ਪਾਕਿਸਤਾਨ ਨੂੰ ਸਾਊਦੀ ਅਰਬ ਤੋਂ ਮਿਲੇ 2 ਅਰਬ ਡਾਲਰ : ਵਿੱਤ ਮੰਤਰੀ

ਇਸਲਾਮਾਬਾਦ-: ਅੰਤਰਰਾਸ਼ਟਰੀ ਮੁਦਰਾ ਫੰਡ ਨਾਲ ਕਰਜ਼ਾ ਮਨਜ਼ੂਰੀ ‘ਤੇ ਇਕ ਅਹਿਮ ਬੈਠਕ ਤੋਂ ਪਹਿਲਾਂ ਪਾਕਿਸਤਾਨ ਦੇ ਵਿੱਤ ਮੰਤਰੀ ਇਸਹਾਕ ਡਾਰ ਨੇ ਮੰਗਲਵਾਰ ਨੂੰ ਕਿਹਾ ਕਿ ਉਨ੍ਹਾਂ ਦੇ ਦੇਸ਼ ਨੂੰ ਸਾਊਦੀ ਅਰਬ ਤੋਂ 2 ਬਿਲੀਅਨ ਡਾਲਰ ਦੀ ਜਮ੍ਹਾਂ ਰਕਮ ਮਿਲੀ ਹੈ। 12 ਜੁਲਾਈ ਨੂੰ ਹੋਣ ਵਾਲੀ ਮੁਦਰਾ ਫੰਡ ਦੇ ਕਾਰਜਕਾਰੀ ਬੋਰਡ ਦੀ ਬੈਠਕ ‘ਚ ਪਾਕਿਸਤਾਨ ਨੂੰ ਤਿੰਨ ਅਰਬ ਡਾਲਰ ਦਾ ਕਰਜ਼ਾ ਦੇਣ ‘ਤੇ ਫ਼ੈਸਲਾ ਲਿਆ ਜਾਣਾ ਹੈ। ਇਸ ਤੋਂ ਪਹਿਲਾਂ 29 ਜੂਨ ਨੂੰ ਕਰਮਚਾਰੀ ਪੱਧਰ ‘ਤੇ ਦੋਵਾਂ ਧਿਰਾਂ ਵਿਚਾਲੇ ਐਮਰਜੈਂਸੀ ਲੋਨ ਸਮਝੌਤਾ ਹੋਇਆ ਸੀ। ਟਵਿੱਟਰ ‘ਤੇ ਜਾਰੀ ਇਕ ਬਿਆਨ ਵਿਚ ਡਾਰ ਨੇ ਕਿਹਾ ਕਿ ਪਾਕਿਸਤਾਨ ਦੇ ਕੇਂਦਰੀ ਬੈਂਕ ਐਸਬੀਪੀ ਨੂੰ ਸਾਊਦੀ ਅਰਬ ਤੋਂ 2 ਅਰਬ ਡਾਲਰ ਦੀ ਜਮ੍ਹਾਂ ਰਾਸ਼ੀ ਮਿਲੀ ਹੈ, ਜਿਸ ਨਾਲ ਵਿਦੇਸ਼ੀ ਮੁਦਰਾ ਭੰਡਾਰ ਵਿਚ ਵਾਧਾ ਹੋਇਆ ਹੈ। 

ਵਿੱਤੀ ਸੰਕਟ ‘ਚੋਂ ਲੰਘ ਰਹੇ ਪਾਕਿਸਤਾਨ ਕੋਲ ਸਿਰਫ 4.4 ਅਰਬ ਡਾਲਰ ਦੀ ਵਿਦੇਸ਼ੀ ਮੁਦਰਾ ਹੈ। ਇਸ ਮਗਰੋਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਵੀ ਸਾਊਦੀ ਅਰਬ ਦੀ ਲੀਡਰਸ਼ਿਪ ਅਤੇ ਲੋਕਾਂ ਦਾ ਧੰਨਵਾਦ ਕਰਦੇ ਹੋਏ ਪ੍ਰਿੰਸ ਮੁਹੰਮਦ ਬਿਨ ਸਲਮਾਨ ਦਾ ਧੰਨਵਾਦ ਕੀਤਾ। ਸਾਊਦੀ ਅਰਬ ਨੇ ਪਹਿਲਾਂ ਹੀ ਪਾਕਿਸਤਾਨ ਨੂੰ ਇਹ ਰਕਮ ਦੇਣ ਦਾ ਵਾਅਦਾ ਕੀਤਾ ਸੀ ਪਰ ਉਹ ਮੁਦਰਾ ਫੰਡ ਨਾਲ ਸਮਝੌਤੇ ਦੀ ਉਡੀਕ ਕਰ ਰਿਹਾ ਸੀ। ਮੁਦਰਾ ਫੰਡ ਪਾਕਿਸਤਾਨ ਨੂੰ ਕਰਜ਼ਾ ਦੇਣ ਤੋਂ ਪਹਿਲਾਂ ਆਪਣੇ ਵਿਦੇਸ਼ੀ ਮੁਦਰਾ ਭੰਡਾਰ ਬਾਰੇ ਯਕੀਨੀ ਬਣਾਉਣਾ ਚਾਹੁੰਦਾ ਹੈ।

Add a Comment

Your email address will not be published. Required fields are marked *