ਬਸਤੀ ਗੁਜ਼ਾਂ ‘ਚ ਕਰਿਆਨਾ ਸਟੋਰ ਮਾਲਕ ਦਾ ਚੜ੍ਹਦੀ ਸਵੇਰ ਕੀਤਾ ਕਤਲ

ਜਲੰਧਰ – ਜਲੰਧਰ ਦੇ ਬਸਤੀ ਗੁਜ਼ਾਂ ਦੇ ਮੇਨ ਬਾਜ਼ਾਰ ਵਿਚ ਵੱਡੀ ਵਾਰਦਾਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਸਵੇਰੇ ਕਰੀਬ ਸਾਢੇ 6 ਵਜੇ ਲੁਟੇਰਿਆਂ ਨੇ ਕਰਿਆਨਾ ਸਟੋਰ ਦੇ ਮਾਲਕ ਦਾ ਬੇਰਹਿਮੀ ਨਾਲ ਦਾ ਕਤਲ ਕਰ ਦਿੱਤਾ। ਲੁਟੇਰੇ 8 ਹਜ਼ਾਰ ਦੀ ਨਕਦੀ ਵੀ ਲੈ ਕੇ ਫਰਾਰ ਹੋ ਗਏ ਹਨ। ਕਤਲ ਦੀ ਇਸ ਘਟਨਾ ਕਾਰਨ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਲੁਟੇਰੇ ਮੌਕੇ ਤੋਂ ਫਰਾਰ ਹੋ ਗਏ। ਇਕ ਲੁਟੇਰਾ ਸੀ. ਸੀ. ਟੀ. ਵੀ. ਕੈਮਰੇ ਵਿਚ ਵਿਖਾਈ ਦੇ ਰਿਹਾ ਹੈ। ਉਥੇ ਹੀ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ ਹੈ। 

ਮ੍ਰਿਤਕ ਦੀ ਪਛਾਣ ਪਰਮਜੀਤ ਅਰੋੜਾ ਉਰਫ਼ ਬਿੱਲਾ ਦੇ ਰੂਪ ਵਿਚ ਹੋਈ ਹੈ। ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਬਿੱਲਾ ਕਰਿਆਨਾ ਚਲਾਉਂਦੇ ਸਨ ਅਤੇ ਰੋਜ਼ਾਨਾ ਸਵੇਰੇ 6 ਵਜੇ ਦੇ ਕਰੀਬ ਦੁਕਾਨ ਖੋਲਦੇ ਸਨ। ਅੱਜ ਵੀ ਸਵੇਰੇ ਦੁਕਾਨ ਖੋਲ੍ਹ ਕੇ ਕਾਊਂਟਰ ‘ਤੇ ਬੈਠੇ ਤਾਂ ਕਰੀਬ ਸਾਢੇ 6 ਵਜੇ ਤਿੰਨ ਨਸ਼ੇੜੀ ਲੁਟੇਰੇ ਦੁਕਾਨ ਵਿਚ ਦਾਖ਼ਲ ਹੋ ਗਏ। ਤੇਜ਼ਧਾਰ ਹਥਿਆਰਾਂ ਅਤੇ ਚਾਕੂਆਂ ਨਾਲ ਬਿੱਲਾ ‘ਤੇ ਹਮਲਾ ਬੋਲ ਦਿੱਤਾ ਗਿਆ। ਲੁਟੇਰੇ ਉਦੋਂ ਤੱਕ ਤਿੱਖੇ ਵਾਰ ਕਰਦੇ ਰਹੇ ਜਦੋਂ ਤੱਕ ਬਿੱਲਾ ਨੇ ਦਮ ਨਹੀਂ ਤੋੜਿਆ। ਇਸ ਦੇ ਬਾਅਦ ਮੌਕੇ ਤੋਂ ਫਰਾਰ ਹੋ ਗਏ। ਉਥੇ ਹੀ ਸੀ. ਸੀ. ਟੀ. ਵੀ. ਵਿਚ ਇਕ ਲੁਟੇਰਾ ਭੱਜਦਾ ਹੋਇਆ ਨਜ਼ਰ ਆਇਆ ਹੈ। ਫਿਲਹਾਲ ਸੂਚਨਾ ਮਿਲਦੇ ਹੀ ਏ. ਸੀ. ਪੀ. ਵੈਸਟ ਗਗਨਦੀਪ ਸਿੰਘ ਪੁਲਸ ਟੀਮ ਸਮੇਤ ਮੌਕੇ ‘ਤੇ ਪਹੁੰਚ ਗਏ ਹਨ। ਪੁਲਸ ਨੇ ਇਲਾਕੇ ਵਿੱਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਕਬਜ਼ੇ ਵਿੱਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਏ. ਸੀ. ਪੀ. ਵੈਸਟ ਗਗਨਦੀਪ ਸਿੰਘ ਦਾ ਕਹਿਣਾ ਹੈ ਕਿ ਕਤਲ ਨੂੰ ਅੰਜਾਮ ਦੇਣ ਵਾਲੇ ਲੁਟੇਰਿਆਂ ਨੂੰ ਸੀ. ਸੀ. ਟੀ. ਵੀ. ਅਤੇ ਉਨ੍ਹਾਂ ਦੇ ਨੈੱਟਵਰਕ ਰਾਹੀਂ ਟਰੇਸ ਕੀਤਾ ਜਾ ਰਿਹਾ ਹੈ ਅਤੇ ਜਲਦ ਹੀ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

Add a Comment

Your email address will not be published. Required fields are marked *