ਅਮਰੀਕਾ ‘ਚ ਨੌਜਵਾਨ ਨੇ ਕੀਤੀ ਅੰਨ੍ਹੇਵਾਹ ਗੋਲੀਬਾਰੀ, ਘਟਨਾ ਨੂੰ ਫੇਸਬੁੱਕ ‘ਤੇ ਕੀਤਾ ਲਾਈਵ

ਵਾਸ਼ਿੰਗਟਨ : ਅਮਰੀਕਾ ‘ਚ ਗੋਲੀਬਾਰੀ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਤਾਜ਼ਾ ਮਾਮਲਾ ਮੈਮਫ਼ਿਸ ਦਾ ਹੈ। ਮੈਮਫਿਸ ‘ਚ ਇਕ ਸਿਰਫਿਰੇ ਵਿਅਕਤੀ ਨੇ ਕਈ ਥਾਵਾਂ ‘ਤੇ ਗੋਲੀਬਾਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਦੋਸ਼ੀ ਨੌਜਵਾਨ ਨੇ ਫੇਸਬੁੱਕ ‘ਤੇ ਗੋਲੀਬਾਰੀ ਦੀ ਲਾਈਵ ਸਟ੍ਰੀਮਿੰਗ ਵੀ ਕੀਤੀ। ਪੁਲਸ ਨੇ ਮੁਲਜ਼ਮ ਦੀ ਪਛਾਣ ਇਜ਼ਕੀਲ ਕੈਲੀ (19) ਵਜੋਂ ਕੀਤੀ ਹੈ ਅਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਗੋਲੀਬਾਰੀ ਕਾਰਨ ਇਲਾਕੇ ਦੇ ਲੋਕ ਦਹਿਸ਼ਤ ਵਿੱਚ ਹਨ।

ਗੋਲੀਬਾਰੀ ਵਿੱਚ ਕੋਈ ਜਾਨੀ ਨੁਕਸਾਨ ਨਹੀਂ 

ਸ਼ੂਟਰ ਇੱਕ ਆਟੋਪਾਰਟਸ ਦੀ ਦੁਕਾਨ ਵਿੱਚ ਦਾਖਲ ਹੋਇਆ ਅਤੇ ਉਸ ਨੇ ਕਈ ਗਾਹਕਾਂ ਨੂੰ ਗੋਲੀ ਮਾਰ ਦਿੱਤੀ। ਦੁਕਾਨ ‘ਚ ਦਾਖਲ ਹੋਣ ਤੋਂ ਪਹਿਲਾਂ ਉਸ ਨੇ ਲਾਈਵ ਸਟ੍ਰੀਮ ‘ਚ ਕਿਹਾ ਸੀ ਕਿ ਇਹ ਕੋਈ ਮਜ਼ਾਕ ਨਹੀਂ ਹੈ। ਪੁਲਸ ਨੇ ਵੀ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਹਮਲੇ ‘ਚ ਕੋਈ ਵੀ ਮਾਰਿਆ ਜਾਂ ਜ਼ਖਮੀ ਨਹੀਂ ਹੋਇਆ ਹੈ। ਹਾਲਾਂਕਿ ਏਬੀਸੀ 24 ਟੈਲੀਵਿਜ਼ਨ ਨੇ ਦੋ ਲੋਕਾਂ ਦੀ ਮੌਤ ਦੀ ਜਾਣਕਾਰੀ ਦਿੱਤੀ ਹੈ।


ਲੋਕਾਂ ਨੂੰ ਘਰਾਂ ਵਿੱਚ ਰਹਿਣ ਦੀ ਸਲਾਹ

ਮੈਮਫ਼ਿਸ ਪੁਲਸ ਨੇ ਲੋਕਾਂ ਨੂੰ ਘਰ ਵਿਚ ਰਹਿਣ ਦੀ ਸਲਾਹ ਦਿੱਤੀ ਸੀ। ਦਰਅਸਲ ਨੌਜਵਾਨ ਕਈ ਦਿਨਾਂ ਤੋਂ ਫੇਸਬੁੱਕ ‘ਤੇ ਗੋਲੀਬਾਰੀ ਦੀਆਂ ਵੀਡੀਓਜ਼ ਪੋਸਟ ਕਰ ਰਿਹਾ ਸੀ। ਪੁਲਸ ਨੇ ਕਿਹਾ ਸੀ ਕਿ ਵੀਡੀਓ ‘ਚ ਨੌਜਵਾਨ ਇਕ ਦੁਕਾਨ ‘ਚ ਗੋਲੀਬਾਰੀ ਕਰਦਾ ਦਿਖਾਈ ਦੇ ਰਿਹਾ ਹੈ। ਹਾਲਾਂਕਿ ਏਜੰਸੀ ਨੇ ਵੀਡੀਓ ਦੀ ਪੁਸ਼ਟੀ ਨਹੀਂ ਕੀਤੀ।ਪੁਲਸ ਨੇ ਹਮਲਾਵਰ ਦੀ ਤਸਵੀਰ ਵੀ ਜਾਰੀ ਕੀਤੀ ਸੀ। ਪੁਲਸ ਨੇ ਲੋਕਾਂ ਨੂੰ ਦੋਸ਼ੀ ਨੂੰ ਦੇਖਦੇ ਹੀ ਤੁਰੰਤ ਸੂਚਨਾ ਦੇਣ ਲਈ ਕਿਹਾ ਸੀ। ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਮੁਲਜ਼ਮ ਨੇ ਹਮਲਾ ਕਿਉਂ ਕੀਤਾ।  

