ਪਾਕਿਸਤਾਨ ‘ਚ ਨਾਬਾਲਗਾ ਨਾਲ ਸਮੂਹਿਕ ਜਬਰ-ਜ਼ਿਨਾਹ, ਫਿਰ ਬੇਰਹਿਮੀ ਨਾਲ ਕਤਲ

ਲਾਹੌਰ– ਪਾਕਿਸਤਾਨ ਦੇ ਲਾਹੌਰ ਸ਼ਹਿਰ ਵਿੱਚ ਇੱਕ ਸਵੀਮਿੰਗ ਪੂਲ ਦੇ ਮਾਲਕ ਅਤੇ ਉਸਦੇ ਸਾਥੀ ਵੱਲੋਂ ਕਥਿਤ ਤੌਰ ‘ਤੇ ਸਮੂਹਿਕ ਬਲਾਤਕਾਰ ਕਰਨ ਤੋਂ ਬਾਅਦ ਇੱਕ 10 ਸਾਲਾ ਬੱਚੀ ਦਾ ਕਤਲ ਕਰ ਦਿੱਤਾ ਗਿਆ।ਪੀੜਤਾ ਦੇ ਪਰਿਵਾਰਕ ਮੈਂਬਰਾਂ ਸਮੇਤ ਵੱਡੀ ਗਿਣਤੀ ਵਿੱਚ ਲੋਕਾਂ ਨੇ ਮੰਗਲਵਾਰ ਨੂੰ ਪੰਜਾਬ ਵਿਧਾਨ ਸਭਾ ਦੇ ਬਾਹਰ ਪ੍ਰਦਰਸ਼ਨ ਕੀਤਾ ਤਾਂ ਜੋ ਕਥਿਤ ਕਾਤਲਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਲਈ ਸਬੰਧਤ ਅਧਿਕਾਰੀਆਂ ‘ਤੇ ਦਬਾਅ ਪਾਇਆ ਜਾ ਸਕੇ।ਸਿਵਲ ਸੁਸਾਇਟੀ ਅਤੇ ਗੈਰ ਸਰਕਾਰੀ ਸੰਗਠਨਾਂ ਦੇ ਮੈਂਬਰਾਂ ਨੇ ਵੀ ਪ੍ਰਦਰਸ਼ਨ ਵਿੱਚ ਹਿੱਸਾ ਲਿਆ ਅਤੇ ਦੋਸ਼ੀਆਂ ਨੂੰ ਜਨਤਕ ਫਾਂਸੀ ਦੇਣ ਦੀ ਮੰਗ ਕੀਤੀ।

ਪੁਲਸ ਦੇ ਸੀਨੀਅਰ ਅਧਿਕਾਰੀਆਂ ਨੇ ਮੌਕੇ ‘ਤੇ ਪਹੁੰਚ ਕੇ ਧਰਨਾਕਾਰੀਆਂ ਨੂੰ ਭਰੋਸਾ ਦਿੱਤਾ ਕਿ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਪੁਲਸ ਨੇ ਕਿਹਾ ਕਿ ਉਨ੍ਹਾਂ ਨੇ ਪਿਛਲੇ ਹਫ਼ਤੇ ਵਾਪਰੇ ਇਸ ਘਿਨਾਉਣੇ ਅਪਰਾਧ ਵਿੱਚ ਕਥਿਤ ਤੌਰ ‘ਤੇ ਸ਼ਾਮਲ ਦੋਵਾਂ ਸ਼ੱਕੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।ਸੁਰਾਨ ਘਾਟੀ ਦੇ ਮੋਹਮੰਦ ਜ਼ਿਲ੍ਹੇ ਦੇ ਕਬਾਇਲੀ ਖੇਤਰ ਦੇ ਇੱਕ ਪਸ਼ਤੂਨ ਪਰਿਵਾਰ ਨਾਲ ਸਬੰਧਤ ਪੀੜਤਾ ਆਪਣੇ ਭਰਾ ਨਾਲ ਕੇਂਦਰੀ ਲਾਹੌਰ ਦੇ ਮਨਵਾਨ ਇਲਾਕੇ ਵਿੱਚ ਸਵੀਮਿੰਗ ਪੂਲ ਗਈ ਸੀ।

