ਮੌਤ ਦੇ ਮੂੰਹ ‘ਚੋਂ ਨਿਕਲੇ ਰਿਸ਼ਭ ਪੰਤ ਨੇ ਬਦਲੀ ‘ਜਨਮ ਤਾਰੀਖ਼’

ਭਾਰਤੀ ਕ੍ਰਿਕਟਰ ਰਿਸ਼ਭ ਪੰਤ 30 ਦਸੰਬਰ 2022 ਨੂੰ ਇਕ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਏ ਸਨ। ਜਿਸ ‘ਚ ਉਨ੍ਹਾਂ ਦਾ ਬਚਣਾ ਬਹੁਤ ਮੁਸ਼ਕਿਲ ਸੀ। ਪਰ ਦੇਹਰਾਦੂਨ ਅਤੇ ਮੁੰਬਈ ‘ਚ ਡਾਕਟਰਾਂ ਦੀ ਟੀਮ ਨੇ ਉਨ੍ਹਾਂ ਨੂੰ ਮੌਤ ਤੋਂ ਬਚਾ ਲਿਆ ਅਤੇ ਜਿਵੇਂ ਉਨ੍ਹਾਂ ਦਾ ਪੁਨਰ ਜਨਮ ਹੋਇਆ ਹੋਵੇ। ਅਜਿਹੇ ‘ਚ ਰਿਸ਼ਭ ਪੰਤ ਨੇ ਵੀ ਸੋਸ਼ਲ ਮੀਡੀਆ ‘ਤੇ ਆਪਣੀ ਜਨਮ ਤਾਰੀਖ਼ ਬਦਲ ਕੇ 5 ਜਨਵਰੀ 2023 ਕਰ ਦਿੱਤੀ ਹੈ। ਜਦੋਂ ਕਿ ਉਨ੍ਹਾਂ ਦਾ ਜਨਮ 4 ਅਕਤੂਬਰ 1997 ਨੂੰ ਹੋਇਆ ਸੀ। ਸੋਸ਼ਲ ਮੀਡੀਆ ‘ਤੇ ਆਪਣੀ ਜਨਮ ਤਾਰੀਖ਼ ਬਦਲਣ ਤੋਂ ਬਾਅਦ ਪੰਤ ਹੁਣ ਸਿਰਫ਼ 5 ਮਹੀਨੇ ਦੇ ਹਨ। ਉਨ੍ਹਾਂ ਦੇ ਇਸ ਫ਼ੈਸਲੇ ਨੇ ਪ੍ਰਸ਼ੰਸਕਾਂ ਨੂੰ ਕਾਫ਼ੀ ਹੈਰਾਨ ਕਰ ਦਿੱਤਾ ਅਤੇ ਹੁਣ ਇਹ ਖ਼ਬਰ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

ਹਾਲ ਹੀ ‘ਚ ਭਾਰਤੀ ਕ੍ਰਿਕਟਰ ਰਿਸ਼ਭ ਪੰਤ ਨੇ ਆਪਣੇ ਇੰਸਟਾਗ੍ਰਾਮ ਬਾਇਓ ਨੂੰ ਅਪਡੇਟ ਕੀਤਾ ਹੈ ਅਤੇ ਦੂਜੀ ਜਨਮ ਮਿਤੀ 5 ਜਨਵਰੀ 2023 ਲਿਖੀ ਹੈ। ਦਰਅਸਲ ਉਸੇ ਦਿਨ ਉਨ੍ਹਾਂ ਦਾ ਆਪਰੇਸ਼ਨ ਸਫ਼ਲ ਰਿਹਾ ਅਤੇ ਉਨ੍ਹਾਂ ਨੂੰ ਦੇਹਰਾਦੂਨ ਦੇ ਹਸਪਤਾਲ ਤੋਂ ਮੁੰਬਈ ਲਿਆਂਦਾ ਗਿਆ। ਇਸ ਤੋਂ ਬਾਅਦ ਕੋਕਿਲਾਬੇਨ ਧੀਰੂਭਾਈ ਅੰਬਾਨੀ ‘ਚ ਕਈ ਦਿਨਾਂ ਤੱਕ ਉਨ੍ਹਾਂ ਦਾ ਇਲਾਜ ਚੱਲਦਾ ਰਿਹਾ। ਅਜਿਹੇ ‘ਚ ਰਿਸ਼ਭ ਪੰਤ ਲਈ ਇਹ ਪੁਨਰ ਜਨਮ ਤੋਂ ਘੱਟ ਨਹੀਂ ਹੈ ਅਤੇ ਹੁਣ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ‘ਤੇ ਵੀ ਇਸ ਨੂੰ ਆਪਣਾ ਦੂਜਾ ਜਨਮ ਮੰਨ ਲਿਆ ਹੈ। ਉਨ੍ਹਾਂ ਦੀ ਜਨਮ ਤਾਰੀਖ਼ ਨੂੰ ਬਦਲਣ ਦੀ ਗੱਲ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਹੀ ਹੈ ਅਤੇ ਪ੍ਰਸ਼ੰਸਕ ਇਸ ‘ਤੇ ਵੱਖ-ਵੱਖ ਪ੍ਰਤੀਕਿਰਿਆਵਾਂ ਵੀ ਦੇ ਰਹੇ ਹਨ।

