ਖੜਗੇ ਦਾ ਯੂ-ਟਰਨ, ਬੋਲੇ- ਅਧੀਰ ਰੰਜਨ ਕਾਂਗਰਸ ਦੇ ‘ਲੜਾਕੂ ਸਿਪਾਹੀ’

ਨਵੀਂ ਦਿੱਲੀ – ਤ੍ਰਿਣਮੂਲ ਕਾਂਗਰਸ (ਟੀ.ਐੱਮ.ਸੀ.) ਦੀ ਸੁਪਰੀਮੋ ਮਮਤਾ ਬੈਨਰਜੀ ਦੀ ਭਰੋਸੇਯੋਗਤਾ ’ਤੇ ਸਵਾਲ ਉਠਾਉਣ ਵਾਲੇ ਕਾਂਗਰਸ ਦੀ ਪੱਛਮੀ ਬੰਗਾਲ ਇਕਾਈ ਦੇ ਪ੍ਰਧਾਨ ਅਧੀਰ ਰੰਜਨ ਚੌਧਰੀ ਨੂੰ ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਸੋਮਵਾਰ ਨੂੰ ‘ਲੜਾਕੂ ਸਿਪਾਹੀ’ ਕਰਾਰ ਦਿੱਤਾ। ਪੱਛਮੀ ਬੰਗਾਲ ਦੀ ਬਹਿਰਾਮਪੁਰ ਸੀਟ ਤੋਂ ਪੰਜ ਵਾਰ ਦੇ ਲੋਕ ਸਭਾ ਮੈਂਬਰ ਚੌਧਰੀ ਨੇ ਪਿਛਲੇ ਹਫਤੇ ਕਿਹਾ ਸੀ ਕਿ ਮਮਤਾ ਬੈਨਰਜੀ ’ਤੇ ਭਰੋਸਾ ਨਹੀਂ ਕੀਤਾ ਜਾ ਸਕਦਾ ਅਤੇ ਉਹ (ਮਮਤਾ) ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਨਾਲ ਜਾ ਸਕਦੀ ਹੈ, ਜਿਸ ਨੂੰ ਲੈ ਕੇ ਖੜਗੇ ਨੇ ਉਨ੍ਹਾਂ ਨੂੰ ਝਾੜ ਪਾਈ ਸੀ। ਖੜਗੇ ਨੇ ਚੌਧਰੀ ਬਾਰੇ ਕਿਹਾ,”ਉਹ ਸਾਡੇ ਲੜਾਕੂ ਸਿਪਾਹੀ ਹਨ।” ਚੌਧਰੀ ਨੇ ਆਪਣੀ ਟਿੱਪਣੀ ‘ਚ ਦੋਸ਼ ਲਗਾਇਆ ਸੀ ਕਿ ਮੁੱਖ ਮੰਤਰੀ ਕਾਂਗਰਸ ਨੂੰ ਕੁਚਲਣ ਲਈ ਹਿੰਸਾ ਦਾ ਉਪਯੋਗ ਕਰਦੀ ਹੈ ਅਤੇ ਉਹ ਭਾਜਪਾ ਦੀ ਮਦਦ ਕਰ ਰਹੀ ਹੈ। ਕਾਂਗਰਸ ਪ੍ਰਧਾਨ ਨੇ ਸਵਾਲ ਕੀਤਾ ਕਿ ਕੀ ਕਾਂਗਰਸ ਚੌਧਰੀ ਨੂੰ ਲੈ ਕੇ ਵੀ ਉਹੀ ਗਲਤੀ ਕਰ ਰਹੀ ਹੈ, ਜੋ ਉਸ ਨੇ 1998 ‘ਚ ਮਮਤਾ ਨਾਲ ਕੀਤੀ ਸੀ, ਜਿਨ੍ਹਾਂ ਨੇ ਬੰਗਾਲ ‘ਚ ਪਾਰਟੀ ਵਰਕਰਾਂ ‘ਤੇ ਖੱਬੇਪੱਖੀਆਂ ਦੇ ‘ਅੱਤਿਆਚਾਰਾਂ’ ਦੇ ਵਿਰੋਧ ‘ਚ ਆਪਣੀ ਪਾਰਟੀ ਬਣਾਉਣ ਲਈ ਪਾਰਟੀ ਛੱਡ ਦਿੱਤੀ ਸੀ।

