ਇਮਰਾਨ ਖਾਨ ਨੂੰ ਹਿੰਸਾ ਦੇ 8 ਮਾਮਲਿਆਂ ’ਚ ਜ਼ਮਾਨਤ

ਇਸਲਾਮਾਬਾਦ –ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਮੰਗਲਵਾਰ ਨੂੰ ਵੱਡੀ ਰਾਹਤ ਦਿੰਦੇ ਹੋਏ ਅੱਤਵਾਦ ਵਿਰੋਧੀ ਅਦਾਲਤ ਨੇ ਮਾਰਚ ਵਿਚ ਇਥੇ ਨਿਆਇਕ ਕੰਪਲੈਕਸ ਵਿਚ ਹੋਈ ਹਿੰਸਾ ਨਾਲ ਜੁੜੇ 8 ਮਾਮਲਿਆਂ ਵਿਚ ਉਨ੍ਹਾਂ ਨੂੰ 8 ਜੂਨ ਤੱਕ ਜ਼ਮਾਨਤ ਦੇ ਦਿੱਤੀ ਹੈ। ਖਾਨ (70) ਵਿਰੁੱਧ ਇਹ ਮਾਮਲੇ ਇਸਲਾਮਾਬਾਦ ਦੇ ਵੱਖ-ਵੱਖ ਪੁਲਸ ਥਾਣਿਆਂ ਵਿਚ ਉਦੋਂ ਦਰਜ ਕੀਤੇ ਗਏ ਸਨ, ਜਦੋਂ ਪੁਲਸ ਅਤੇ ਉਨ੍ਹਾਂ ਦੇ ਹਮਾਇਤੀਆਂ ਵਿਚਾਲੇ ਝੜਪ ਹੋ ਗਈ ਸੀ। ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ. ਟੀ. ਆਈ.) ਮੁਖੀ ਦੇ 18 ਮਾਰਚ ਨੂੰ ਨਿਆਇਕ ਕੰਪਲੈਕਸ ਵਿਚ ਇਕ ਅਦਾਲਤ ਦੇ ਸਾਹਮਣੇ ਪੇਸ਼ ਹੋਣ ਦੌਰਾਨ ਇਹ ਝੜਪਾਂ ਹੋਈਆਂ ਸਨ।

ਇਹ ਝੜਪਾਂ ਉਦੋਂ ਹੋਈਆਂ ਸਨ, ਜਦੋਂ ਖਾਨ ਤੋਸ਼ਾਖਾਨਾ ਭ੍ਰਿਸ਼ਟਾਚਾਰ ਮਾਮਲੇ ਵਿਚ ਸੁਣਵਾਈ ’ਚ ਸ਼ਾਮਲ ਹੋਣ ਆਏ ਸਨ। ਖਾਨ ਮੰਗਲਵਾਰ ਨੂੰ ਨਿਆਇਕ ਕੰਪਲੈਕਸ ’ਚ ਅੱਤਵਾਦ ਵਿਰੋਧੀ ਅਦਾਲਤ ਦੇ ਸਾਹਮਣੇ ਪੇਸ਼ ਹੋਣ ਲਈ ਲਾਹੌਰ ਤੋਂ ਰਾਜਧਾਨੀ ਇਸਲਾਮਾਬਾਦ ਆਏ। ਖਾਨ ਦੀ ਪਾਰਟੀ ਨੇ ਇਕ ਸੰਦੇਸ਼ ਵਿਚ ਦੱਸਿਆ ਕਿ ਵਕੀਲਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਉਨ੍ਹਾਂ ਨੂੰ 8 ਮਾਮਲਿਆਂ ਵਿਚ 8 ਜੂਨ ਤੱਕ ਜ਼ਮਾਨਤ ਦੇ ਦਿੱਤੀ ਹੈ।

ਇਸਲਾਮਾਬਾਦ ਵਿਚ ਇਕ ਜਵਾਬਦੇਹੀ ਅਦਾਲਤ ਨੇ ਰਾਸ਼ਟਰੀ ਜਵਾਬਦੇਹੀ ਬਿਊਰੋ (ਐੱਨ. ਏ. ਬੀ.) ਨੂੰ ਅਲ-ਕਾਦਿਰ ਟਰੱਸਟ ਮਾਮਲੇ ਵਿਚ ਪੀ. ਟੀ. ਆਈ ਮੁਖੀ ਦੀ ਪਤਨੀ ਬੁਸ਼ਰਾ ਬੀਬੀ ਦੀ ਗ੍ਰਿਫ਼ਤਾਰੀ ’ਤੇ ਰੋਕ ਲਗਾ ਦਿੱਤੀ ਹੈ ਅਤੇ ਉਨ੍ਹਾਂ ਨੂੰ ਅੰਤ੍ਰਿਮ ਜ਼ਮਾਨਤ ਦਿੱਤੀ ਹੈ। ਇਮਰਾਨ ਖਾਨ ਨੇ ਆਪਣੇ ਹਮਾਇਤੀਆਂ ਨੂੰ ਮੰਗਲਵਾਰ ਨੂੰ ਰਾਸ਼ਟਰੀ ਜਵਾਬਦੇਹੀ ਬਿਊਰੋ ਵੱਲੋਂ ਗ੍ਰਿਫ਼ਤਾਰ ਕੀਤੇ ਜਾਣ ’ਤੇ ਵੀ ਸ਼ਾਂਤੀ ਬਣਾਏ ਰੱਖਣ ਦੀ ਸਲਾਹ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਤੁਸੀਂ ਹਿੰਸਕ ਹੋਏ ਤਾਂ ਉਨ੍ਹਾਂ ਨੂੰ ਫਿਰ ਤੋਂ ਕਾਰਵਾਈ ਕਰਨ ਦਾ ਮੌਕਾ ਮਿਲੇਗਾ।

ਇਮਰਾਨ ਖਾਨ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੀ ਪਾਰਟੀ ਦੇ ਮੈਂਬਰਾਂ ਨੂੰ ‘ਬੰਦੂਕ ਦੀ ਨੋਕ’ ’ਤੇ ਪੀ. ਟੀ. ਆਈ. ਛੱਡਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਖਾਨ ਨੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਕਿਹਾ ਕਿ ਲੋਕ ਆਪਣੀ ਮਰਜ਼ੀ ਨਾਲ ਪਾਰਟੀ ਨਹੀਂ ਛੱਡ ਰਹੇ ਹਨ, ਉਨ੍ਹਾਂ ਨੂੰ ਅਜਿਹਾ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ।

Add a Comment

Your email address will not be published. Required fields are marked *