ਆਸਟ੍ਰੇਲੀਆਈ ਖਿਡਾਰੀਆਂ ਨਾਲ ਦੁਰਵਿਵਹਾਰ ਦੇ ਮਾਮਲੇ ‘ਚ MCC ਦੀ ਸਖ਼ਤ ਕਾਰਵਾਈ

ਲੰਡਨ – ਮੈਰੀਲਬੋਨ ਕ੍ਰਿਕਟ ਕਲੱਬ (ਐੱਮ.ਸੀ.ਸੀ.) ਨੇ ਦੂਜੇ ਏਸ਼ੇਜ਼ ਕ੍ਰਿਕਟ ਟੈਸਟ ਦੇ ਆਖ਼ਰੀ ਦਿਨ ਜੌਨੀ ਬੇਅਰਸਟੋ ਦੇ ਵਿਵਾਦਤ ਸਟੰਪਿੰਗ ਤੋਂ ਬਾਅਦ ਲਾਰਡਜ਼ ਦੇ ‘ਲਾਂਗ ਰੂਮ’ ਵਿੱਚ ਆਸਟਰੇਲੀਆਈ ਟੀਮ ਨਾਲ ਹੋਏ ਝਗੜੇ ਤੋਂ ਬਾਅਦ 3 ਮੈਂਬਰਾਂ ਨੂੰ ਮੁਅੱਤਲ ਕਰ ਦਿੱਤਾ ਹੈ। MCC ਨੇ ਇਸ ਤੋਂ ਪਹਿਲਾਂ ਆਪਣੇ ਕੁਝ ਮੈਂਬਰਾਂ ਦੇ ਵਿਵਹਾਰ ਲਈ ਆਸਟਰੇਲੀਆਈ ਟੀਮ ਤੋਂ “ਬਿਨਾਂ ਸ਼ਰਤ ਮੁਆਫੀ” ਮੰਗੀ ਸੀ, ਜਿਨ੍ਹਾਂ ਨੇ ਐਤਵਾਰ ਨੂੰ ਲੰਚ ਲਈ ਡਰੈਸਿੰਗ ਰੂਮ ਵਿੱਚ ਜਾਂਦੇ ਸਮੇਂ ਕਈ ਮਹਿਮਾਨ ਖਿਡਾਰੀਆਂ ਨਾਲ ਕਥਿਤ ਤੌਰ ‘ਤੇ ਦੁਰਵਿਵਹਾਰ ਕੀਤਾ ਸੀ।

