ਪਤੀ ‘ਤੇ ਹਮਲੇ ਤੋਂ ਬਾਅਦ ਪਹਿਲੀ ਵਾਰ ਜਨਤਕ ਤੌਰ ‘ਤੇ ਬੋਲੀ ਨੈਨਸੀ ਪੇਲੋਸੀ
ਸਾਨ ਫਰਾਂਸਿਸਕੋ : ਅਮਰੀਕੀ ਪ੍ਰਤੀਨਿਧੀ ਸਭਾ ਦੀ ਸਪੀਕਰ ਨੈਨਸੀ ਪੇਲੋਸੀ ਆਪਣੇ ਪਤੀ ‘ਤੇ ਬੇਰਹਿਮੀ ਨਾਲ ਹਮਲੇ ਤੋਂ ਬਾਅਦ ਸ਼ੁੱਕਰਵਾਰ ਨੂੰ ਪਹਿਲੀ ਵਾਰ ਜਨਤਕ ਤੌਰ ‘ਤੇ ਸਾਹਮਣੇ ਆਈ ਅਤੇ ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਅਮਰੀਕੀ ਕਾਂਗਰਸ ਦੀਆਂ ਮੱਧਕਾਲੀ ਚੋਣਾਂ ਲੋਕਤੰਤਰ ਦੀ ਲੜਾਈ ਹੈ।
ਵੀਡੀਓ ਕਾਲ ‘ਤੇ ਵਰਕਰਾਂ ਨੂੰ ਸੰਬੋਧਿਤ ਕਰਦੇ ਹੋਏ ਪੇਲੋਸੀ ਨੇ ਕਿਹਾ, “ਲੋਕਾਂ ਨੇ ਮੈਨੂੰ ਪੁੱਛਿਆ, ਅਸੀਂ ਤੁਹਾਨੂੰ ਬਿਹਤਰ ਮਹਿਸੂਸ ਕਰਾਉਣ ਲਈ ਕੀ ਕਰ ਸਕਦੇ ਹਾਂ? ਮੈਂ ਕਿਹਾ:ਵੋਟ!” ਪੇਲੋਸੀ ਨੇ ਕਿਹਾ, “ਮੈਨੂੰ ਲਗਦਾ ਹੈ ਕਿ ਇਸ ਦੌੜ ਵਿੱਚ ਸਾਡੇ ਜਿੱਤਣ ਦੀ ਬਹੁਤ ਸੰਭਾਵਨਾ ਹੈ।” ਆਪਣੇ ਪਤੀ ਦੀ ਸਿਹਤ ਬਾਰੇ ਗੱਲ ਕਰਦਿਆਂ ਉਨ੍ਹਾਂ ਦੀ ਆਵਾਜ਼ ਕਈ ਵਾਰ ਲੜਖੜਾ ਗਈ ਅਤੇ ਉਨ੍ਹਾਂ ਕਿਹਾ, “ਇਸ ਵਿਚ ਬਹੁਤ ਸਮਾਂ ਲੱਗੇਗਾ।”
ਪੇਲੋਸੀ ਨੇ ਆਪਣੇ ਪਤੀ ਦੇ ਪ੍ਰਤੀ ਸਮਰਥਨ ਜਤਾਉਣ ਵਾਲਿਆਂ ਦਾ ਧੰਨਵਾਦ ਕੀਤਾ, ਜਿਨ੍ਹਾਂ ‘ਤੇ ਪਿਛਲੇ ਹਫਤੇ ਇੱਕ ਵਿਅਕਤੀ ਨੇ ਘਰ ਵਿਚ ਦਾਖਲ ਹੋ ਕੇ ਹਥੌੜੇ ਨਾਲ ਹਮਲਾ ਕੀਤਾ ਸੀ। ਇਸ ਹਮਲੇ ‘ਚ ਉਨ੍ਹਾਂ ਦੀ ਖੋਪੜੀ ਅਤੇ ਹੋਰ ਥਾਵਾਂ ‘ਤੇ ਸੱਟ ਲੱਗੀ ਸੀ। ਅਧਿਕਾਰੀਆਂ ਨੇ ਉਨ੍ਹਾਂ ‘ਤੇ ਹੋਏ ਹਮਲੇ ਨੂੰ ਜਾਣਬੁੱਝ ਕੇ ਕੀਤਾ ਗਿਆ ਅਤੇ ਸਿਆਸੀ ਹਮਲਾ ਕਰਾਰ ਦਿੱਤਾ ਸੀ। ਪੇਲੋਸੀ ਨੇ ਕੈਲੀਫੋਰਨੀਆ ਤੋਂ ਵੀਡੀਓ ਕਾਲ ‘ਤੇ ਵਰਕਰਾਂ ਨੂੰ ਸੰਬੋਧਿਤ ਕੀਤਾ, ਜਿੱਥੇ ਉਨ੍ਹਾਂ ਦੇ ਪਤੀ ਨੂੰ ਵੀਰਵਾਰ ਦੇਰ ਰਾਤ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਪੇਲੋਸੀ ਨੇ ਕਿਹਾ, “ਅਸੀਂ ਨਾ ਸਿਰਫ਼ ਚੋਣਾਂ ਜਿੱਤਣ ਲਈ ਕੰਮ ਕਰ ਰਹੇ ਹਾਂ, ਸਗੋਂ ਆਪਣੇ ਲੋਕਤੰਤਰ ਨੂੰ ਮਜ਼ਬੂਤ ਕਰਨ ਲਈ ਵੀ ਕੰਮ ਕਰ ਰਹੇ ਹਾਂ।”