ਐਫਆਈਆਰ ਅਨੁਸਾਰ ਮੀਆਂ ਸ਼ਰੀਫ਼ਪੁਰਾ ਦੇ ਰਹਿਣ ਵਾਲੇ ਤਾਜ ਮੁਹੰਮਦ ਨੇ ਦੋਸ਼ ਲਾਇਆ ਕਿ ਉਸ ਦਾ ਪੁੱਤਰ ਸੱਜਾਦ ਅਤੇ ਧੀ ਪਿਛਲੇ ਹਫ਼ਤੇ ਮਨਾਵਾਂ ਵਿੱਚ ਅਲੀ ਰਜ਼ਾ ਦੀ ਮਾਲਕੀ ਵਾਲੇ ਸਵੀਮਿੰਗ ਪੂਲ ਵਿੱਚ ਗਏ ਸਨ। ਉਸ ਨੇ ਦੱਸਿਆ ਕਿ ਸੱਜਾਦ ਇਕੱਲਾ ਹੀ ਘਰ ਪਰਤਿਆ ਅਤੇ ਉਸ ਨੂੰ ਦੱਸਿਆ ਕਿ ਉਸ ਦੀ ਭੈਣ ਲਾਪਤਾ ਹੋ ਗਈ ਹੈ। ਉਸਨੇ ਕਿਹਾ ਕਿ ਜਦੋਂ ਉਹ ਅਤੇ ਪਰਿਵਾਰ ਦੇ ਹੋਰ ਮੈਂਬਰ ਸਵੀਮਿੰਗ ਪੂਲ ‘ਤੇ ਪਹੁੰਚੇ ਤਾਂ ਰਜ਼ਾ ਨੇ ਉਸਨੂੰ ਦੱਸਿਆ ਕਿ ਉਸਦੀ ਧੀ ਡੁੱਬ ਗਈ ਹੈ।

ਤਾਜ ਮੁਹੰਮਦ ਨੇ ਦੋਸ਼ ਲਾਇਆ ਕਿ ਰਜ਼ਾ ਨੇ ਆਪਣੇ ਸਾਥੀ ਨਾਲ ਮਿਲ ਕੇ ਬੱਚੀ ਦਾ ਬਲਾਤਕਾਰ ਕਰਨ ਤੋਂ ਬਾਅਦ ਕਤਲ ਕਰ ਦਿੱਤਾ।ਮਾਮਲੇ ਦੀ ਜਾਂਚ ਕਰ ਰਹੇ ਪੁਲਸ ਅਧਿਕਾਰੀ ਸ਼ਾਹਬਾਜ਼ ਅਹਿਮਦ ਨੇ ਮੰਗਲਵਾਰ ਨੂੰ ਪੀਟੀਆਈ ਨੂੰ ਦੱਸਿਆ ਕਿ ਦੋਨਾਂ ਸ਼ੱਕੀ ਰਜ਼ਾ ਅਤੇ ਅਸਲਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪੋਸਟਮਾਰਟਮ ਰਿਪੋਰਟ ਨੇ ਪੀੜਤਾ ਨਾਲ ਬਲਾਤਕਾਰ ਹੋਣ ਦੀ ਪੁਸ਼ਟੀ ਕੀਤੀ ਹੈ। ਉਸ ਨੇ ਦੱਸਿਆ ਕਿ ਅਸਲਮ ਨੇ ਬਲਾਤਕਾਰ ਅਤੇ ਬੱਚੀ ਨੂੰ ਡੁਬੋ ਕੇ ਮਾਰਨ ਦੀ ਗੱਲ ਕਬੂਲ ਕੀਤੀ ਹੈ।ਪੰਜਾਬ ਦੇ ਮੁੱਖ ਮੰਤਰੀ ਪਰਵੇਜ਼ ਇਲਾਹੀ ਨੇ ਘਟਨਾ ਦਾ ਨੋਟਿਸ ਲੈਂਦਿਆਂ ਆਈਜੀਪੀ ਨੂੰ ਪੀੜਤ ਪਰਿਵਾਰ ਲਈ ਇਨਸਾਫ਼ ਯਕੀਨੀ ਬਣਾਉਣ ਅਤੇ ਦੋਸ਼ੀਆਂ ਨੂੰ ਮਿਸਾਲੀ ਸਜ਼ਾ ਦੇਣ ਦੇ ਨਿਰਦੇਸ਼ ਦਿੱਤੇ ਹਨ।

Add a Comment

Your email address will not be published. Required fields are marked *