ਮੁਲਜ਼ਮ ਤੋਂ ਪੁੱਛਗਿੱਛ ਜਾਰੀ

ਪੁਲਸ ਵਿਭਾਗ ਦੇ ਬੁਲਾਰੇ ਮੇਜਰ ਕੈਰਨ ਰੂਡੋਲਫ ਨੇ ਕਿਹਾ ਕਿ ਸਾਨੂੰ ਅਜੇ ਤੱਕ ਉਸ ਦੇ ਇਰਾਦੇ ਦਾ ਪਤਾ ਨਹੀਂ ਹੈ। ਅਸੀਂ ਸਿਰਫ ਇਹ ਜਾਣਦੇ ਹਾਂ ਕਿ ਉਹ ਗੋਲੀਬਾਰੀ ਲਈ ਜ਼ਿੰਮੇਵਾਰ ਹੈ। ਕਿੰਨੇ ਲੋਕ ਜ਼ਖਮੀ ਹੋਏ ਹਨ, ਇਸ ਬਾਰੇ ਪੂਰੀ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ। ਘਟਨਾ ਤੋਂ ਬਾਅਦ 630,000 ਲੋਕਾਂ ਦੇ ਸ਼ਹਿਰ ਵਿੱਚ ਪੁਲਸ ਵਿਭਾਗ ਨੇ ਨਾਗਰਿਕਾਂ ਨੂੰ ਘਰਾਂ ਦੇ ਅੰਦਰ ਰਹਿਣ ਦੀ ਚੇਤਾਵਨੀ ਦਿੱਤੀ। ਖਤਰੇ ਦੇ ਮੱਦੇਨਜ਼ਰ ਸਾਰੀਆਂ ਬੱਸਾਂ ਅਤੇ ਟਰਾਂਸਪੋਰਟ ਸੇਵਾਵਾਂ ਨੂੰ ਮੁਅੱਤਲ ਕਰ ਦਿੱਤਾ ਗਿਆ।

ਯੂਨੀਵਰਸਿਟੀ ਨੇ ਵਿਦਿਆਰਥੀਆਂ ਲਈ ਅਲਰਟ ਜਾਰੀ 

ਟੈਨੇਸੀ ਪੁਲਸ ਨੇ ਸਥਾਨਕ ਸਮੇਂ ਅਨੁਸਾਰ ਸ਼ਾਮ 7 ਵਜੇ ਇੱਕ ਅਲਰਟ ਜਾਰੀ ਕੀਤਾ। ਪੁਲਸ ਨੇ ਕਿਹਾ ਸੀ ਕਿ ਇੱਕ ਹਥਿਆਰਬੰਦ ਨੌਜਵਾਨ ਗੋਲੀਬਾਰੀ ਦੀਆਂ ਕਈ ਘਟਨਾਵਾਂ ਲਈ ਜ਼ਿੰਮੇਵਾਰ ਸੀ। ਗੋਲੀਬਾਰੀ ਕਰਨ ਵੇਲੇ ਉਹ ਨੀਲੇ ਰੰਗ ਦੀ ਇਨਫਿਨੀਟੀਆ ਕਾਰ ਵਿੱਚ ਸੀ। ਪੁਲਸ ਨੇ ਦੱਸਿਆ ਕਿ ਬਾਅਦ ਵਿੱਚ ਉਹ ਕਾਰ ਬਦਲ ਕੇ ਸਲੇਟੀ ਰੰਗ ਦੀ ਟੋਇਟਾ ਕਾਰ ਵਿੱਚ ਬੈਠ ਗਿਆ। ਮੈਮਫ਼ਿਸ ਯੂਨੀਵਰਸਿਟੀ ਨੇ ਸਾਰੇ ਵਿਦਿਆਰਥੀਆਂ ਨੂੰ ਸ਼ੂਟਿੰਗ ਸੰਦੇਸ਼ ਜਾਰੀ ਕੀਤਾ। ਯੂਨੀਵਰਸਿਟੀ ਨੇ ਵਿਦਿਆਰਥੀਆਂ ਨੂੰ ਕੈਂਪਸ ਤੋਂ ਬਾਹਰ ਨਾ ਆਉਣ ਦੀ ਸਲਾਹ ਦਿੱਤੀ ਹੈ।

ਪਿਛਲੇ ਸਮੇਂ ਵਿੱਚ ਵਾਪਰੀਆਂ ਬਹੁਤ ਸਾਰੀਆਂ ਘਟਨਾਵਾਂ  

ਵਾਸ਼ਿੰਗਟਨ ਪੋਸਟ ਦੇ ਅਨੁਸਾਰ ਮੈਮਫ਼ਿਸ ਨੇ ਪਿਛਲੇ ਕੁਝ ਹਫ਼ਤਿਆਂ ਵਿੱਚ ਕਈ ਗੋਲੀਬਾਰੀ ਦੇਖੀ ਹੈ। ਪੈਸਿਆਂ ਨੂੰ ਲੈ ਕੇ ਹੋਈ ਬਹਿਸ ਦੌਰਾਨ ਦਿਨ ਦਿਹਾੜੇ ਇੱਕ ਪਾਦਰੀ ਦਾ ਕਤਲ ਅਤੇ ਇੱਕ ਕਾਰਕੁਨ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੇ ਨਾਲ ਹੀ ਸਵੇਰੇ ਸੈਰ ਲਈ ਨਿਕਲੀ ਔਰਤ ਨੂੰ ਅਗਵਾ ਕਰਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ।

Add a Comment

Your email address will not be published. Required fields are marked *