ਅਮਰੀਕਾ ਨੂੰ ਪਛਾੜ ਕੇ ਭਾਰਤ ਦਾ ਦੂਜਾ ਸਭ ਤੋਂ ਵੱਡਾ ਡਿਫੈਂਸ ਪਾਰਟਨਰ ਬਣਿਆ ਫਰਾਂਸ

ਪੈਰਿਸ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫਰਾਂਸ ਦੀ 2 ਦਿਨਾ ਯਾਤਰਾ ’ਤੇ ਹਨ। ਪੀਐੱਮ ਮੋਦੀ ਦੇ ਇਸ ਦੌਰੇ ਨੂੰ ਭਾਰਤ ਅਤੇ ਫਰਾਂਸ ਵਿਚਾਲੇ ਮਜ਼ਬੂਤ ਹੁੰਦੇ ਸਬੰਧਾਂ ’ਚ ਇਕ ਮਹਤਵਪੂਰਨ ਮੀਲ ਦਾ ਪੱਥਰ ਮੰਨਿਆ ਜਾ ਰਿਹਾ ਹੈ। ਪੀਐੱਮ ਮੋਦੀ ਦੀ ਇਸ ਯਾਤਰਾ ਨੂੰ ਦੋਵਾਂ ਦੇਸ਼ਾਂ ਦੇ ਇਤਿਹਾਸਕ ਅਤੇ ਸੱਭਿਆਚਾਰਕ ਸਬੰਧਾਂ ਦੇ ਜਸ਼ਨ ਦੇ ਤੌਰ ’ਤੇ ਵੀ ਵੇਖਿਆ ਜਾ ਰਿਹਾ ਹੈ।

ਹਾਲ ਦੇ ਸਾਲਾਂ ’ਚ ਲਗਾਤਾਰ ਮਜ਼ਬੂਤ ਹੋ ਰਹੇ ਭਾਰਤ-ਫਰਾਂਸ ਸਬੰਧਾਂ ਦਾ ਇਕ ਲੰਮਾ ਅਤੇ ਖੁਸ਼ਹਾਲ ਇਤਿਹਾਸ ਹੈ। ਰੱਖਿਆ ਸਹਿਯੋਗ ਤੋਂ ਲੈ ਕੇ ਵਪਾਰ ਸਬੰਧਾਂ ਅਤੇ ਜਲਵਾਯੂ ਤਬਦੀਲੀ ਤੱਕ, ਭਾਰਤ ਅਤੇ ਫਰਾਂਸ ਨੇ ਕਈ ਕੌਮਾਂਤਰੀ ਮੁੱਦਿਆਂ ’ਤੇ ਇਕੱਠੇ ਮਿਲ ਕੇ ਕੰਮ ਕੀਤਾ ਹੈ। 1998 ’ਚ, ਤਤਕਾਲੀ ਫਰਾਂਸੀਸੀ ਰਾਸ਼ਟਰਪਤੀ ਜੈਕਸ ਸ਼ਿਰਾਕ ਨੇ ਭਾਰਤ ਦਾ ਦੌਰਾ ਕੀਤਾ ਸੀ। ਇਸ ਦੌਰਾਨ ਦੋਵੇਂ ਦੇਸ਼ ਠੋਸ ਦੋ-ਪੱਖੀ ਸਹਿਯੋਗ ’ਤੇ ਆਧਾਰਿਤ ਆਪਣੀ-ਆਪਣੀ ਰਣਨੀਤਕ ਆਜ਼ਾਦੀ ਵਿਕਸਿਤ ਕਰਨ ’ਤੇ ਸਹਿਮਤ ਹੋਏ ਸਨ। ਅਮਰੀਕਾ ਨੂੰ ਪਛਾੜ ਕੇ ਫਰਾਂਸ ਦੁਨੀਆ ’ਚ ਭਾਰਤ ਦਾ ਦੂਜਾ ਸਭ ਤੋਂ ਵੱਡਾ ਰੱਖਿਆ ਸਹਿਯੋਗੀ ਬਣਿਆ ਹੈ।

ਦੋਵਾਂ ਦੇਸ਼ਾਂ ਵਿਚਾਲੇ ਬਹੁਤ ਪੁਰਾਣਾ ਰਣਨੀਤਕ ਸਬੰਧ ਹੈ। ਇਹ ਸਬੰਧ ਦੋਵਾਂ ਦੇਸ਼ਾਂ ਦੀ ਰਣਨੀਤਕ ਖੁਦਮੁਖਤਿਆਰੀ ਅਤੇ ਰਾਸ਼ਟਰਾਂ ਦੀ ਪ੍ਰਭੂਸੱਤਾ ਦੇ ਸਨਮਾਨ ਦੀ ਸਾਂਝੀ ਇੱਛਾ ਨਾਲ ਵੀ ਭਰਿਆ ਹੋਇਆ ਹੈ। ਸਤੰਬਰ 2022 ’ਚ ਚੀਨ ਨਾਲ ਪੈਦਾ ਹੋਈਆਂ ਚੁਣੌਤੀਆਂ ਦੇ ਬਾਵਜੂਦ ਭਾਰਤ ਅਤੇ ਫਰਾਂਸ ਵਿਕਾਸ ਪ੍ਰਾਜੈਕਟਾਂ ਨੂੰ ਸ਼ੁਰੂ ਕਰਨ ਅਤੇ ਰਣਨੀਤਕ ਸਹਿਯੋਗ ਦਾ ਵਿਸਥਾਰ ਕਰਨ ਲਈ ਇਕ ਇੰਡੋ-ਪੈਸਿਫਿਕ ਤਿੰਨ-ਪੱਖੀ ਢਾਂਚਾ ਸਥਾਪਤ ਕਰਨ ’ਤੇ ਸਹਿਮਤ ਹੋਏ।