ਟੈਲੀਵਿਜ਼ਨ ਫੁਟੇਜ ‘ਚ ਦਿਖਿਆ ਕਿ ਸਲਾਮੀ ਬੱਲੇਬਾਜ਼ ਉਸਮਾਨ ਖਵਾਜਾ ਅਤੇ ਡੇਵਿਡ ਵਾਰਨਰ ਦੀ ਲਾਂਗ ਰੂਮ ‘ਚ ਦਰਸ਼ਕਾਂ ਨਾਲ ਬਹਿਸ ਹੋਈ। ਸਟੇਡੀਅਮ ਦਾ ਇਹ ਹਿੱਸਾ MCC ਮੈਂਬਰਾਂ ਅਤੇ ਉਨ੍ਹਾਂ ਦੇ ਮਹਿਮਾਨਾਂ ਲਈ ਰਾਖਵਾਂ ਹੁੰਦਾ ਹੈ। ਖਵਾਜਾ ਨੂੰ ਸੁਰੱਖਿਆ ਕਰਮਚਾਰੀਆਂ ਨੇ ਪਿੱਛੇ ਹਟਾਇਆ ਅਤੇ ਵਾਰਨਰ ਨੂੰ ਵੀ ਕੁਝ ਮੈਂਬਰਾਂ ‘ਤੇ ਟਿੱਪਣੀ ਕਰਦੇ ਦੇਖਿਆ ਗਿਆ, ਜਿਸ ਤੋਂ ਬਾਅਦ ਸੁਰੱਖਿਆ ਕਰਮਚਾਰੀਆਂ ਨੇ ਮਾਮਲਾ ਸ਼ਾਂਤ ਕਰਾਇਆ। ਐੱਮ.ਸੀ.ਸੀ. ਨੇ ਐਤਵਾਰ ਦੇਰ ਰਾਤ ਜਾਰੀ ਇੱਕ ਬਿਆਨ ਵਿੱਚ ਕਿਹਾ, “ਐੱਮ.ਸੀ.ਸੀ. ਪੁਸ਼ਟੀ ਕਰ ਸਕਦਾ ਹੈ ਕਿ ਉਸਨੇ ਅੱਜ ਦੀ ਘਟਨਾ ਤੋਂ ਬਾਅਦ 3 ਮੈਂਬਰਾਂ ਦੀ ਪਛਾਣ ਕੀਤੀ ਹੈ ਅਤੇ ਉਨ੍ਹਾਂ ਨੂੰ ਮੁਅੱਤਲ ਕਰ ਦਿੱਤਾ ਹੈ। ਜਦੋਂ ਤੱਕ ਜਾਂਚ ਜਾਰੀ ਹੈ ਉਦੋਂ ਤੱਕ ਉਨ੍ਹਾਂ ਨੂੰ ਲਾਰਡਸ ਵਿੱਚ ਵਾਪਸ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਅਤੇ ਐੱਮ.ਸੀ.ਸੀ. ਦੇ ਮੁੱਖ ਕਾਰਜਕਾਰੀ ਗਾਯ ਲਵੇਂਡਰ ਨੇ ਇਸ ਦੀ ਜਾਣਕਾਰੀ ਦਿੱਤੀ।’ ਇਹ ਘਟਨਾ ਲੰਚ ਤੋਂ ਅੱਧਾ ਘੰਟਾ ਪਹਿਲਾਂ ਬੇਅਰਸਟੋ ਦੇ ਆਊਟ ਹੋਣ ਤੋਂ ਬਾਅਦ ਵਾਪਰੀ। ਬੇਅਰਸਟੋ ਹੌਲੀ ਬਾਊਂਸਰ ਦਾ ਸ਼ਿਕਾਰ ਹੋ ਗਿਆ ਅਤੇ ਦੂਜੇ ਸਿਰੇ ‘ਤੇ ਕਪਤਾਨ ਬੇਨ ਸਟੋਕਸ ਨੂੰ ਮਿਲਣ ਲਈ ਕ੍ਰੀਜ਼ ਤੋਂ ਬਾਹਰ ਆਇਆ। ਉਸ ਨੇ ਸੋਚਿਆ ਕਿ ਗੇਂਦ ‘ਡੈੱਡ’ ਹੋ ਗਈ ਹੈ। ਹਾਲਾਂਕਿ ਵਿਕਟਕੀਪਰ ਐਲੇਕਸ ਕੈਰੀ ਨੇ ਸਟੰਪ ‘ਤੇ ਮਾਰ ਦਿੱਤੀ ਅਤੇ ਆਸਟ੍ਰੇਲੀਆ ਨੇ ਜਸ਼ਨ ਮਨਾਉਣਾ ਸ਼ੁਰੂ ਕਰ ਦਿੱਤਾ। ਰੀਵਿਊ ਤੋਂ ਬਾਅਦ ਬੇਅਰਸਟੋ ਨੂੰ ਆਊਟ ਦੇ ਦਿੱਤਾ ਗਿਆ। ਉਸ ਨੇ 10 ਦੌੜਾਂ ਬਣਾਈਆਂ ਸਨ। ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਬੇਅਰਸਟੋ ਨਿਯਮਾਂ ਦੇ ਤਹਿਤ ਆਊਟ ਹੋਇਆ ਸੀ ਪਰ ਇੰਗਲੈਂਡ ਦੇ ਕੋਚ ਬ੍ਰੈਂਡਨ ਮੈਕੁਲਮ ਅਤੇ ਸਟੋਕਸ ਦਾ ਮੰਨਣਾ ਹੈ ਕਿ ਉਸ ਦਾ ਆਊਟ ਹੋਣਾ ਖੇਡ ਦੀ ਭਾਵਨਾ ਤਹਿਤ ਨਹੀਂ ਸੀ।

