ਹਾਈ ਕੋਰਟ ਨੇ ‘ਆਦਿਪੁਰਸ਼’ ਦੇ ਨਿਰਮਾਤਾਵਾਂ ਨੂੰ ਪਾਈ ਝਾੜ

ਮੁੰਬਈ – ਫ਼ਿਲਮ ‘ਆਦਿਪੁਰਸ਼’ ਨੂੰ ਰਿਲੀਜ਼ ਹੋਏ 10 ਦਿਨ ਬੀਤ ਚੁੱਕੇ ਹਨ ਤੇ ਇਸ ਨਾਲ ਜੁੜੇ ਵਿਵਾਦ ਅੱਜ ਵੀ ਜਾਰੀ ਹਨ। ਦਰਸ਼ਕਾਂ ਨੇ ਫ਼ਿਲਮ ਦੇ ਡਾਇਲਾਗਸ ’ਤੇ ਇਤਰਾਜ਼ ਜਤਾਇਆ। ਐਡਵੋਕੇਟ ਕੁਲਦੀਪ ਤਿਵਾਰੀ ਨੇ ਇਲਾਹਾਬਾਦ ਹਾਈ ਕੋਰਟ ਦੀ ਲਖਨਊ ਬੈਂਚ ’ਚ ਇਸ ਵਿਰੁੱਧ ਪਟੀਸ਼ਨ ਵੀ ਦਾਇਰ ਕੀਤੀ ਸੀ। ਇਸ ਪਟੀਸ਼ਨ ’ਤੇ ਸੁਣਵਾਈ ਸੋਮਵਾਰ 26 ਜੂਨ ਨੂੰ ਹੋਈ। ਸੁਣਵਾਈ ਦੌਰਾਨ ਹਾਈਕੋਰਟ ਨੇ ਸੈਂਸਰ ਬੋਰਡ ਤੇ ਫ਼ਿਲਮ ਦੇ ਨਿਰਮਾਤਾ-ਨਿਰਦੇਸ਼ਕ ਨੂੰ ਝਾੜ ਪਾਈ ਹੈ।

ਪਟੀਸ਼ਨਰ ਕੁਲਦੀਪ ਤਿਵਾਰੀ ਨੇ ਇਸ ਸਬੰਧੀ ਬਿਆਨ ਜਾਰੀ ਕੀਤਾ ਹੈ। ਬਿਆਨ ਮੁਤਾਬਕ, ‘‘ਅੱਜ ਇਤਰਾਜ਼ਯੋਗ ਫ਼ਿਲਮ ‘ਆਦਿਪੁਰਸ਼’ ਸਬੰਧੀ ਸਾਡੀ ਪਟੀਸ਼ਨ ’ਤੇ ਸੁਣਵਾਈ ਦੌਰਾਨ ਮਾਣਯੋਗ ਹਾਈਕੋਰਟ ’ਚ ਜਸਟਿਸ ਰਾਜੇਸ਼ ਸਿੰਘ ਚੌਹਾਨ ਤੇ ਜਸਟਿਸ ਸ਼੍ਰੀਪ੍ਰਕਾਸ਼ ਸਿੰਘ ਦੇ ਡਿਵੀਜ਼ਨ ਬੈਂਚ ਨੇ ਸੈਂਸਰ ਬੋਰਡ ਤੇ ਫ਼ਿਲਮ ਦੇ ਨਿਰਮਾਤਾਵਾਂ ਨੂੰ ਝਾੜ ਪਾਈ ਹੈ।’’