ਫਰਾਂਸ ਦੀ ਬੈਸਟਿਲ-ਡੇ ਪਰੇਡ ’ਚ ਭਾਰਤੀ ਫ਼ੌਜ ਦੀ ਹਿੱਸੇਦਾਰੀ 100 ਸਾਲ ਪੁਰਾਣੀ ਹੈ। ਭਾਰਤ ਦੇ ਰੱਖਿਆ ਮੰਤਰਾਲਾ ਅਨੁਸਾਰ 10 ਲੱਖ ਤੋਂ ਵੱਧ ਭਾਰਤੀ ਫ਼ੌਜੀਆਂ (ਬ੍ਰਿਟਿਸ਼ ਭਾਰਤ ਅਤੇ ਫਰਾਂਸੀਸੀ ਭਾਰਤ ਦੋਵਾਂ ਨਾਲ) ਨੇ ਪਹਿਲੀ ਵਿਸ਼ਵ ਜੰਗ ’ਚ ਭਾਗ ਲਿਆ ਸੀ। ਇਨ੍ਹਾਂ ’ਚੋਂ ਕਈ ਫ਼ੌਜੀਆਂ ਨੇ ਫਰਾਂਸੀਸੀ ਧਰਤੀ ’ਤੇ ਫਰਾਂਸ ਦੇ ਫ਼ੌਜੀਆਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਜੰਗ ਲੜੀ ਸੀ। ਉਸ ਵੇਲੇ ਭਾਰਤੀ ਫ਼ੌਜ ਦੀ ਸਿੱਖ ਰੈਜੀਮੈਂਟ ਨੇ ਬੈਸਟਿਲ-ਡੇ ਪਰੇਡ ’ਚ ਹਿੱਸਾ ਵੀ ਲਿਆ ਸੀ। ਇਨ੍ਹਾਂ ਭਾਰਤੀ ਫ਼ੌਜੀਆਂ ਦੀ ਯਾਦ ’ਚ ਫਰਾਂਸ ’ਚ ਇਕ ਮੈਮੋਰੀਅਲ ਵੀ ਬਣਿਆ ਹੈ।

ਫਰਾਂਸ, ਭਾਰਤ ਦਾ ਦੂਜਾ ਸਭ ਤੋਂ ਵੱਡਾ ਡਿਫੈਂਸ ਸਪਲਾਇਰ ਹੈ। ਫਰਾਂਸ 1950 ਦੇ ਦਹਾਕੇ ਤੋਂ ਫ਼ੌਜੀ ਜਹਾਜ਼ ਖੇਤਰ ’ਚ ਭਾਰਤ ਲਈ ਇਕ ਭਰੋਸੇਯੋਗ ਭਾਈਵਾਲ ਰਿਹਾ ਹੈ। ਭਾਰਤੀ ਹਵਾਈ ਫ਼ੌਜ (IAF) ’ਚ ਪਹਿਲੀ ਪੀੜ੍ਹੀ ਦੇ ਡਸਾਲਟ ਆਰਾਗਨ ਲੜਾਕੂ ਜਹਾਜ਼ ਦੀ ਖਰੀਦ ਤੋਂ ਲੈ ਕੇ ਹਾਲ ਦੀ ਪਣਡੁੱਬੀ ਅਤੇ ਰਾਫੇਲ-ਐੱਮ ਸੌਦੇ ਤੱਕ ਭਾਰਤ ਨੇ ਫਰਾਂਸ ਤੋਂ ਕਈ ਹਥਿਆਰ ਖਰੀਦੇ ਹਨ। ਇਨ੍ਹਾਂ ’ਚ ਸਕਾਰਪੀਅਨ ਕਲਾਸ ਪਣਡੁੱਬੀ, ਮਿਰਾਜ-2000 ਲੜਾਕੂ ਜਹਾਜ਼, ਰਾਫੇਲ ਲੜਾਕੂ ਜਹਾਜ਼ ਪ੍ਰਮੁੱਖ ਹਨ। ਭਾਰਤ ਨੇ ਆਪਣੀ ਹਵਾਈ ਫ਼ੌਜ ਦੀ ਤਾਕਤ ਵਧਾਉਣ ਲਈ ਫਰਾਂਸ ਤੋਂ 1985 ’ਚ ਡਸਾਲਟ ਮਿਰਾਜ 2000 ਜਹਾਜ਼ ਖਰੀਦਿਆ ਸੀ। ਇਹ ਉਹੀ ਲੜਾਕੂ ਜਹਾਜ਼ ਹੈ, ਜਿਸ ਨੇ 1999 ਦੀ ਕਾਰਗਿਲ ਜੰਗ ਦੌਰਾਨ ਹਿਮਾਲਿਆ ਦੀਆਂ ਪਹਾੜੀਆਂ ਉੱਤੇ ਲੁਕੇ ਪਾਕਿਸਤਾਨੀ ਦੁਸ਼ਮਣਾਂ ’ਤੇ ਬੰਬਾਰੀ ਕੀਤੀ ਸੀ। ਇਸ ਤੋਂ ਇਲਾਵਾ ਇਸ ਜਹਾਜ਼ ਨੇ 2019 ’ਚ ਬਾਲਾਕੋਟ ਸਟ੍ਰਾਈਕ ਦੌਰਾਨ ਪਾਕਿਸਤਾਨ ਦੇ ਅੰਦਰ ਵੜ ਕੇ ਅੱਤਵਾਦੀ ਕੈਂਪਾਂ ਨੂੰ ਨਿਸ਼ਾਨਾ ਬਣਾਇਆ ਸੀ।

Add a Comment

Your email address will not be published. Required fields are marked *