ਜਦੋਂ ਮੈਚ ਦੌਰਾਨ ਅਫਗਾਨਿਸਤਾਨ ਦੇ ਖਿਡਾਰੀ ਨੂੰ ਮਾਰਨ ਲਈ ਪਾਕਿ ਖਿਡਾਰੀ ਨੇ ਚੁੱਕਿਆ ਬੱਲਾ

ਸ਼ਾਰਜਾਹ- ਪਾਕਿਸਤਾਨ ਕ੍ਰਿਕਟ ਟੀਮ ਨੇ ਏਸ਼ੀਆ ਕੱਪ 2022 ਸੀਜ਼ਨ ਦੇ ਸੁਪਰ-4 ਪੜਾਅ ‘ਚ ਅਫ਼ਗਾਨਿਸਤਾਨ ਨੂੰ ਇਕ ਵਿਕਟ ਨਾਲ ਹਰਾ ਦਿੱਤਾ। ਇਹ ਮੈਚ ਬੁੱਧਵਾਰ (7 ਸਤੰਬਰ) ਨੂੰ ਸ਼ਾਰਜਾਹ ਕ੍ਰਿਕਟ ਸਟੇਡੀਅਮ ਵਿੱਚ ਖੇਡਿਆ ਗਿਆ। ਮੈਚ ‘ਚ ਪ੍ਰਸ਼ੰਸਕਾਂ ਦੇ ਨਾਲ-ਨਾਲ ਖਿਡਾਰੀਆਂ ‘ਚ ਵੀ ਜ਼ਬਰਦਸਤ ਟੱਕਰ ਦੇਖਣ ਨੂੰ ਮਿਲੀ। ਪਾਕਿਸਤਾਨ ਅਤੇ ਅਫਗਾਨਿਸਤਾਨ ਦੇ ਮੈਚ ‘ਚ ਇਕ ਸਮਾਂ ਅਜਿਹਾ ਵੀ ਸੀ, ਜਦੋਂ ਖਿਡਾਰੀਆਂ ਵਿਚਾਲੇ ਲੜਾਈ ਤੱਕ ਦੀ ਨੌਬਤ ਆ ਗਈ ਸੀ। ਪਾਕਿਸਤਾਨੀ ਖਿਡਾਰੀ ਆਸਿਫ ਅਲੀ ਨੇ ਅਫਗਾਨ ਗੇਂਦਬਾਜ਼ ਨੂੰ ਮਾਰਨ ਲਈ ਬੱਲਾ ਤੱਕ ਚੁੱਕ ਲਿਆ। ਇਹ ਸਾਰੀ ਘਟਨਾ ਉਥੇ ਲੱਗੇ ਕੈਮਰਿਆਂ ‘ਚ ਕੈਦ ਹੋ ਗਈ, ਜਿਸ ਦੀ ਹੁਣ ਵੀਡੀਓ ਵਾਇਰਲ ਹੋ ਰਹੀ ਹੈ।

ਦਰਅਸਲ ਇਹ ਘਟਨਾ ਪਾਕਿਸਤਾਨੀ ਬੱਲੇਬਾਜ਼ੀ ਦੌਰਾਨ 19ਵੇਂ ਓਵਰ ਵਿੱਚ ਵਾਪਰੀ। ਆਸਿਫ ਅਲੀ ਨੇ ਤੇਜ਼ ਗੇਂਦਬਾਜ਼ ਫਰੀਦ ਅਹਿਮਦ ਦੀ ਚੌਥੀ ਗੇਂਦ ‘ਤੇ ਛੱਕਾ ਲਗਾ ਦਿੱਤਾ ਸੀ। ਇੱਥੋਂ ਪਾਕਿਸਤਾਨ ਨੂੰ ਜਿੱਤ ਲਈ 8 ਗੇਂਦਾਂ ਵਿੱਚ 12 ਦੌੜਾਂ ਦੀ ਲੋੜ ਸੀ ਅਤੇ ਉਸ ਦੀਆਂ ਸਿਰਫ਼ 2 ਵਿਕਟਾਂ ਬਚੀਆਂ ਸਨ। ਸਾਰੀਆਂ ਉਮੀਦਾਂ ਆਸਿਫ ਅਲੀ ‘ਤੇ ਸਨ, ਕਿਉਂਕਿ ਉਹ ਕ੍ਰੀਜ਼ ‘ਤੇ ਮੌਜੂਦ ਇਕਲੌਤਾ ਖਾਸ ਬੱਲੇਬਾਜ਼ ਸੀ। ਅਜਿਹੇ ‘ਚ ਫਰੀਦ ਦੇ ਓਵਰ ਦੀ 5ਵੀਂ ਗੇਂਦ ‘ਤੇ ਵੀ ਆਸਿਫ ਨੇ ਗੇਂਦ ਨੂੰ ਜ਼ੋਰ ਨਾਲ ਹਿੱਟ ਕੀਤਾ, ਪਰ ਉਹ ਗੇਂਦ ਨੂੰ ਬਾਊਂਡਰੀ ਦੇ ਪਾਰ ਨਹੀਂ ਭੇਜ ਸਕਿਆ ਅਤੇ ਵਿਚਕਾਰ ਹੀ ਕੈਚ ਆਊਟ ਹੋ ਗਿਆ। ਇਸ ਤੋਂ ਬਾਅਦ ਅਫਗਾਨ ਗੇਂਦਬਾਜ਼ ਨੇ ਖੁਸ਼ੀ ‘ਚ ਥੋੜ੍ਹਾ ਹਮਲਾਵਰ ਜਸ਼ਨ ਮਨਾਇਆ ਪਰ ਆਸਿਫ ਅਲੀ ਇਸ ਤੋਂ ਬੌਖਲਾ ਗਿਆ। ਉਸ ਨੇ ਇਕ ਹੱਥ ਨਾਲ ਫਰੀਦ ਨੂੰ ਦੂਰ ਹਟਾਉਂਦੇ ਹੋਏ ਉਸ ਨੂੰ ਮਾਰਨ ਲਈ ਆਪਣਾ ਬੱਲਾ ਤੱਕ ਚੁੱਕ ਲਿਆ। ਪਰ ਇਸ ਦੌਰਾਨ ਅੰਪਾਇਰ ਅਤੇ ਹੋਰ ਖਿਡਾਰੀ ਵਿਚਕਾਰ ਆ ਗਏ ਅਤੇ ਬਚਾਅ ਕੀਤਾ। ਦੂਜੇ ਖਿਡਾਰੀਆਂ ਅਤੇ ਅੰਪਾਇਰ ਨੇ ਦੋਵਾਂ ਖਿਡਾਰੀਆਂ ਨੂੰ ਵੱਖ ਕਰ ਦਿੱਤਾ। 

Add a Comment

Your email address will not be published. Required fields are marked *