ਜੰਮੂ ਕਸ਼ਮੀਰ ’ਚ ਲੋਕਤੰਤਰੀ ਪ੍ਰਣਾਲੀ ਨਾ ਹੋਣ ਕਾਰਨ ਮੁਸ਼ਕਲਾਂ ਵਧੀਆਂ: ਰਾਹੁਲ

ਗੁਲਮਰਗ , 19 ਫਰਵਰੀ-:ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਅੱਜ ਕੇਂਦਰ ਸਰਕਾਰ ’ਤੇ ਜੰਮੂ ਕਸ਼ਮੀਰ ਦੇ ਲੋਕਾਂ ਦੇ ਲੋਕਤੰਤਰੀ ਹੱਕ ਖੋਹਣ ਦਾ ਦੋਸ਼ ਲਗਾਇਆ ਅਤੇ ਕਿਹਾ ਕਿ ਨਾਜਾਇਜ਼ ਕਬਜ਼ੇ ਹਟਾਉਣ ਦੀ ਮੁਹਿੰਮ ਦਾ ਮਕਸਦ ਅਸਲ ਮੁੱਦਿਆਂ ਤੋਂ ਧਿਆਨ ਭਟਕਾਉਣਾ ਸੀ। ਉਹ ਇੱਥੇ ਜੰਮੂ ਕਸ਼ਮੀਰ ਦੇ ਪਾਰਟੀ ਆਗੂਆਂ ਦੀ ਇਕ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਇਹ ਜਾਣਕਾਰੀ ਕਾਂਗਰਸ ਦੇ ਇਕ ਤਰਜਮਾਨ ਨੇ ਦਿੱਤੀ।

ਤਰਜਮਾਨ ਨੇ ਇੱਥੇ ਜਾਰੀ ਇਕ ਬਿਆਨ ਵਿੱਚ ਕਿਹਾ, ‘‘ਰਾਹੁਲ ਗਾਂਧੀ ਨੇ ਜਿੱਥੇ ਇਕ ਪਾਸੇ ਜੰਮੂ ਕਸ਼ਮੀਰ ਵਿੱਚ ਲੋਕਤੰਤਰੀ ਪ੍ਰਣਾਲੀ ਦੀ ਅਣਹੋਂਦ ਕਾਰਨ ਲੋਕਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ’ਤੇ ਗੰਭੀਰ ਚਿੰਤਾ ਜ਼ਾਹਿਰ ਕੀਤੀ ਹੈ ਉੱਥੇ ਹੀ ਸਰਕਾਰ ’ਤੇ ਲੋਕਾਂ ਦੇ ਹੱਕ ਖੋਹਣ ਦੇ ਦੋਸ਼ ਵੀ ਲਗਾਏ ਹਨ। ਕਸ਼ਮੀਰ ਦੇ ਨਿੱਜੀ ਦੌਰੇ ’ਤੇ ਆਏ ਕਾਂਗਰਸੀ ਆਗੂ ਨੇ ਕੇਂਦਰ ’ਤੇ ਹਰ ਫਰੰਟ ’ਤੇ ਫੇਲ੍ਹ ਰਹਿਣ ਦਾ ਦੋਸ਼ ਲਗਾਇਆ।’’

ਸ੍ਰੀ ਗਾਂਧੀ ਨੇ ਕਿਹਾ ਲੋਕਾਂ ਦੇ ਇੱਛਾ ਦੇ ਖ਼ਿਲਾਫ਼ ਜੰਮੂ ਕਸ਼ਮੀਰ ਨੂੰ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਵੰਡਿਆ ਗਿਆ ਅਤੇ ਭਾਜਪਾ ਵੱਲੋਂ ਆਪਣੀਆਂ ਗਲਤ ਨੀਤੀਆਂ ਤੇ ਅਸਫਲਤਾ ਨੂੰ ਛੁਪਾਉਣ ਲਈ ਹੁਣ ਇੱਥੋਂ ਦੇ ਲੋਕਾਂ ਨੂੰ ਉਨ੍ਹਾਂ ਦੇ ਲੋਕਤੰਤਰੀ ਹੱਕ ਦੇਣ ਤੋਂ ਵੀ ਇਨਕਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੇ ਹੱਕਾਂ ਤੇ ਉਨ੍ਹਾਂ ਨੂੰ ਨਿਆਂ ਦਿਵਾਉਣ ਲਈ ਕਾਂਗਰਸ ਲੜਾਈ ਜਾਰੀ ਰੱਖੇਗੀ।

ਸ੍ਰੀ ਗਾਂਧੀ ਨੇ ਨਾਜਾਇਜ਼ ਕਬਜ਼ਿਆਂ ਦੇ ਨਾਂ ’ਤੇ ਜਾਇਦਾਦਾਂ ਤੋਂ ਬੇਦਖਲ ਕਰਨ ਸਬੰਧੀ ਮੁਹਿੰਮ ਨੂੰ ਵੀ ਭੰਡਿਆ। ਉਨ੍ਹਾਂ ਇਸ ਮੁਹਿੰਮ ਨੂੰ ਬੇਰੁਜ਼ਗਾਰੀ, ਮਹਿੰਗਾਈ ਅਤੇ ਲੋਕਾਂ ਨਾਲ ਸਬੰਧਤ ਵਿਕਾਸ ਦੇ ਮੁੱਦਿਆਂ ਸਣੇ ਅਸਲ ਮੁੱਦਿਆਂ ਤੋਂ ਲੋਕਾਂ ਦਾ ਧਿਆਨ ਭਟਕਾਉਣ ਲਈ ਭਾਜਪਾ ਵੱਲੋਂ ਜਾਣਬੁੱਝ ਕੇ ਉਠਾਇਆ ਗਿਆ ਕਦਮ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਲੋਕ, ਖ਼ਾਸ ਕਰ ਕੇ ਨੌਜਵਾਨ ਪਾਰਟੀ ਦੀਆਂ ਲੋਕਪੱਖੀ ਨੀਤੀਆਂ ਕਰ ਕੇ ਕਾਂਗਰਸ ਵਿੱਚ ਸ਼ਾਮਲ ਹੋ ਰਹੇ ਹਨ।

ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਪਾਰਟੀ ਆਗੂਆਂ ਨੂੰ ਕਾਂਗਰਸ ’ਚ ਸ਼ਾਮਲ ਹੋਣ ਵਾਲਿਆਂ ਲਈ ਹਮੇਸ਼ਾ ਆਪਣੇ ਦਰਵਾਜ਼ੇ ਖੁੱਲ੍ਹੇ ਰੱਖਣ ਦੀ ਅਪੀਲ ਕੀਤੀ ਅਤੇ ਉਨ੍ਹਾਂ ਨੂੰ ਲੋਕਾਂ ਦੀ ਭਲਾਈ ਲਈ ਕੰਮ ਕਰਨ ਦੀ ਹੱਲਾਸ਼ੇਰੀ ਵੀ ਦਿੱਤੀ। ਉਨ੍ਹਾਂ ਕਿਹਾ ਕਿ ਉਹ ਕਸ਼ਮੀਰ ਆਉਂਦੇ ਰਹਿਣਗੇ ਕਿਉਂਕਿ ਉਹ ਲੋਕਾਂ ਦਾ ਦਰਦ ਸਮਝਦੇ ਹਨ।

Add a Comment

Your email address will not be published. Required fields are marked *