ਮੂਸੇਵਾਲਾ ਕਤਲਕਾਂਡ ’ਚ ਮੁਲਜ਼ਮ ਜੋਗਿੰਦਰ ਜੋਗਾ ਮਾਨਸਾ ਅਦਾਲਤ ’ਚ ਪੇਸ਼

ਮਾਨਸਾ : ਸਿੱਧੂ ਮੂਸੇਵਾਲਾ ਦੇ ਕਤਲ ਵਿਚ ਮੁਲਜ਼ਮ ਜੋਗਿੰਦਰ ਸਿੰਘ ਜੋਗਾ ਨੂੰ ਮਾਨਸਾ ਪੁਲਸ ਨੇ ਭੋਂਡਸੀ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਕੇ ਮਾਨਸਾ ਦੀ ਅਦਾਲਤ ਵਿਚ ਪੇਸ਼ ਕੀਤਾ ਹੈ। ਕੋਰਟ ਨੇ ਮੁਲਜ਼ਮ ਨੂੰ 2 ਦਿਨ ਦੇ ਪੁਲਸ ਰਿਮਾਂਡ ’ਤੇ ਭੇਜ ਦਿੱਤਾ ਹੈ। ਮੁਲਜ਼ਮ ਜੋਗਾ ਨੇ ਮੂਸੇਵਾਲਾ ਦੇ ਕਤਲ ਕਰਨ ਵਾਲੇ ਸ਼ੂਟਰਾਂ ਨੂੰ ਉਕਲਾਣਾ ਖੇਤਰ ਵਿਚ ਪਨਾਹ ਦਿੱਤੀ ਸੀ। ਹਰਿਆਣਾ ਦੇ ਜੀਂਦ ਜ਼ਿਲ੍ਹੇ ਦਾ ਜੋਗਿੰਦਰ ਸਿੰਘ ਉਰਫ ਜੋਗਾ ਗੁਰੂਗ੍ਰਾਮ ਦੀ ਭੋਂਡਸੀ ਜੇਲ੍ਹ ਵਿਚ ਬੰਦ ਸੀ। ਜਿਸ ਨੂੰ ਮਾਨਸਾ ਪੁਲਸ ਪ੍ਰੋਡਕਸ਼ਨ ਵਾਰੰਟ ’ਤੇ ਲੈ ਕੇ ਆਈ ਸੀ। ਜੋਗਾ ਦੇ ਸਬੰਧ ਲਾਰੈਂਸ ਅਤੇ ਗੋਲਡੀ ਬਰਾੜ ਗੈਂਗ ਨਾਲ ਦੱਸੇ ਜਾ ਰਹੇ ਹਨ। ਮੁਲਜ਼ਮ ਦਾ ਸਬੰਧ ਮਾਨਸਾ ਦੇ ਸੀ. ਆਈ. ਏ. ਥਾਣੇ ਤੋਂ ਭੱਜੇ ਦੀਪਕ ਟੀਨੂੰ ਨਾਲ ਵੀ ਦੱਸਿਆ ਜਾ ਰਿਹਾ ਹੈ। ਜੋਗਿੰਦਰ ਸਿੰਘ ਉਰਫ ਜੋਗਾ ਨੇ ਮਾਨਸਾ ਸੀ. ਆਈ. ਏ. ਤੋਂ ਭੱਜਣ ਦੇ ਬਾਅਦ ਵੀ ਟੀਨੂੰ ਨੂੰ ਮਦਦ ਕੀਤੀ ਸੀ। 

ਐਡਵੋਕੇਟ ਸਤਿੰਦਰਪਾਲ ਸਿੰਘ ਮਿੱਤਲ ਨੇ ਦੱਸਿਆ ਕਿ ਮੂਸੇਵਾਲਾ ਕਤਲਕਾਂਡ ਦੇ ਮਾਮਲੇ ਵਿਚ ਜੋਗਿੰਦਰ ਨੂੰ ਭਗੌੜਾ ਐਲਾਨਿਆ ਗਿਆ ਸੀ। ਕੋਰਟ ਤੋਂ ਪਹਿਲਾਂ ਮੁਲਜ਼ਮ ਦੀ ਗ੍ਰਿਫਤਾਰੀ ਦੀ ਇਜਾਜ਼ਤ ਲਈ ਸੀ ਜਿਸ ਤੋਂ ਬਾਅਦ ਪੁਲਸ ਨੇ ਉਸ ਨੂੰ ਗੁਰੂਗ੍ਰਾਮ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਹੈ। ਅੱਜ ਉਸ ਨੂੰ ਮਾਨਸਾ ਕੋਰਟ ਵਿਚ ਪੇਸ਼ ਕੀਤਾ ਗਿਆ ਜਿੱਥੇ ਪੁਲਸ ਨੇ ਮੁਲਜ਼ਮ ਦੀ 7 ਦਿਨ ਦੀ ਰਿਮਾਂਡ ਦੀ ਮੰਗ ਕੀਤੀ ਸੀ ਪਰ ਅਦਾਲਤ ਨੇ ਸਿਰਫ 2 ਦਿਨ ਦੇ ਰਿਮਾਂਡ ਹੀ ਮਨਜ਼ੂਰ ਕੀਤਾ ਹੈ।

ਦੱਸ ਦੇਈਏ ਕਿ ਮੂਸੇਵਾਲਾ ਦਾ 29 ਮਈ 2022 ਨੂੰ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਪਿੰਡ ਜਵਾਹਰਕੇ ਵਿਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਪੰਜਾਬ ਸਰਕਾਰ ਮੁਤਾਬਕ ਇਸ ਮਾਮਲੇ ਵਿਚ ਹੁਣ ਤੱਕ 29 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਦੋ ਮੁਲਜ਼ਮ ਮੁਕਾਬਲੇ ਵਿਚ ਮਾਰੇ ਗਏ ਤੇ 5 ਨੂੰ ਭਾਰਤ ਦੇ ਬਾਹਰ ਤੋਂ ਲਿਆਂਦਾ ਜਾਣਾ ਹੈ। ਮੂਸੇਵਾਲਾ ਦੇ ਕਤਲ ਮਾਮਲੇ ਵਿਚ ਮੁੱਖ ਮੁਲਜ਼ਮ ਗੈਂਗਸਟਰ ਲਾਰੈਂਸ ਗੈਂਗ ਦਾ ਗੋਲਡੀ ਬਰਾੜ ਹੈ।

Add a Comment

Your email address will not be published. Required fields are marked *