ. ਬੀ. ਆਈ. ਦੇ ਸਾਹਮਣੇ ਉਠਾਇਆ ਹੈ। ਆਰ. ਬੀ. ਆਈ. ਸਾਰੇ ਬੈਂਕਾਂ ਲਈ ਇਕ ਵਿਸਤ੍ਰਿਤ ਐੱਸ. ਓ. ਪੀ. (ਮਿਆਰੀ ਸੰਚਾਲਨ ਪ੍ਰਕਿਰਿਆ) ਜਾਰੀ ਕਰਨ ਦੀ ਪ੍ਰਕਿਰਿਆ ’ਚ ਹੈ ਤਾਂ ਕਿ ਈ-ਬੀ. ਆਰ. ਸੀ. ਦੀ ਸਿਰਜਣਾ ਸੁਚਾਰੂ ਹੋ ਸਕੇ। ਉਸ ਐੱਸ. ਓ. ਪੀ. ਦੀ ਅਸੀਂ ਜਾਂਚ ਕਰ ਲਈ ਹੈ ਅਤੇ ਆਰ. ਬੀ. ਆਈ. ਇਸ ਨੂੰ ਅਗਲੇ 2-3 ਦਿਨਾਂ ’ਚ ਜਾਰੀ ਕਰ ਦੇਵੇਗਾ।

ਹਾਲਾਂਕਿ ਅਧਿਕਾਰੀ ਨੇ ਕਿਹਾ ਕਿ ਰੁਪਏ ’ਚ ਕਾਰੋਬਾਰ ਦੀ ਲਿਮਟ ਇਹ ਹੈ ਕਿ ਇਹ ਸਿਰਫ ਬਾਰਟਰ ਕਰੰਸੀ ਵਜੋਂ ਹੀ ਕੰਮ ਕਰ ਸਕਦਾ ਹੈ। ਰੱਖਿਆ ਖੇਤਰ ’ਚ ਕਾਰੋਬਾਰ ਕਾਰਣ ਰੂਸ ਕੋਲ ਬਹੁਤ ਸਾਰਾ ਰੁਪਇਆ ਭੰਡਾਰ ਜਮ੍ਹਾ ਹੋ ਗਿਆ ਹੈ। ਅਧਿਕਾਰੀ ਨੇ ਕਿਹਾ ਕਿ ਹਾਲਾਂਕਿ ਯੂਰੋ, ਦਿਰਹਮ, ਯੁਆਨ ਜਾਂ ਡਾਲਰ ’ਚ ਭੁਗਤਾਨ ਕਰਨ ’ਤੇ ਕੋਈ ਰੋਕ ਨਹੀਂ ਹੈ। ਸਰਕਾਰ ਡਾਲਰ ’ਤੇ ਨਿਰਭਰਤਾ ਘੱਟ ਕਰਨ ਲਈ ਹੋਰ ਸਾਂਝੇਦਾਰ ਦੇਸ਼ਾਂ ਨਾਲ ਕਾਰੋਬਾਰ ਰੁਪਏ ’ਚ ਕਰਨ ਨੂੰ ਉਤਸ਼ਾਹ ਦੇ ਰਹੀ ਹੈ।

Add a Comment

Your email address will not be published. Required fields are marked *