ਮੈਲਬੌਰਨ ‘ਚ ਫਰੈਂਡਸ ਯੂਨਾਈਟਡ ਸਪੋਰਟਸ ਕਲੱਬ ਦੀ ਮਨਾਈ ਗਈ 5ਵੀਂ ਵਰ੍ਹੇਗੰਢ
ਮੈਲਬੌਰਨ – ਬੀਤੇ ਸ਼ੁੱਕਰਵਾਰ ਫਰੈਂਡਸ ਯੂਨਾਈਟਡ ਸਪੋਰਟਸ ਕਲੱਬ ਦੀ ਪੰਜਵੀਂ ਵਰੇਗੰਢ ਮੌਕੇ ਮੈਲਬੌਰਨ ਦੇ ਮੈਲਟਨ ਕਮਿਊਨਟੀ ਹਾਲ ਵਿੱਚ ਇੱਕ ਸਮਾਜਿਕ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਮੈਲਟਨ ਹਲਕੇ ਦੇ ਸੰਸਦ ਮੈਂਬਰ ਸਟੀਵ ਮੈਕਗੀਅ ਮੁੱਖ ਮਹਿਮਾਨ ਵਜ਼ੋਂ ਸ਼ਾਮਲ ਹੋਏ। ਇਸ ਮੌਕੇ ਪਿਛਲੇ ਦਿਨੀਂ ਸਮਾਪਤ ਹੋਈਆਂ ਗ੍ਰਿਫਿਥ ਖੇਡਾਂ ਦੌਰਾਨ ਰੱਸ਼ਾਕਸ਼ੀ ਵਿੱਚ ਪਹਿਲਾ ਅਤੇ ਫੁੱਟਬਾਲ ਵਿੱਚ ਦੂਜਾ ਸਥਾਨ ਹਾਸਲ ਕਰਨ ਵਾਲੀਆਂ ਟੀਮਾਂ ਨੂੰ ਸਨਮਾਨਿਤ ਕੀਤਾ ਗਿਆ।
ਮੁੱਖ ਮਹਿਮਾਨ ਨੇ ਸਮੂਹ ਕਲੱਬ ਮੈਂਬਰਾਂ ਨੂੰ ਵਰ੍ਹੇਗੰਢ ਦੀਆਂ ਵਧਾਈਆਂ ਦਿੰਦਿਆਂ ਕਿਹਾ ਕਿ ਆਸਟ੍ਰੇਲੀਆ ਵਿੱਚ ਖੇਡਾਂ ਦਾ ਸਮਾਜ ਪ੍ਰਤੀ ਮਹੱਤਵਪੂਰਨ ਯੋਗਦਾਨ ਹੈ ਅਤੇ ਪੰਜਾਬੀ ਭਾਈਚਾਰਾ ਇਸ ਖੇਤਰ ਵਿੱਚ ਸ਼ਮੂਲੀਅਤ ਕਰਕੇ ਨਰੋਏ ਅਤੇ ਸਿਹਤਮੰਦ ਸਮਾਜ ਦੀ ਸਿਰਜਣਾ ਵਿੱਚ ਵਡਮੁੱਲਾ ਰੋਲ ਨਿਭਾ ਰਿਹਾ ਹੈ। ਇਸ ਮੌਕੇ ਸਮੂਹ ਕਲੱਬ ਅਹੁਦੇਦਾਰਾਂ ਵੱਲੋਂ ਸੰਸਦ ਮੈਂਬਰ ਸਟੀਵ ਮੈਕਗੀਅ ਨੂੰ ਯਾਦਗਾਰੀ ਚਿੰਨ੍ਹ ਭੇਟ ਕੀਤਾ ਗਿਆ। ਅੰਤ ਵਿੱਚ ਕਲੱਬ ਪ੍ਰਧਾਨ ਜੱਸੀ ਮਾਨ, ਕੋਚ ਜਿੰਦਰ ਤੂਰ ਅਤੇ ਕੈਪਟਨ ਦਵਿੰਦਰ ਕਿਰਾਲੀ ਨੇ ਆਏ ਹੋਏ ਪਤਵੰਤਿਆਂ ਦਾ ਧੰਨਵਾਦ ਕੀਤਾ।

