ਬ੍ਰਿਟੇਨ ਦੇ ਸੰਸਦ ਕੰਪਲੈਕਸ ’ਚ ਮਨਾਇਆ ਗਿਆ ‘ਪਹਿਲਾ ਭਾਰਤੀ ਸੁਤੰਤਰਤਾ ਦਿਵਸ ਸਮਾਰੋਹ’

ਲੰਡਨ – ਭਾਰਤ ਦੇ ਆਜ਼ਾਦੀ ਦੇ 76ਵੇਂ ਸਾਲ ਨੂੰ ਮਨਾਉਣ ਲਈ ਬ੍ਰਿਟਿਸ਼ ਸੰਸਦ ਕੰਪਲੈਕਸ ’ਚ ਆਪਣੀ ਤਰ੍ਹਾਂ ਦੇ ਪਹਿਲੇ ਸਮਾਰੋਹ ਦੀ ਮੇਜ਼ਬਾਨੀ ਕੀਤੀ ਗਈ। ਇਸ ਪ੍ਰੋਗਰਾਮ ਦਾ ਆਯੋਜਨ ਸਾਰੀਆਂ ਪਾਰਟੀਆਂ ਅਤੇ ਭਾਰਤ (ਵਪਾਰ ਅਤੇ ਨਿਵੇਸ਼) ਸਰਬ ਪਾਰਟੀ ਸੰਸਦੀ ਗਰੁੱਪ (ਏ. ਪੀ. ਪੀ. ਜੀ.) ਦੇ ਸਮਰਥਨ ਨਾਲ ਕੀਤਾ ਗਿਆ। ਬ੍ਰਿਟਿਸ਼ ਭਾਰਤੀ ਵਿਚਾਰਕ ਸੰਸਥਾ ‘1928 ਇੰਸਟੀਚਿਊਟ’ ਨੇ ਬ੍ਰਿਟੇਨ ਦੇ ਉੱਚ ਸਦਨ ਦੇ ਰਿਵਰ ਰੂਮ ’ਚ ਸੋਮਵਾਰ ਸ਼ਾਮ ਨੂੰ ਸਵਾਗਤੀ ਸਮਾਰੋਹ ਤੋਂ ਪਹਿਲਾਂ ਭਾਰਤ, ਬੰਗਲਾਦੇਸ਼, ਆਸਟ੍ਰੇਲੀਆ, ਕੈਨੇਡਾ, ਨੇਪਾਲ ਸਮੇਤ ਹੋਰ ਦੇਸ਼ਾਂ ਦੇ ਹਾਈ ਕਮਿਸ਼ਨਰਾਂ ਨੂੰ ਇਕੱਠੇ ਲਿਆਉਂਦਿਆਂ ‘ਭਾਰਤ ਅਤੇ ਹਿੰਦ-ਪ੍ਰਸ਼ਾਂਤ’ ਸਿਰਲੇਖ ਨਾਲ ਇਕ ਵਿਸ਼ੇਸ਼ ਗੋਲਮੇਜ ਸੰਮੇਲਨ ਦਾ ਆਯੋਜਨ ਕੀਤਾ।

