ਚੀਨ ਵੱਲੋਂ ਤਾਇਵਾਨ ਨੇੜੇ ਫ਼ੌਜੀ ਮਸ਼ਕਾਂ ਜਾਰੀ

  • ਪੇਲੋਸੀ ਦੇ ਦੌਰੇ ਤੋਂ ਭੜਕੇ ਚੀਨ ਵੱਲੋਂ ਤਾਇਵਾਨ ਟਾਪੂਆਂ ਨੇੜੇ ਕਾਰਵਾਈ ਜਾਰੀ ਰੱਖਣ ਦੀ ਚਿਤਾਵਨੀ

ਪੇਈਚਿੰਗ, 8 ਅਗਸਤ

ਚੀਨ ਨੇ ਤਾਇਵਾਨ ਦੇ ਆਲੇ-ਦੁਆਲੇ ਫ਼ੌਜੀ ਮਸ਼ਕਾਂ ਸੋਮਵਾਰ ਨੂੰ ਵੀ ਜਾਰੀ ਰੱਖੀਆਂ। ਅਮਰੀਕੀ ਪ੍ਰਤੀਨਿਧ ਸਭਾ ਦੀ ਸਪੀਕਰ ਨੈਨਸੀ ਪੇਲੋਸੀ ਦੇ ਤਾਇਵਾਨ ਦੌਰੇ ਤੋਂ ਭੜਕੇ ਚੀਨ ਨੇ ਕਿਹਾ ਕਿ ਉਹ ਤਾਇਵਾਨ ਟਾਪੂ ਨੇੜਲੇ ਪਾਣੀਆਂ ’ਚ ਆਪਣੀਆਂ ਮਸ਼ਕਾਂ ਜਾਰੀ ਰੱਖਣਗੇ। ਪੀਪਲਜ਼ ਲਿਬਰੇਸ਼ਨ ਆਰਮੀ (ਪੀਐੱਲਏ) ਦੀ ਪੂਰਬੀ ਥੀਏਟਰ ਕਮਾਂਡ ਨੇ ਤਾਇਵਾਨ ਨੇੜੇ 4 ਤੋਂ 7 ਅਗਸਤ ਤੱਕ ਮਸ਼ਕਾਂ ਕੀਤੀਆਂ ਸਨ। ਪੀਐੱਲਏ ਵੱਲੋਂ ਮਸ਼ਕਾਂ ਦੇ ਤਾਜ਼ਾ ਐਲਾਨ ’ਚ ਸਥਾਨ ਅਤੇ ਉਨ੍ਹਾਂ ਦੀ ਸਮਾਪਤੀ ਦਾ ਜ਼ਿਕਰ ਨਹੀਂ ਕੀਤਾ ਗਿਆ ਹੈ। ਪੀਐੱਲਏ ਕਮਾਂਡ ਨੇ ਦੇਰ ਰਾਤ ਜਾਰੀ ਬਿਆਨ ’ਚ ਕਿਹਾ ਕਿ ਉਨ੍ਹਾਂ ਦੀ ਫ਼ੌਜ ਨੇ ਐਤਵਾਰ ਨੂੰ ਵੀ ਤਾਇਵਾਨ ਟਾਪੂ ਦੇ ਕਰੀਬ ਪਾਣੀਆਂ ਅਤੇ ਹਵਾ ’ਚ ਮਸ਼ਕਾਂ ਕੀਤੀਆਂ। ਖ਼ਬਰ ਏਜੰਸੀ ਸਿਨਹੁਆ ਮੁਤਾਬਕ ਚੀਨੀ ਫ਼ੌਜ ਨੇ ਜ਼ਮੀਨੀ ਅਤੇ ਲੰਬੀ ਦੂਰੀ ਦੇ ਹਵਾਈ ਨਿਸ਼ਾਨਿਆਂ ਨੂੰ ਫੁੰਡਣ ਦਾ ਸਾਂਝਾ ਅਭਿਆਸ ਕੀਤਾ। ਹਵਾਈ ਸੈਨਾ ਨੇ ਕਈ ਤਰ੍ਹਾਂ ਦੇ ਜੈੱਟ ਤਾਇਨਾਤ ਕੀਤੇ ਹਨ ਜਿਨ੍ਹਾਂ ਨੂੰ ਜਲ ਸੈਨਾ ਅਤੇ ਹਵਾਈ ਪ੍ਰਣਾਲੀਆਂ ਦੀ ਹਮਾਇਤ ਪ੍ਰਾਪਤ ਹੈ। ਇਸੇ ਦੌਰਾਨ ਰਣਨੀਤਕ ਤੌਰ ’ਤੇ ਅਹਿਮ ਹੰਬਨਟੋਟਾ ਬੰਦਰਗਾਹ ’ਤੇ ਚੀਨ ਦੇ ਹਾਈਟੈੱਕ ਖੋਜੀ ਬੇੜੇ ‘ਯੁਆਨ ਵਾਂਗ 5’ ਦੀ ਆਮਦ ਦੀ ਯੋਜਨਾ ਨੂੰ ਟਾਲੇ ਜਾਣ ਦੀ ਸ੍ਰੀਲੰਕਾ ਦੀ ਅਪੀਲ ਤੋਂ ਔਖੋ ਹੋਏ ਚੀਨ ਨੇ ਭਾਰਤ ’ਤੇ ਤਨਜ਼ ਕਸਦਿਆਂ ਕਿਹਾ ਕਿ ਸੁਰੱਖਿਆ ਚਿੰਤਾਵਾਂ ਦਾ ਹਵਾਲਾ ਦੇ ਕੇ ਕੋਲੰਬੋ ’ਤੇ ਦਬਾਅ ਪਾਉਣਾ ਅਰਥਹੀਣ ਹੈ।

Add a Comment

Your email address will not be published. Required fields are marked *