ਇਸ ਸਵਾਲ ‘ਤੇ ਖੜਗੇ ਨੇ ਕਿਹਾ,”ਮੈਂ ਕਿਸੇ ਇਕ ਵਿਅਕਤੀ ਬਾਰੇ ਨਹੀਂ ਬੋਲਣਾ ਚਾਹੁੰਦਾ। ਚੌਧਰੀ ਕਾਂਗਰਸ ਪਾਰਟੀ ਦੇ ਇਕ ਲੜਾਕੂ ਸਿਪਾਹੀ ਹਨ ਅਤੇ ਪੱਛਮੀ ਬੰਗਾਲ ‘ਚ ਸਾਡੇ ਨੇਤਾ ਹਨ।” ਖੜਗੇ ਨੇ ਕਿਹਾ ਕਿ ਟੀ.ਐੱਮ.ਸੀ. ਦੇ ਕੁਝ ਨੇਤਾ ਖੱਬੇਪੱਖੀਆਂ ਨਾਲ ਕਾਂਗਰਸ ਦੇ ਗਠਜੋੜ ਦਾ ਮੁੱਦਾ ਚੁੱਕਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਇਹ ਕੰਮ ਨਹੀਂ ਕਰੇਗਾ। ਖੜਗੇ ਨੇ ਕਿਹਾ,”ਉਹ ਇਸ ਨੂੰ ਵੱਖ ਢੰਗ ਨਾਲ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਪਰ ਅਜਿਹਾ ਨਹੀਂ ਹੋਵੇਗਾ, ਕਿਉਂਕਿ ਕਾਂਗਰਸ ਪਾਰਟੀ ਮਜ਼ਬੂਤ ਹੈ ਅਤੇ ਇਕ-ਦੂਜੇ ਨੂੰ ਸਮਝਦੀ ਹੈ। ਪੱਛਮੀ ਬੰਗਾਲ ‘ਚ ਕੀ ਹੋਇਆ ਹੈ ਕਿ ਕਾਂਗਰਸ ਹਾਈ ਕਮਾਨ ਨੇ ਖੱਬੇ ਪੱਖੀ ਦਲਾਂ ਨਾਲ ਗਠਜੋੜ ਕਰਨ ਦਾ ਫ਼ੈਸਲਾ ਲਿਆ ਹੈ ਅਤੇ ਅਸੀਂ ਉਸੇ ਨਾਲ ਅੱਗੇ ਵੱਧ ਰਹੇ ਹਾਂ।” ਟੀ.ਐੱਮ.ਸੀ. ਰਾਜ ‘ਚ ਇਕੱਲੇ ਲੋਕ ਸਭਾ ਚੋਣਾਂ ਲੜ ਰਹੀ ਹੈ, ਜਦੋਂ ਕਿ ਕਾਂਗਰਸ ਅਤੇ ਖੱਬੇਪੱਖੀ ਦਲ ਮਿਲ ਕੇ ਚੋਣ ਲੜ ਰਹੇ ਹਨ। ਖੜਗੇ ਨੇ ਸ਼ਨੀਵਾਰ ਨੂੰ ਮੁੰਬਈ ‘ਚ ਸ਼ਿਵ ਸੈਨਾ-ਊਧਵ ਬਾਲਾ ਸਾਹਿਬ ਠਾਕਰੇ (ਸ਼ਿਵ ਸੈਨਾ-ਯੂਬੀਟੀ) ਪ੍ਰਧਾਨ ਊਧਵ ਠਾਕਰੇ ਅਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ-ਸ਼ਰਦਚੰਦਰ ਪਵਾਰ (ਰਾਕਾਂਪਾ-ਐੱਸਪੀ) ਮੁਖੀ ਸ਼ਰਦ ਪਵਾਰ ਨਾਲ ਪੱਤਰਕਾਰਾਂ ਨੂੰ ਸੰਯੁਕਤ ਰੂਪ ਨਾਲ ਸੰਬੋਧਨ ਕਰਦੇ ਹੋਏ ਚੌਧਰੀ ਵਲੋਂ ਮਮਤਾ ਬੈਨਰਜੀ ਦੀ ਆਲੋਚਨਾ ਕੀਤੇ ਜਾਣ ਨੂੰ ਖਾਰਜ ਕਰ ਦਿੱਤਾ ਸੀ।

Add a Comment

Your email address will not be published. Required fields are marked *