ਬੇਅਰਸਟੋ ਦੇ ਆਊਟ ਹੋਣ ਤੋਂ ਬਾਅਦ ਆਸਟ੍ਰੇਲੀਆਈ ਟੀਮ ਦੀ ਦਰਸ਼ਕਾਂ ਨੇ ਹੂਟਿੰਗ ਕੀਤੀ ਅਤੇ ਲਾਰਡਸ ‘ਤੇ ‘ਉਹੀ ਪੁਰਾਣੇ ਆਸਟ੍ਰੇਲੀਆਈ, ਹਮੇਸ਼ਾ ਧੋਖੇਬਾਜ਼ੀ ਕਰਨ ਵਾਲੇ’ ਨਾਅਰੇ ਲਗਾਏ। ਆਸਟਰੇਲੀਆ ਨੇ ਆਖਰਕਾਰ ਇਹ ਮੈਚ 43 ਦੌੜਾਂ ਨਾਲ ਜਿੱਤ ਕੇ 5 ਮੈਚਾਂ ਦੀ ਲੜੀ ਵਿੱਚ 2-0 ਦੀ ਬੜ੍ਹਤ ਬਣਾ ਲਈ। ਇਸ ਦੌਰਾਨ ਖਵਾਜਾ ਨੇ ‘ਅਪਮਾਨਜਨਕ’ ਵਿਵਹਾਰ ਦੀ ਨਿੰਦਾ ਕੀਤੀ ਹੈ। ਮੈਚ ਤੋਂ ਬਾਅਦ ਚੈਨਲ ਨਾਇਨ ਨਾਲ ਗੱਲ ਕਰਦੇ ਹੋਏ ਖਵਾਜਾ ਨੇ ਆਪਣੀ ਟੀਮ ਪ੍ਰਤੀ ਅਪਮਾਨਜਨਕ ਵਤੀਰੇ ਲਈ ਆਲੋਚਨਾ ਕੀਤੀ। ਖਵਾਜਾ ਨੇ ਕਿਹਾ, “ਲਾਰਡਸ ਮੇਰੀ ਪਸੰਦੀਦਾ ਥਾਵਾਂ ਵਿੱਚੋਂ ਇੱਕ ਹੈ। ਲਾਰਡਸ ਵਿਖੇ ਹਮੇਸ਼ਾ ਸਤਿਕਾਰ ਦਿਖਾਇਆ ਜਾਂਦਾ ਹੈ, ਖਾਸ ਤੌਰ ‘ਤੇ ਲੌਂਗ ਰੂਮ ਵਿਚ ਮੈਂਬਰਸ ਪੈਵੇਲੀਅਨ ਵਿਚ, ਪਰ ਅੱਜ ਅਜਿਹਾ ਨਹੀਂ ਸੀ। ਇਹ ਬਹੁਤ ਨਿਰਾਸ਼ਾਜਨਕ ਸੀ। ਜੇਕਰ ਕੋਈ ਮੈਨੂੰ ਪੁੱਛਦਾ ਹੈ ਕਿ ਖੇਡਣ ਲਈ ਸਭ ਤੋਂ ਵਧੀਆ ਜਗ੍ਹਾ ਕਿੱਥੇ ਹੈ, ਤਾਂ ਮੈਂ ਹਮੇਸ਼ਾ ਕਹਿੰਦਾ ਹਾਂ ਲਾਰਡਸ। ਇੱਥੇ ਦਰਸ਼ਕ ਬਹੁਤ ਚੰਗੇ ਹਨ, ਖਾਸ ਕਰਕੇ ਇੱਥੋਂ ਦੇ ਮੈਂਬਰ ਬਹੁਤ ਚੰਗੇ ਹਨ ਪਰ ਮੈਂਬਰਾਂ ਦੇ ਮੂੰਹੋਂ ਜੋ ਗੱਲਾਂ ਨਿਕਲੀਆਂ ਉਹ ਸੱਚਮੁੱਚ ਨਿਰਾਸ਼ ਕਰਨ ਵਾਲੀਆਂ ਸਨ ਅਤੇ ਮੈਂ ਚੁੱਪਚਾਪ ਖੜ੍ਹਾ ਹੋ ਕੇ ਇਸ ਨੂੰ ਸੁਣਨਾ ਨਹੀਂ ਚਾਹੁੰਦਾ ਸੀ। ਇਸ ਲਈ ਮੈਂ ਉਨ੍ਹਾਂ ਵਿੱਚੋਂ ਕੁਝ ਨਾਲ ਗੱਲ ਕੀਤੀ।’

Add a Comment

Your email address will not be published. Required fields are marked *