‘ਨੇਤਾ ਪੜ੍ਹੇ-ਲਿਖੇ ਨਹੀਂ, ਦੇਸ਼ ਪ੍ਰਤੀ ਕੋਈ ਵਿਜ਼ਨ ਨਹੀਂ’, ਬਿਆਨ ਨੂੰ ਲੈ ਕੇ ਕਾਜੋਲ ਹੋ ਰਹੀ ਟਰੋਲ

ਮੁੰਬਈ – ਕਾਜੋਲ ਹਿੰਦੀ ਸਿਨੇਮਾ ਦੀਆਂ ਉਨ੍ਹਾਂ ਅਦਾਕਾਰਾਂ ’ਚੋਂ ਇਕ ਹੈ, ਜੋ ਆਪਣੀ ਦਮਦਾਰ ਅਦਾਕਾਰੀ ਤੇ ਸਪੱਸ਼ਟ ਬੋਲਣ ਵਾਲੇ ਰਵੱਈਏ ਲਈ ਵੀ ਜਾਣੀਆਂ ਜਾਂਦੀਆਂ ਹਨ। ਕਾਜੋਲ ਹਮੇਸ਼ਾ ਆਪਣੀ ਗੱਲ ਖੁੱਲ੍ਹ ਕੇ ਰੱਖਦੀ ਹੈ ਪਰ ਇਸ ਵਾਰ ਅਦਾਕਾਰਾ ਨੇ ਆਪਣੇ ਇਕ ਬਿਆਨ ’ਚ ਦੇਸ਼ ਦੇ ਨੇਤਾਵਾਂ ਨੂੰ ਅਨਪੜ੍ਹ ਕਿਹਾ, ਜਿਸ ’ਤੇ ਹੰਗਾਮਾ ਮਚਿਆ ਹੋਇਆ ਹੈ। ਸੋਸ਼ਲ ਮੀਡੀਆ ਯੂਜ਼ਰਸ ਅਦਾਕਾਰਾ ਨੂੰ ਉਸ ਦੀ ਵਾਇਰਲ ਟਿੱਪਣੀ ’ਤੇ ਜ਼ਬਰਦਸਤ ਟਰੋਲ ਕਰ ਰਹੇ ਹਨ। ਹੁਣ ਅਦਾਕਾਰਾ ਨੇ ਵੀ ਟਰੋਲਿੰਗ ’ਤੇ ਆਪਣੀ ਚੁੱਪੀ ਤੋੜ ਦਿੱਤੀ ਹੈ।

ਦਰਅਸਲ, ਕਾਜੋਲ ਜਲਦ ਹੀ ਵੈੱਬ ਸੀਰੀਜ਼ ‘ਦਿ ਟ੍ਰਾਇਲ’ ਨਾਲ OTT ’ਤੇ ਆਪਣਾ ਡੈਬਿਊ ਕਰਨ ਜਾ ਰਹੀ ਹੈ। ਵੈੱਬ ਸੀਰੀਜ਼ ਦੀ ਅਦਾਕਾਰਾ ਇਨ੍ਹੀਂ ਦਿਨੀਂ ਪ੍ਰਮੋਸ਼ਨ ’ਚ ਰੁੱਝੀ ਹੋਈ ਹੈ। ਇਸ ਦੌਰਾਨ ‘ਦਿ ਕੁਇੰਟ’ ਨੂੰ ਦਿੱਤੇ ਇੰਟਰਵਿਊ ’ਚ ਅਦਾਕਾਰਾ ਨੇ ਦੇਸ਼ ਦੇ ਨੇਤਾਵਾਂ ਦੀ ਸਿੱਖਿਆ ਤੇ ਹੌਲੀ ਵਿਕਾਸ ’ਤੇ ਟਿੱਪਣੀ ਕੀਤੀ, ਜਿਸ ’ਤੇ ਲੋਕ ਨਾਰਾਜ਼ ਹੋ ਰਹੇ ਹਨ। ਅਦਾਕਾਰਾ ਨੇ ਕਿਹਾ, ‘‘ਬਦਲਾਅ ਹੌਲੀ ਹੈ, ਖ਼ਾਸ ਕਰਕੇ ਭਾਰਤ ਵਰਗੇ ਦੇਸ਼ ’ਚ। ਇਹ ਬਹੁਤ ਹੌਲੀ ਹੈ ਕਿਉਂਕਿ ਅਸੀਂ ਆਪਣੀਆਂ ਪ੍ਰੰਪਰਾਵਾਂ ਤੇ ਵਿਚਾਰਾਂ ’ਚ ਡੁੱਬੇ ਹੋਏ ਹਾਂ ਤੇ ਬੇਸ਼ੱਕ ਇਹ ਸਿੱਖਿਆ ਨਾਲ ਸਬੰਧਤ ਹੈ।’’

ਕਾਜੋਲ ਨੇ ਅੱਗੇ ਕਿਹਾ, ‘‘ਤੁਹਾਡੇ ਕੋਲ ਅਜਿਹੇ ਸਿਆਸੀ ਨੇਤਾ ਹਨ, ਜਿਨ੍ਹਾਂ ਦਾ ਕੋਈ ਵਿਦਿਅਕ ਪਿਛੋਕੜ ਨਹੀਂ ਹੈ। ਮੈਨੂੰ ਮੁਆਫ਼ ਕਰਨਾ ਪਰ ਮੈਂ ਬਾਹਰ ਜਾ ਕੇ ਇਹ ਕਹਾਂਗੀ। ਦੇਸ਼ ’ਤੇ ਸਿਆਸਤਦਾਨਾਂ ਦਾ ਰਾਜ ਹੈ। ਇਨ੍ਹਾਂ ’ਚੋਂ ਕਈ ਆਗੂ ਅਜਿਹੇ ਹਨ, ਜਿਨ੍ਹਾਂ ਕੋਲ ਸਹੀ ਨਜ਼ਰੀਆ ਵੀ ਨਹੀਂ ਹੈ, ਜੋ ਸਿਰਫ਼ ਸਿੱਖਿਆ ਤੋਂ ਹੀ ਆਉਂਦਾ ਹੈ।’’ ਨੇਤਾਵਾਂ ਦੀ ਸਿੱਖਿਆ ’ਤੇ ਕਾਜੋਲ ਦਾ ਇਹ ਬਿਆਨ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਅਦਾਕਾਰਾ ਸੋਸ਼ਲ ਮੀਡੀਆ ’ਤੇ ਟਰੋਲਿੰਗ ਦਾ ਸਾਹਮਣਾ ਕਰ ਰਹੀ ਹੈ।

Add a Comment

Your email address will not be published. Required fields are marked *