ਸੀਨੀਅਰ ਵਕੀਲ ਰੰਜਨਾ ਅਗਨੀਹੋਤਰੀ ਨੇ ਅਦਾਲਤ ਨੂੰ ਇਤਰਾਜ਼ਯੋਗ ਤੱਥਾਂ ਦੀ ਜਾਣਕਾਰੀ ਦਿੱਤੀ ਤੇ ਵਿਰੋਧ ਦਰਜ ਕਰਵਾਇਆ। ਸੈਂਸਰ ਬੋਰਡ ਵਲੋਂ ਐਡਵੋਕੇਟ ਅਸ਼ਵਨੀ ਕੁਮਾਰ ਪੇਸ਼ ਹੋਏ। ਅਦਾਲਤ ਨੇ 22 ਜੂਨ ਨੂੰ ਸਾਡੇ ਵਲੋਂ ਦਾਖ਼ਲ ਕੀਤੀ ਸੋਧ ਅਰਜ਼ੀ ਨੂੰ ਸਵੀਕਾਰ ਕਰਦਿਆਂ ਸੈਂਸਰ ਬੋਰਡ ਵਲੋਂ ਪੇਸ਼ ਹੋਏ ਵਕੀਲ ਅਸ਼ਵਨੀ ਸਿੰਘ ਨੂੰ ਪੁੱਛਿਆ ਕਿ ਸੈਂਸਰ ਬੋਰਡ ਕੀ ਕਰਦਾ ਰਹਿੰਦਾ ਹੈ? ਸਿਨੇਮਾ ਸਮਾਜ ਦਾ ਸ਼ੀਸ਼ਾ ਹੈ, ਤੁਸੀਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਕੀ ਸਿਖਾਉਣਾ ਚਾਹੁੰਦੇ ਹੋ? ਕੀ ਸੈਂਸਰ ਬੋਰਡ ਆਪਣੀ ਜ਼ਿੰਮੇਵਾਰੀ ਨਹੀਂ ਸਮਝ ਰਿਹਾ?

ਅਦਾਲਤ ਨੇ ਇਹ ਵੀ ਕਿਹਾ ਕਿ ਸਿਰਫ਼ ਰਾਮਾਇਣ ਹੀ ਨਹੀਂ, ਸਗੋਂ ਪਵਿੱਤਰ ਕੁਰਾਨ, ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਗੀਤਾ ਵਰਗੇ ਧਾਰਮਿਕ ਗ੍ਰੰਥਾਂ ਨੂੰ ਛੱਡ ਦਿਓ, ਬਾਕੀ ਉਹ ਜੋ ਵੀ ਕਰਦੇ ਹਨ, ਕਰਦੇ ਰਹਿਣ। ਅਦਾਲਤ ’ਚ ਫ਼ਿਲਮ ਦੇ ਨਿਰਮਾਤਾ, ਨਿਰਦੇਸ਼ਕ ਤੇ ਹੋਰ ਬਚਾਅ ਪੱਖ ਦੇ ਪੇਸ਼ ਨਾ ਹੋਣ ’ਤੇ ਵੀ ਅਦਾਲਤ ਨੇ ਸਖ਼ਤ ਰੁਖ਼ ਦਿਖਾਇਆ। ਸੀਨੀਅਰ ਵਕੀਲ ਰੰਜਨਾ ਅਗਨੀਹੋਤਰੀ ਨੇ ਸੈਂਸਰ ਬੋਰਡ ਵਲੋਂ ਅਜੇ ਤੱਕ ਆਪਣਾ ਜਵਾਬ ਦਾਇਰ ਨਾ ਕਰਨ ’ਤੇ ਇਤਰਾਜ਼ ਜਤਾਇਆ ਤੇ ਅਦਾਲਤ ਨੂੰ ਫ਼ਿਲਮ ਦੇ ਇਤਰਾਜ਼ਯੋਗ ਤੱਥਾਂ ਤੋਂ ਜਾਣੂ ਕਰਵਾਇਆ।

ਚਮਗਾਂਦੜਾਂ ਨੂੰ ਰਾਵਣ ਦਾ ਮਾਸ ਖੁਆਉਣਾ, ਕਾਲੇ ਰੰਗ ਦੀ ਲੰਕਾ, ਚਮਗਾਂਦੜਾਂ ਨੂੰ ਰਾਵਣ ਦਾ ਵਾਹਨ ਦੱਸਿਆ ਜਾਣਾ, ਵਿਭੀਸ਼ਨ ਦੀ ਪਤਨੀ ਨੂੰ ਸੁਸ਼ੇਨ ਵੈਦਿਆ ਦੀ ਬਜਾਏ ਲਕਸ਼ਮਣ ਜੀ ਨੂੰ ਸੰਜੀਵਨੀ ਦਿੰਦੇ ਹੋਏ ਦਿਖਾਉਣਾ, ਇਤਰਾਜ਼ਯੋਗ ਸੰਵਾਦ ਤੇ ਹੋਰ ਸਾਰੇ ਤੱਥ ਅਦਾਲਤ ’ਚ ਰੱਖੇ ਗਏ ਸਨ, ਜਿਨ੍ਹਾਂ ’ਤੇ ਅਦਾਲਤ ਨੇ ਸਹਿਮਤੀ ਪ੍ਰਗਟਾਈ।

Add a Comment

Your email address will not be published. Required fields are marked *