ਤੁਰਕੀ ਨੇ ਲਗਭਗ 230 ਅਫਗਾਨ ਪ੍ਰਵਾਸੀਆਂ ਨੂੰ ਦੇਸ਼ ‘ਚੋਂ ਕੱਢਿਆ

ਕਾਬੁਲ : ਤੁਰਕੀ ਨੇ ਲਗਭਗ 230 ਅਫਗਾਨ ਪ੍ਰਵਾਸੀਆਂ ਨੂੰ ਡਿਪੋਰਟ ਕਰ ਦਿੱਤਾ ਹੈ। ਖਾਮਾ ਪ੍ਰੈੱਸ ਨੇ ਤੁਰਕੀ ਦੇ ਮੀਡੀਆ ਆਊਟਲੈੱਟਸ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਕੁਲ 230 ਅਫਗਾਨ ਪ੍ਰਵਾਸੀਆਂ ਨੂੰ ਨਾਕਾਫੀ ਦਸਤਾਵੇਜ਼ਾਂ ਕਾਰਨ ਵੱਖ-ਵੱਖ ਤੁਰਕੀ ਸ਼ਹਿਰਾਂ ਤੋਂ ਦੇਸ਼ ਵਾਪਸ ਭੇਜ ਦਿੱਤਾ ਗਿਆ ਹੈ। ਰਿਪੋਰਟਾਂ ਮੁਤਾਬਕ ਡਿਪੋਰਟ ਕੀਤੇ ਗਏ ਜ਼ਿਆਦਾਤਰ ਅਫਗਾਨ ਸ਼ਰਨਾਰਥੀ ਅਣਅਧਿਕਾਰਤ ਅਤੇ ਗੈਰ-ਕਾਨੂੰਨੀ ਪ੍ਰਵਾਸੀ ਸਨ।

ਰਿਪੋਰਟਾਂ ਮੁਤਾਬਕ ਤੁਰਕੀ ਸਰਕਾਰ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਉਹ ਪੂਰਬੀ ਸ਼ਹਿਰ ਐਗਰੀ ‘ਚ ਅਣਅਧਿਕਾਰਤ ਸ਼ਰਣ ਮੰਗਣ ਵਾਲਿਆਂ ‘ਤੇ ਨਜ਼ਰ ਰੱਖੇਗੀ। ਖਾਮਾ ਪ੍ਰੈੱਸ ਅਨੁਸਾਰ ਪਿਛਲੇ ਸਾਲ ਦੌਰਾਨ 1,24,441 ਗੈਰ-ਦਸਤਾਵੇਜ਼ੀ ਪ੍ਰਵਾਸੀਆਂ ‘ਚੋਂ ਤੁਰਕੀ ਦੇ ਜਨਰਲ ਡਾਇਰੈਕਟੋਰੇਟ ਆਫ਼ ਮਾਈਗ੍ਰੇਸ਼ਨ ਨੇ ਪਹਿਲਾਂ 68,290 ਅਫਗਾਨ ਸ਼ਰਣ ਬਿਨੈਕਾਰਾਂ ਨੂੰ ਦੇਸ਼ ਨਿਕਾਲਾ ਦੇਣ ਦੀ ਰਿਪੋਰਟ ਕੀਤੀ ਸੀ। ਅਗਸਤ 2021 ਵਿੱਚ ਜਦੋਂ ਤੋਂ ਤਾਲਿਬਾਨ ਨੇ ਅਫਗਾਨਿਸਤਾਨ ‘ਤੇ ਮੁੜ ਕਬਜ਼ਾ ਕੀਤਾ ਹੈ, ਹਜ਼ਾਰਾਂ ਅਫਗਾਨ ਸਰੀਰਕ ਸ਼ੋਸ਼ਣ, ਤਸ਼ੱਦਦ ਜਾਂ ਕਤਲ ਦੇ ਡਰੋਂ ਗੁਆਂਢੀ ਦੇਸ਼ਾਂ ਵਿੱਚ ਭੱਜ ਗਏ ਹਨ।

ਖਾਮਾ ਪ੍ਰੈੱਸ ਨੇ ਇਕ ਅਫਗਾਨ ਸ਼ਰਨਾਰਥੀ ਦੇ ਹਵਾਲੇ ਨਾਲ ਕਿਹਾ, “ਅਫਗਾਨਿਸਤਾਨ ਪਰਤਣਾ ਖੁਦਕੁਸ਼ੀ ਵਰਗਾ ਹੈ। ਮੈਂ ਤੁਰਕੀ ਪਹੁੰਚਣ ਲਈ ਬਹੁਤ ਦੁੱਖ ਝੱਲੇ ਅਤੇ ਹੁਣ ਉਹ ਮੈਨੂੰ ਜ਼ਬਰਦਸਤੀ ਮੇਰੇ ਦੇਸ਼ ਵਾਪਸ ਭੇਜ ਰਹੇ ਹਨ। ਮੇਰੇ ਕੋਲ ਆਪਣੀ ਜ਼ਿੰਦਗੀ ਖਤਮ ਕਰਨ ਤੋਂ ਇਲਾਵਾ ਕੋਈ ਵਿਕਲਪ ਨਹੀਂ ਹੈ।” ਤਾਲਿਬਾਨ ਦੇ ਸੱਤਾ ‘ਤੇ ਕਾਬਜ਼ ਹੋਣ ਤੋਂ ਬਾਅਦ ਜ਼ਿਆਦਾਤਰ ਅਫਗਾਨ ਪ੍ਰਵਾਸੀਆਂ ਨੇ ਈਰਾਨ, ਪਾਕਿਸਤਾਨ ਅਤੇ ਤੁਰਕੀ ਵਰਗੇ ਨੇੜਲੇ ਦੇਸ਼ਾਂ ਦੀ ਯਾਤਰਾ ਕਰਨ ਲਈ ਖਤਰਨਾਕ ਤੇ ਗੈਰ-ਕਾਨੂੰਨੀ ਰਸਤੇ ਅਪਣਾਏ। ਉਹ ਮਹੀਨਿਆਂ ਤੋਂ ਡਰ ਦੇ ਮਾਹੌਲ ‘ਚ ਰਹਿ ਰਹੇ ਹਨ ਅਤੇ ਹੁਣ ਉਨ੍ਹਾਂ ਨੂੰ ਜੇਲ੍ਹਾਂ ‘ਚ ਸੁੱਟਿਆ ਜਾ ਰਿਹਾ ਹੈ ਤੇ ਜ਼ਬਰਦਸਤੀ ਦੇਸ਼ ਨਿਕਾਲੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

Add a Comment

Your email address will not be published. Required fields are marked *