ਮੁੱਖ ਭਾਸ਼ਣ ਵਿਰੋਧੀ ਧਿਰ ਦੇ ਨੇਤਾ ਸਰ ਕੀਰ ਸਟਾਰਮਰ ਨੇ ਦਿੱਤਾ, ਜਿਨ੍ਹਾਂ ਨੇ ਭਾਰਤ-ਬ੍ਰਿਟੇਨ ਸਬੰਧਾਂ ਨੂੰ ਉਤਸ਼ਾਹ ਦੇਣ ਲਈ ਲੇਬਰ ਪਾਰਟੀ ਦੀ ਵਚਨਬੱਧਤਾ ਦੋਹਰਾਈ। ਸਟਾਰਮਰ ਨੇ ਕਿਹਾ, “ਮੈਨੂੰ ਇਹ ਖਾਸ ਤੌਰ ‘ਤੇ ਲੱਗਦਾ ਹੈ ਕਿ ਇਹ ਪਹਿਲੀ ਵਾਰ ਹੈ ਜਦੋਂ ਸੰਸਦ ਵਿੱਚ ਇਸ ਤਰ੍ਹਾਂ ਦਾ ਸਮਾਗਮ ਹੋਇਆ ਹੈ। ਇੱਥੇ ਹੋਣਾ ਅਤੇ ਇਸ ਮਹੱਤਵਪੂਰਨ ਪੜਾਅ ਦਾ ਗਵਾਹ ਬਣਨਾ ਬਿਲਕੁਲ ਅਦਭੁਤ ਹੈ, ਅਤੇ ਜਿਵੇਂ-ਜਿਵੇਂ ਅਸੀਂ ਅੱਗੇ ਵਧਾਂਗੇ, ਹੋਰ ਵੀ ਬਹੁਤ ਕੁਝ ਹੋ ਸਕਦਾ ਹੈ। ਬੇਸ਼ੱਕ, ਭਾਰਤ ਨੇ (ਪ੍ਰਧਾਨ ਮੰਤਰੀ ਕਲੇਮੈਂਟ) ਐਟਲੀ ਸਰਕਾਰ ਦੇ ਅਧੀਨ ਆਪਣੀ ਆਜ਼ਾਦੀ ਪ੍ਰਾਪਤ ਕੀਤੀ – ਯੁੱਧ ਤੋਂ ਬਾਅਦ ਇੱਕ ਚੰਗੀ ਲੇਬਰ ਸਰਕਾਰ। ਮੇਰੀ ਅਗਵਾਈ ਵਿਚ ਲੇਬਰ ਪਾਰਟੀ ਉਨ੍ਹਾਂ ਅੰਤਰਰਾਸ਼ਟਰੀ ਸਿਧਾਂਤਾਂ ‘ਤੇ ਕੰਮ ਕਰਨਾ ਜਾਰੀ ਰੱਖੇਗੀ ਜੋ ਉਸ ਸਮੇਂ ਦੇ ਮਹੱਤਵਪੂਰਨ ਫੈਸਲੇ ‘ਤੇ ਆਧਾਰਤ ਸਨ ਅਤੇ ਵਿਸ਼ਵ ਪੱਧਰ ‘ਤੇ ਭਾਰਤ ਦੇ ਨਾਲ ਕੰਮ ਕਰੇਗੀ।’ ਭਾਰਤੀ ਹਾਈ ਕਮਿਸ਼ਨਰ ਵਿਕਰਮ ਦੋਰਾਈਸਵਾਮੀ ਨੇ ਕਿਹਾ ਕਿ ਸਾਨੂੰ ਲਾਜ਼ਮੀ ਰੂਪ ’ਚ ਇਸ ਨੂੰ ਇਕ ਦੂਰਦਰਸ਼ੀ ਸਾਂਝ ਦੇ ਰੂਪ ’ਚ ਵੇਖਣ ਦੀ ਜ਼ਰੂਰਤ ਹੈ। ਅਸੀਂ ਅਕਸਰ ਗਲਤੀ ਕਰਦੇ ਹਾਂ ਅਤੇ ਮੈਨੂੰ ਲੱਗਦਾ ਹੈ ਕਿ ਇਹ ਸਾਡੇ ਦੋਵਾਂ ਸੱਭਿਆਚਾਰਾਂ ’ਚ ਇਕ ਆਮ ਭਾਵਨਾ ਹੈ ਕਿ ਅਸੀਂ ਪਿਛੋਕੜ ਨੂੰ ਭੁੱਲ ਕੇ ਅੱਗੇ ਵੱਧਣ ਦਾ ਰਸਤਾ ਲੱਭਣ ਦੀ ਕੋਸ਼ਿਸ਼ ਕਰਦੇ ਹਾਂ।

Add a Comment

Your email address will not be published. Required fields are marked *