ਪੁੱਤ ਦੇ ਇਨਸਾਫ਼ ਲਈ ਸਿੱਧੂ ਮੂਸੇ ਵਾਲਾ ਦੇ ਮਾਪਿਆਂ ਨੇ ਗੁਰਾਇਆ ਦੇ ਬੜਾ ਪਿੰਡ ਤੋਂ ਸ਼ੁਰੂ ਕੀਤਾ ‘ਇਨਸਾਫ਼ ਮਾਰਚ’

ਗੁਰਾਇਆ – ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਤੇ ਮਾਤਾ ਚਰਨ ਕੌਰ ਬੀਤੇ ਦਿਨੀਂ ਗੁਰਾਇਆ ਦੇ ਬੜਾ ਪਿੰਡ ਪਹੁੰਚੇ, ਜਿਥੋਂ ਉਨ੍ਹਾਂ ਨੇ ਜਲੰਧਰ ਲੋਕ ਸਭਾ ਲਈ 2 ਦਿਨਾਂ ਇਨਸਾਫ਼ ਮੋਰਚੇ ਦੀ ਸ਼ੁਰੂਆਤ ਕੀਤੀ। ਇਸ ਮੌਕੇ ਵੱਡੀ ਗਿਣਤੀ ’ਚ ਨੌਜਵਾਨਾਂ ਦਾ ਹਜ਼ੂਮ, ਔਰਤਾਂ ਤੇ ਬੱਚੇ ਇਸ ਇਨਸਾਫ਼ ਮਾਰਚ ’ਚ ਸ਼ਾਮਲ ਹੋਏ। ਇਹ ਮਾਰਚ ਬੜਾ ਪਿੰਡ, ਗੁਰਾਇਆ, ਰੁੜਕਾ ਕਲਾਂ, ਬੁੰਡਾਲਾ, ਜੰਡਿਆਲਾ, ਨੂਰਮਹਿਲ, ਨਕੋਦਰ ਤੋਂ ਹੁੰਦਾ ਹੋਇਆ ਸ਼ਾਹਕੋਟ ’ਚ ਪਹਿਲੇ ਦਿਨ ਸਮਾਪਤ ਹੋਇਆ।

ਇਸ ਮੌਕੇ ਮੂਸੇ ਵਾਲਾ ਦੇ ਪਿਤਾ ਨੇ ਭਾਵੁਕ ਹੋ ਕੇ ਲੋਕਾਂ ਨੂੰ ਦੱਸਿਆ ਕਿ ਉਨ੍ਹਾਂ ਦੇ ਹੋਣਹਾਰ ਪੁੱਤਰ ਸ਼ੁੱਭਦੀਪ ਨੂੰ ਮਾਰਨ ਵਾਲੇ ਉਨ੍ਹਾਂ ਦੇ ਘਰ ਦੇ ਨੇੜੇ ਘੁੰਮਦੇ ਰਹੇ ਤੇ ਉਨ੍ਹਾਂ ਦਾ ਪਤਾ ਵੀ ਨਹੀਂ ਲੱਗਾ। ਭਾਰੀ ਹਥਿਆਰਾਂ, ਹੈਂਡ ਗ੍ਰੇਨੇਡਾਂ ਨਾਲ ਲੈਸ ਵਾਹਨ 15 ਦਿਨਾਂ ਤੱਕ ਉਨ੍ਹਾਂ ਦੇ ਘਰ ਦੇ ਆਲੇ-ਦੁਆਲੇ ਘੁੰਮਦੇ ਰਹੇ। ਸੂਬੇ ’ਚ 2 ਲੋਕਾਂ ਨੂੰ ਧਮਕੀਆਂ ਮਿਲੀਆਂ ਸਨ, ਜਿਨ੍ਹਾਂ ’ਚ ਉਸ ਦਾ ਪੁੱਤਰ ਵੀ ਸ਼ਾਮਲ ਸੀ।

ਦਿੱਲੀ ਪੁਲਸ ਦੇ ਸਪੈਸ਼ਲ ਸੈੱਲ ਨੇ ਵੀ ਪੱਤਰ ਜਾਰੀ ਕੀਤਾ ਸੀ ਕਿ ਮੂਸੇ ਵਾਲਾ ਨੂੰ ਵੱਡਾ ਖ਼ਤਰਾ ਹੈ। ਇਸ ਦੇ ਬਾਵਜੂਦ ਉਸ ਦੇ ਪੁੱਤਰ ਦੀ ਸੁਰੱਖਿਆ ਘਟਾ ਦਿੱਤੀ ਗਈ। ਇਸ ਦੀ ਜਾਣਕਾਰੀ ਸੋਸ਼ਲ ਮੀਡੀਆ ’ਤੇ ਵੀ ਪਾਈ ਗਈ। ਸੁਰੱਖਿਆ ਘਟਦਿਆਂ ਹੀ ਦੁਸ਼ਮਣਾਂ ਨੇ ਅਗਲੇ ਹੀ ਦਿਨ ਉਸ ਦੇ ਬੱਬਰ ਸ਼ੇਰ ਵਰਗੇ ਪੁੱਤਰ ਨੂੰ ਬੇਰਹਿਮੀ ਨਾਲ ਗੋਲੀਆਂ ਮਾਰ ਕੇ ਮਾਰ ਦਿੱਤਾ।

ਬਲਕੌਰ ਸਿੰਘ ਨੇ ਦੱਸਿਆ ਕਿ ਸਾਡਾ ਸੁਖੀ ਪਰਿਵਾਰ ਸੀ। ਪਰਿਵਾਰ ’ਚ ਅਸੀਂ 3 ਹੀ ਸੀ, ਜੇ ਉਹ ਚਾਹੁੰਦਾ ਤਾਂ ਮੇਰਾ ਪੁੱਤ ਵੀ ਵਿਦੇਸ਼ ’ਚ ਕਿਤੇ ਸੈਟਲ ਹੋ ਜਾਂਦਾ। ਅਸੀਂ ਵੀ ਰਾਜੇ ਵਰਗੀ ਜ਼ਿੰਦਗੀ ਜੀਅ ਸਕਦੇ ਸੀ ਪਰ ਉਹ ਆਪਣੀ ਧਰਤੀ ਤੇ ਦੇਸ਼ ਨੂੰ ਪਿਆਰ ਕਰਦਾ ਸੀ। ਮੈਂ ਆਪਣੇ ਬੇਟੇ ਲਈ ਵਿਧਾਨ ਸਭਾ, ਅਮਿਤ ਸ਼ਾਹ, ਰਾਹੁਲ ਗਾਂਧੀ ਤੇ ਹੋਰ ਕਈ ਥਾਵਾਂ ’ਤੇ ਗਿਆ। ਉਨ੍ਹਾਂ ਕਿਹਾ ਕਿ ਉਹ ਆਪਣੇ ਪੁੱਤਰ ਨੂੰ ਇਨਸਾਫ਼ ਦਿਵਾਉਣ ਲਈ ਪਿਛਲੇ 11 ਮਹੀਨਿਆਂ ਤੋਂ ਭਟਕ ਰਹੇ ਹਨ।

Add a Comment

Your email address will not be published. Required fields are marked *