PM ਮੋਦੀ ਤੋਂ ਸਵਾਲ ਪੁੱਛਣ ਮਗਰੋਂ ਆਲੋਚਨਾ ‘ਚ ਘਿਰੀ ਪੱਤਰਕਾਰ

ਵਾਸ਼ਿੰਗਟਨ – ਵ੍ਹਾਈਟ ਹਾਊਸ ਨੇ ਇੱਥੇ ਰਾਸ਼ਟਰਪਤੀ ਜੋਅ ਬਾਈਡੇਨ ਨਾਲ ਸਾਂਝੀ ਪ੍ਰੈਸ ਕਾਨਫਰੰਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਵਾਲ ਕਰਨ ਲਈ ਸੋਸ਼ਲ ਮੀਡੀਆ ‘ਤੇ ਇਕ ਅਮਰੀਕੀ ਪੱਤਰਕਾਰ ‘ਤੇ ਹੋ ਰਹੇ ਹਮਲਿਆਂ ਦੀ ਨਿਖੇਧੀ ਕਰਦਿਆਂ ਇਸ ਨੂੰ ‘ਪੂਰੀ ਤਰ੍ਹਾਂ ਅਸਵੀਕਾਰਯੋਗ’ ਕਰਾਰ ਦਿੱਤਾ ਹੈ। ਪਿਛਲੇ ਹਫ਼ਤੇ ਦਿ ਵਾਲ ਸਟਰੀਟ ਜਰਨਲ ਦੀ ਰਿਪੋਰਟਰ ਸਬਰੀਨਾ ਸਿੱਦੀਕੀ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਭਾਰਤ ਵਿੱਚ ਘੱਟ ਗਿਣਤੀਆਂ ਦੇ ਅਧਿਕਾਰਾਂ ਬਾਰੇ ਸਵਾਲ ਕਰਦਿਆਂ ਪੁੱਛਿਆ ਸੀ ਕਿ ਉਨ੍ਹਾਂ ਦੀ ਸਰਕਾਰ ਇਸ ਦਿਸ਼ਾ ਵਿੱਚ ਸੁਧਾਰ ਲਈ ਕਿਹੜੇ ਕਦਮ ਚੁੱਕਣ ਬਾਰੇ ਵਿਚਾਰ ਕਰ ਰਹੀ ਹੈ। ਸੰਯੁਕਤ ਪ੍ਰੈੱਸ ਕਾਨਫਰੰਸ ਤੋਂ ਇਕ ਦਿਨ ਬਾਅਦ, ਰਿਪੋਰਟਰ ਦੀ ਸੋਸ਼ਲ ਮੀਡੀਆ ‘ਤੇ ਮੋਦੀ ਨੂੰ ਸਵਾਲ ਪੁੱਛਣ ਲਈ ਆਲੋਚਨਾ ਕੀਤੀ ਗਈ ਅਤੇ ਕੁਝ ਲੋਕਾਂ ਨੇ ਦੋਸ਼ ਲਾਇਆ ਕਿ ਉਹ ਪਹਿਲਾਂ ਤੋਂ ਯੋਜਨਾਬੱਧ ਤਰੀਕੇ ਨਾਲ ਸਵਾਲ ਪੁੱਛ ਰਹੀ ਸੀ। ਕਈਆਂ ਨੇ ਮਹਿਲਾ ਪੱਤਰਕਾਰ ਨੂੰ ‘ਪਾਕਿਸਤਾਨੀ ਇਸਲਾਮਿਸਟ’ ਵੀ ਕਿਹਾ।

ਇੱਕ ਸਵਾਲ ਦੇ ਜਵਾਬ ਵਿੱਚ ਰਣਨੀਤਕ ਸੰਚਾਰ ਲਈ ਰਾਸ਼ਟਰੀ ਸੁਰੱਖਿਆ ਪਰਿਸ਼ਦ ਦੇ ਕੋਆਰਡੀਨੇਟਰ ਜੌਨ ਕਿਰਬੀ ਨੇ ਸੋਮਵਾਰ ਨੂੰ ਪੱਤਰਕਾਰਾਂ ਨੂੰ ਕਿਹਾ, “ਸਾਨੂੰ ਉਸ ਪਰੇਸ਼ਾਨੀ ਦੀਆਂ ਰਿਪੋਰਟਾਂ ਮਿਲੀਆਂ ਹਨ। ਇਹ ਅਸਵੀਕਾਰਯੋਗ ਹੈ ਅਤੇ ਅਸੀਂ ਕਿਸੇ ਵੀ ਸਥਿਤੀ ਵਿੱਚ ਕਿਤੇ ਵੀ ਪੱਤਰਕਾਰਾਂ ਨੂੰ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਦੀ ਸਖ਼ਤ ਨਿੰਦਾ ਕਰਦੇ ਹਾਂ। ਇਹ ਲੋਕਤੰਤਰ ਦੇ ਉਨ੍ਹਾਂ ਸਿਧਾਂਤਾਂ ਦੇ ਲਿਹਾਜ਼ ਨਾਲ ਅਨੈਤਿਕ ਹੈ ਜੋ ਪਿਛਲੇ ਹਫ਼ਤੇ ਰਾਜ ਦੌਰੇ ਦੌਰਾਨ ਪ੍ਰਦਰਸ਼ਿਤ ਕੀਤੇ ਗਏ।’ ਸਿੱਦੀਕੀ ਦੇ ਸਵਾਲ ਦੇ ਜਵਾਬ ਵਿਚ ਮੋਦੀ ਨੇ ਲੋਕਤੰਤਰ ਦੇ ਮਾਮਲੇ ਵਿਚ ਭਾਰਤ ਦੇ ਰਿਕਾਰਡ ਦਾ ਪੁਰਜੋਰ ਬਚਾਅ ਕਰਦੇ ਹੋਏ ਕਿਹਾ ਸੀ ਕਿ ਉਨ੍ਹਾਂ ਦੀ ਸਰਕਾਰ ਦਾ ਮੂਲ ਆਧਾਰ ‘ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ ਅਤੇ ਸਬਕੀ ਕੋਸ਼ਿਸ਼’ ਹੈ। ਉਨ੍ਹਾਂ ਕਿਹਾ ਸੀ, ”ਭਾਰਤ ਇੱਕ ਲੋਕਤੰਤਰ ਹੈ ਅਤੇ ਜਿਵੇਂ ਕਿ ਰਾਸ਼ਟਰਪਤੀ ਬਾਈਡੇਨ ਨੇ ਕਿਹਾ ਕਿ ਭਾਰਤ ਅਤੇ ਅਮਰੀਕਾ ਦੋਵਾਂ ਦੇ ਡੀ.ਐੱਨ.ਏ. ਵਿੱਚ ਲੋਕਤੰਤਰ ਹੈ। ਲੋਕਤੰਤਰ ਸਾਡੀਆਂ ਰਗਾਂ ਵਿੱਚ ਹੈ।’

Add a Comment

Your email address will not be published. Required fields are marked *