ਫਰਹਾਨ ਦੀ ‘ਭਾਗ ਮਿਲਖਾ ਭਾਗ’ ਨੇ ਪੂਰੇ ਕੀਤੇ ਦਸ ਸਾਲ

ਮੁੰਬਈ: ਅਦਾਕਾਰ ਫਰਹਾਨ ਅਖ਼ਤਰ ਨੇ ਆਪਣੀ ਫਿਲਮ ‘ਭਾਗ ਮਿਲਖਾ ਭਾਗ’ ਦੇ ਦਸ ਸਾਲ ਪੂਰੇ ਹੋਣ ’ਤੇ ਅੱਜ ਜਸ਼ਨ ਮਨਾਇਆ। ਅਦਾਕਾਰ ਦਾ ਕਹਿਣਾ ਹੈ ਕਿ ਉਸ ਦੀ ਜ਼ਿੰਦਗੀ ਵਿੱਚ ਇਸ ਫਿਲਮ ਦੀ ਅਹਿਮ ਥਾਂ ਹੈ। ਰਾਕੇਸ਼ ਓਮਪ੍ਰਕਾਸ਼ ਮਹਿਰਾ ਵੱਲੋਂ ਨਿਰਦੇਸ਼ਿਤ 2013 ਵਿੱਚ ਆਈ ਇਹ ਖੇਡ ਡਰਾਮਾ ਫਿਲਮ ਮਰਹੂਮ ਅਥਲੀਟ ਮਿਲਖਾ ਸਿੰਘ ਦੇ ਜੀਵਨ ’ਤੇ ਆਧਾਰਿਤ ਹੈ। ਇਸ ਫਿਲਮ ਵਿੱਚ ਸੋਨਮ ਕਪੂਰ, ਦਿਵਿਆ ਦੱਤਾ, ਪਵਨ ਮਲਹੋਤਰਾ, ਯੋਗਰਾਜ ਸਿੰਘ ਤੇ ਪ੍ਰਕਾਸ਼ ਰਾਜ ਨੇ ਵੀ ਅਹਿਮ ਭੂਮਿਕਾਵਾਂ ਨਿਭਾਈਆਂ ਹਨ। ਫਰਹਾਨ ਅਖ਼ਤਰ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਫਿਲਮ ਦਾ ਪੋਸਟਰ ਸਾਂਝਾ ਕਰਦਿਆਂ ਕਿਹਾ, ‘ਮੇਰੀ ਜ਼ਿੰਦਗੀ ਅਤੇ ਕੰਮ ’ਤੇ ਡੂੰਘਾ ਪ੍ਰਭਾਵ ਛੱਡਣ ਵਾਲੀ ਇਸ ਫਿਲਮ ਨੂੰ ਰਿਲੀਜ਼ ਹੋਇਆਂ ਅੱਜ ਦਸ ਸਾਲ ਹੋ ਗਏ ਹਨ। ਇਸ ਫਿਲਮ ਦੀ ਮੇਰੇ ਦਿਲ ਵਿੱਚ ਵੱਖਰੀ ਤੇ ਅਹਿਮ ਥਾਂ ਹੈ। ਤੁਹਾਡੇ ਵੱਲੋਂ ਦਿੱਤੇ ਗਏ ਪਿਆਰ ਨੇ ੲਿਸ ਫਿਲਮ ਲਈ ਕੀਤੀ ਮਿਹਨਤ ਦਾ ਮੁੱਲ ਪਾਇਆ ਹੈ।’ ਅਦਾਕਾਰ ਨੇ ਕਿਹਾ, ‘ਇਹ ਬਾਕਮਾਲ ਫਿਲਮ ਬਣਾਉਣ ਤੇ ਮਿਲਖਾ ਸਿੰਘ ਜੀ ਦੇ ਜੀਵਨ ਦੀ ਇਸ ਅਣਮੁੱਲੀ ਪ੍ਰਾਪਤੀ ਨੂੰ ਪਰਦੇ ’ਤੇ ਲਿਆਉਣ ਲਈ ਰਾਕੇਸ਼ ਤੇ ਫਿਲਮ ਨੂੰ ਬੇਹਿਸਾਬ ਪਿਆਰ ਦੇਣ ਲਈ ਦਰਸ਼ਕਾਂ ਦਾ ਤਹਿ ਦਿਲੋਂ ਧੰਨਵਾਦ।’ 

Add a Comment

Your email address will not be published. Required fields are marked *