ਮਾਹੌਲ ਖਰਾਬ ਹੋਣ ਕਾਰਨ ਰਾਸ਼ਟਰਪਤੀ ਦਾ ਵਿਦੇਸ਼ ਦੌਰਾ ਰੱਦ

ਪੈਰਿਸ : ਫਰਾਂਸ ‘ਚ ਹਿੰਸਾ ਰੁਕਣ ਦਾ ਨਾਂ ਨਹੀਂ ਲੈ ਰਹੀ। ਹੁਣ ਸਰਕਾਰ ਦੰਗਾਕਾਰੀਆਂ ‘ਤੇ ਐਕਸ਼ਨ ਮੋਡ ‘ਚ ਨਜ਼ਰ ਆ ਰਹੀ ਹੈ। ਦੰਗਿਆਂ ਦੇ ਮੱਦੇਨਜ਼ਰ ਹੁਣ ਤੱਕ 1311 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਹਾਲਾਂਕਿ, ਇਸ ਦੇ ਬਾਵਜੂਦ ਸ਼ਹਿਰਾਂ ‘ਚ ਲਗਾਤਾਰ ਚੌਥੀ ਰਾਤ ਦੰਗੇ ਅਤੇ ਲੁੱਟ-ਖੋਹ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਪੈਰਿਸ ਵਿੱਚ ਇਕ 17 ਸਾਲਾ ਡਲਿਵਰੀ ਬੁਆਏ ਨਾਹੇਲ ਨੂੰ ਇਕ ਪੁਲਸ ਕਰਮਚਾਰੀ ਨੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ‘ਤੇ ਗੋਲ਼ੀ ਮਾਰ ਦਿੱਤੀ ਸੀ। ਇੱਥੋਂ ਹੀ ਦੰਗੇ ਭੜਕਣੇ ਸ਼ੁਰੂ ਹੋਏ।

ਹਾਲਾਂਕਿ, ਪੁਲਸ ਨੇ ਦਲੀਲ ਦਿੱਤੀ ਕਿ ਨਾਹੇਲ ਨੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕੀਤੀ ਸੀ। ਇਸ ਦੇ ਨਾਲ ਹੀ ਮੀਡੀਆ ਰਿਪੋਰਟਾਂ ‘ਚ ਕਿਹਾ ਗਿਆ ਕਿ ਉਸ ਕੋਲ ਲਾਇਸੈਂਸ ਵੀ ਨਹੀਂ ਸੀ। ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕ੍ਰੋਂ ਨੂੰ ਦੇਸ਼ ਭਰ ‘ਚ ਹਿੰਸਾ ਫੈਲਣ ਤੋਂ ਬਾਅਦ ਜਰਮਨੀ ਦਾ ਮਹੱਤਵਪੂਰਨ ਦੌਰਾ ਰੱਦ ਕਰਨਾ ਪਿਆ। ਫਰਾਂਸ ਦੇ ਗ੍ਰਹਿ ਮੰਤਰਾਲੇ ਨੇ ਦੇਸ਼ ਭਰ ਵਿੱਚ ਗ੍ਰਿਫ਼ਤਾਰੀਆਂ ਦੇ ਨਵੇਂ ਅੰਕੜੇ ਜਾਰੀ ਕੀਤੇ ਹਨ। ਰਾਸ਼ਟਰਪਤੀ ਮੈਕ੍ਰੋਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਘਰਾਂ ‘ਚ ਹੀ ਰੱਖਣ। ਨੌਜਵਾਨ ਪ੍ਰਦਰਸ਼ਨਕਾਰੀਆਂ ਅਤੇ ਪੁਲਸ ਵਿਚਾਲੇ ਸੜਕਾਂ ‘ਤੇ ਝੜਪਾਂ ਹੋਈਆਂ।

ਅਧਿਕਾਰੀਆਂ ਮੁਤਾਬਕ ਕਰੀਬ 2500 ਥਾਵਾਂ ‘ਤੇ ਅੱਗਜ਼ਨੀ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ ਅਤੇ ਦੁਕਾਨਾਂ ਦੀ ਭੰਨਤੋੜ ਕੀਤੀ ਗਈ ਹੈ। ਫਰਾਂਸ ‘ਚ ਹਿੰਸਾ ਦਾ ਅਸਰ ਮੈਕ੍ਰੋਂ ਦੀਆਂ ਅੰਤਰਰਾਸ਼ਟਰੀ ਵਚਨਬੱਧਤਾਵਾਂ ‘ਤੇ ਪੈ ਰਿਹਾ ਹੈ। ਜਰਮਨ ਰਾਸ਼ਟਰਪਤੀ ਫਰੈਂਕ-ਵਾਲਟਰ ਸਟੀਨਮੀਰ ਦੇ ਦਫ਼ਤਰ ਦਾ ਕਹਿਣਾ ਹੈ ਕਿ ਮੈਕ੍ਰੋਂ ਨੇ ਸ਼ਨੀਵਾਰ ਨੂੰ ਫੋਨ ਕਰਕੇ ਰਾਜ ਦੇ ਦੌਰੇ ਨੂੰ ਮੁਲਤਵੀ ਕਰਨ ਦੀ ਬੇਨਤੀ ਕੀਤੀ। 23 ਸਾਲਾਂ ‘ਚ ਇਹ ਪਹਿਲੀ ਵਾਰ ਹੈ ਜਦੋਂ ਕਿਸੇ ਫਰਾਂਸੀਸੀ ਰਾਸ਼ਟਰਪਤੀ ਦਾ ਜਰਮਨੀ ਦੌਰਾ ਮੁਲਤਵੀ ਹੋਇਆ ਹੈ।

Add a Comment

Your email address will not be published. Required fields are marked *