ਭਾਰਤੀ ਕ੍ਰਿਕਟ ਟੀਮ ਦੇ ਵਿਕਟਕੀਪਰ ਅਤੇ ਬੱਲੇਬਾਜ਼ ਰਿਸ਼ਭ ਪੰਤ ਇਸ ਸਮੇਂ ਬੈਂਗਲੁਰੂ ਸਥਿਤ ਨੈਸ਼ਨਲ ਕ੍ਰਿਕਟ ਅਕੈਡਮੀ ‘ਚ ਰਿਕਵਰੀ ਕਰ ਰਹੇ ਹਨ। ਹਾਲ ਹੀ ‘ਚ ਉਨ੍ਹਾਂ ਦਾ ਇਕ ਵੀਡੀਓ ਸਾਹਮਣੇ ਆਇਆ ਸੀ, ਜਿਸ ‘ਚ ਉਹ ਬਿਨਾਂ ਕਿਸੇ ਸਹਾਰੇ ਦੇ ਪੌੜੀਆਂ ‘ਤੇ ਚੜ੍ਹਦੇ ਅਤੇ ਉਤਰਦੇ ਨਜ਼ਰ ਆ ਰਹੇ ਸਨ। ਇਸ ਨੂੰ ਦੇਖ ਕੇ ਪ੍ਰਸ਼ੰਸਕਾਂ ਨੂੰ ਉਮੀਦ ਹੈ ਕਿ ਵਨਡੇ ਵਿਸ਼ਵ ਕੱਪ 2023 ਤੱਕ ਸ਼ਾਇਦ ਉਨ੍ਹਾਂ ਦੀ ਟੀਮ ‘ਚ ਵਾਪਸੀ ਹੋ ਸਕਦੀ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਸਾਲ ਰਿਸ਼ਭ ਪੰਤ ਕਾਰ ਹਾਦਸੇ ਕਾਰਨ ਇੰਡੀਅਨ ਪ੍ਰੀਮੀਅਰ ਲੀਗ ਅਤੇ ਵਿਸ਼ਵ ਟੈਸਟ ਚੈਂਪੀਅਨਸ਼ਿਪ 2023 ਦੇ 16ਵੇਂ ਸੀਜ਼ਨ ਦਾ ਹਿੱਸਾ ਨਹੀਂ ਬਣ ਸਕੇ ਸਨ ਅਤੇ ਉਹ ਆਉਣ ਵਾਲੀ ਵੈਸਟਇੰਡੀਜ਼ ਸੀਰੀਜ਼ ਅਤੇ ਏਸ਼ੀਆ ਕੱਪ ‘ਚ ਵੀ ਉਹ ਟੀਮ ‘ਚ ਸ਼ਾਮਲ ਨਹੀਂ ਹੋਣਗੇ। 

Add a Comment

Your email address will not be published. Required fields are marked *