ਸਰਬ ਸੰਮਤੀ ਨਾਲ ‘ ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ’ ਦੇ ਬਣੇ ਪ੍ਰਧਾਨ ਸ.ਤੀਰਥ ਸਿੰਘ ਅਟਵਾਲ

ਜਗਦੇੇਵ ਸਿੰਘ ਜੱਗੀ ਰਾਮੂਵਾਲੀਆਂ ਬਣੇ ਉਪ-ਪ੍ਰਧਾਨ

ਔਕਲੈਂਡ- ਖੇਡ ਕਬੱਡੀ ਸਿਰਫ ਪੰਜਾਬ ਵਿੱਚ ਹੀ ਨਹੀਂ ਸਗੋਂ ਦੇਸ਼ਾਂ-ਵਿਦੇਸਾਂ ਵਿੱਚ ਪਸੰਦੀਦਾ ਖੇਡ ਬਣ ਚੁੱਕੀ ਹੈ। ਨਿਊਜ਼ੀਲੈਂਡ ਵਿੱਚ ਪੰਜਾਬੀਆਂ ਦੀ ਮਨਪਸੰਦ ਅਤੇ ਪ੍ਰਚਿੱਲਤ ਖੇਡ ਕਬੱਡੀ ਨੂੰ ਪ੍ਰਫੁੱਲਤ ਕਰਨ ਦੇ ਲਈ ਜਿੱਥੇ ਖੇਡ ਕਲੱਬਾਂ ਦਾ ਵੱਡਾ ਯੋਗਦਾਨ ਹੈ ਉਥੇ ਹੀ ਇਹਨਾਂ ਨੂੰ ਇੱਕ ਮਾਲਾ ਵਿੱਚ ਪਰੋਈ ਰੱਖਣਾ ਅਤੇ ਖੇਡ ਦੇ ਨਿਯਮਾਂ ਅਧੀਨ ਕਬੱਡੀ ਟੂਰਨਾਮੈਂਟ ਕਰਵਾ ਕੇ ਇਕਸਾਰਤਾ ਕਾਇਮ ਰੱਖਣਾ ‘ ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ’ ਦੇ ਹਿੱਸੇ ਕਈ ਸਾਲਾਂ ਤੋਂਂ ਆ ਰਿਹਾ ਹੈ। ‘ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ’ ਦੇ ਸਲਾਨਾ ਇਜਲਾਸ ਵਿੱਚ ਸਰਦਾਰ ਤੀਰਥ ਸਿੰਘ ਅਟਵਾਲ ਨੂੰ ਸਾਲ 2023-2024 ਦੇ ਲਈ ਸਰਬ ਸੰਮਤੀ ਦੇ ਨਾਲ ਪ੍ਰਧਾਨ ਚੁਣਿਆ ਗਿਆ। ਸ.ਜਗਦੇਵ ਸਿੰਘ ਜੱਗੀ ਰਾਮੂਵਾਲੀਆਂ ਨੂੰ ਉਪ ਪ੍ਰਧਾਨ ਵੱਜੋਂ ਚੁਣਿਆ ਗਿਆ ਅਤੇ ਚੇਅਰਮੈਨ ਦੀ ਸੇਵਾ ਬਿੱਲਾ ਦੁਸਾਂਝ ਨੂੰ ਸੌਂਪੀ ਗਈ। ਹੋਰ ਨਿਯੂਕਤੀਆਂ ਕਰਦਿਆਂ ਸਕੱਤਰ ਸ.ਵਰਿੰਦਰ ਸਿੱਧੂ, ਸਹਾਇਕ ਸਕੱਤਰ ਸ.ਅਵਤਾਰ ਸਿੰਘ ਤਾਰੀ, ਮੀਡੀਆ ਤਾਲਮੇਲ ਵੱਜੋਂ ਸ. ਹਰਪ੍ਰੀਤ ਸਿੰਘ ਰਾਏਸਰ ਚੁਣੇ ਗਏ। ਫੈਡਰੇਸ਼ਨ ਬੁਲਾਰੇ ਦੀ ਸੇਵਾ ਰਾਣਾ ਹਰਸਿਮਰਜੀਤ ਪਾਲ ਸਿੰਘ (ਹੈਰੀ ਰਾਣਾ) ਨੂੰ ਦਿੱਤੀ ਗਈ। ਕਾਰਜਕਾਰੀ ਮੈਬਰਾਂ ਵਿੱਚ ਪ੍ਰਿਥਪਾਲ ਗਰੇਵਾਲ, ਤਲਵਿੰਦਰ ਸੋਹਲ, ਹੈਰੀ ਹੀਰਾ, ਲੱਖਾ ਧਾਲੀਵਾਲ, ਸਤਨਾਮ ਸਿੰਘ ਕਾਲਾ ਸ਼ਾਮਿਲ ਹਨ।

ਨਿਊਜ਼ੀੇਲੈਂਡ ਦੇ ਪ੍ਰਮੁੱਖ ਸ਼ਹਿਰ ਵਿੱਚ ਅੰਦਾਜ਼ੇ ਮੁਤਾਬਿਕ ‘ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ’ ਵੱਲੋਂ ਕਬੱਡੀ ਮੈਚ ਦੇ 50 ਦੇ ਕਰੀਬ ਟੂਰਨਾਮੈਂਟ ਕਰਵਾਏ ਜਾ ਚੁੱਕੇ ਹਨ। ਨਿਊਜ਼ੀਲੈਂਡ ਸਿੱਖ ਖੇਡਾਂ ਦੀ ਸ਼ੁਰੂਆਤ ਤੋਂ ਲੈ ਕੇ ਅਤੇ ਇਸ ਵਾਰ 25 ਅਤੇ 26 ਨਵੰਬਰ ਨੂੰ ਹੋਣ ਜਾ ਰਹੀਆਂ ਪੰਜਵੀਆਂ ਨਿਊਜ਼ੀਲੈਂਡ ਸਿੱਖ ਖੇਡਾਂ ਦੇ ਵਿੱਚ ਵੀ ਅਹਿਮ ਯੋਗਦਾਨ ਰਹੇਗਾ।

ਸ. ਤੀਰਥ ਸਿੰਘ ਅਟਵਾਲ ਨੂੰ ਪ੍ਰਧਾਨ ਵੱਜੋਂ ਚੁਣੇ ਜਾਣ ‘ਤੇ ਅਤੇ ਬਾਕੀ ਅਹੁਦੇਦਾਰਾਂ ਨੂੰ ਅੱਲਗ-ਅੱਲਗ ਜ਼ਿੰੰਮੇਵਾਰੀਆਂ ਮਿਲਣ ਉੱਤੇ ਨਿਊਜ਼ੀਲੈਂਡ ਸਿੱਖ ਗੇਮਜ਼ ਕਮੇਟੀ, ਖੇਡ ਕਲੱਬਾਂ ਅਤੇ ਵੱਖ- ਵੱਖ ਮੀਡੀਆਂ (ਪੰਜਾਬੀ ਹੈਰਲਡ, ਰੇਡੀਓ ਸਪਾਈ, ਡੇਲੀ ਖਬਰ, ਕੂਕ ਪੰਜਾਬੀ ਸਮਾਚਾਰ) ਅਦਾਰਿਆਂ ਵੱਲੋਂ ਬਹੁਤ-ਬਹੁਤ ਵਧਾਈਆਂ ਦਿੱਤੀਆਂ ਗਈਆਂ ਅਤੇ ਖੇਡਾਂ ਵਿੱਚ ਪੂਰਾ ਸਹਿਯੋਗ ਦੇਣ ਦੀ ਆਸ ਪ੍ਰਗਟ ਕੀਤੀ ਗਈ। ਖੇਡ ਕਲੱਬਾਂ ਦਾ ਮੰਨਣਾਂ ਹੈ ਕਿ ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ ਖੇਡ ਭਾਵਨਾ ਦੇ ਅਧਾਰ ਉੱਤੇ ਰਿਸ਼ਤੇ ਬਣਾਈ ਰੱਖਣ ਵਿੱਚ ਅਹਿਮ ਰੋਲ ਅਦਾ ਕਰ ਰਹੀ ਹੈ। ਮਹਿਕ-ਏ-ਵਤਨ ਦੇ ਸੰਪਾਦਕ ਹਰਦੇਵ ਬਰਾੜ ਜੀ ਵੱਲੋਂ ਸ. ਤੀਰਥ ਸਿੰਘ ਅਟਵਾਲ ,ਜਗਦੇਵ ਸਿੰਘ ਜੱਗੀ ,ਰਾਮੂਵਾਲੀਆਂ ਅਤੇ ਬਾਕੀ ਅਹੁਦੇਦਾਰਾਂ ਨੂੰ ਵਧਾਈਆਂ ਦਿੱਤੀਆਂ ਗਈਆਂ। ਕਿਹਾ ਕਿ ਉਹਨਾਂ ਨੂੰ ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ ਤੇ ਬਹੁਤ ਮਾਣ ਹੈ ਜਿਸਨੇ ਹੁਣ ਤੱਕ ਵਿਦੇਸ਼ਾਂ ਵਿੱਚ ਪੰਜਾਬੀਆਂ ਦੀ ਦਿਲਚਸਪ ਖੇਡ ਕਬੱਡੀ ਨੂੰ ਕਾਇਮ ਰੱਖਿਆ ਹੋਇਆ ਹੈ।
ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ’ ਦੀ ਮੀਟਿੰਗ ਵਿੱਚ ਪਹਿਲਾ ਪਰਉਪਕਾਰੀ ਕਾਰਜ ਕਰਦਿਆਂ ਫੈਸਲਾ ਲਿਆ ਗਿਆ ਕਿ ਪ੍ਰਸਿੱਧ ਕਬੱਡੀ ਖਿਡਾਰੀ ‘ਵੀਰੀ ਢੈਪਈ’ ਜਿਸ ਦੀ ਸੜਕ ਦੁਰਘਟਨਾ ਬਾਅਦ ਇੱਕ ਲੱਤ ਕਟਣੀ ਪਈ ਸੀ ਉਹਨਾਂ ਦੀ ਵਿੱਤੀ ਸਹਾਇਤਾ ਲਈ 1 ਲੱਖ ਰੁਪਏ ਦਿੱਤੇ ਜਾਣਗੇ। ਇਸਦੇ ਨਾਲ ਹੀ ਪੰਜਾਬ ਦੇ ਵਿੱਚ ਹੜ੍ਹਾਂ ਦੀ ਮਾਰ ਹੇਠ ਆਏ ਪੀੜਤ ਪਰਿਵਾਰਾਂ ਦੀ ਮਦਦ ਕੀਤੀ ਜਾਵੇਗੀ।

Add a Comment

Your email address will not be published. Required fields are marked *