ਲਾਰੈਂਸ ਬਿਸ਼ਨੋਈ ਗੈਂਗ ਦੇ ਨਾਂ ’ਤੇ ਜਬਰੀ ਵਸੂਲੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼

ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਦੀ ਸੋਚ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਵਿੱਢੀ ਮੁਹਿੰਮ ਦੌਰਾਨ ਪੰਜਾਬ ਪੁਲਸ ਨੇ ਬਦਨਾਮ ਲਾਰੈਂਸ ਬਿਸ਼ਨੋਈ ਗੈਂਗ ਦੇ ਨਾਂ ਹੇਠ ਫਿਰੌਤੀ ਮੰਗਣ ਵਾਲੇ ਗਿਰੋਹ ਦੇ ਇਕ ਮੈਂਬਰ ਨੂੰ ਟੀ. ਡੀ. ਆਈ. ਵੈਲਿੰਗਟਨ ਸਿਟੀ, ਸੈਕਟਰ-117, ਮੋਹਾਲੀ ਤੋਂ ਗ੍ਰਿਫ਼ਤਾਰ ਕਰਕੇ ਇਸ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਜਬਰੀ ਵਸੂਲੀ ਕਰਨ ਵਾਲਾ ਇਹ ਗਿਰੋਹ ਮੋਹਾਲੀ, ਚੰਡੀਗੜ੍ਹ ਅਤੇ ਆਸ-ਪਾਸ ਦੇ ਇਲਾਕਿਆਂ ਵਿਚ ਸਰਗਰਮ ਸੀ।

ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਵਿਸ਼ਾਲ ਕੁਮਾਰ (19) ਵਾਸੀ ਮਲੋਆ ਚੰਡੀਗੜ੍ਹ ਵਜੋਂ ਹੋਈ ਹੈ, ਜੋ ਸਥਾਨਕ ਸੈਲੂਨ ਵਿਚ ਕੰਮ ਕਰਦਾ ਸੀ। ਪੁਲਸ ਟੀਮਾਂ ਨੇ ਉਸ ਕੋਲੋਂ .32 ਬੋਰ ਦਾ ਪਿਸਤੌਲ ਅਤੇ ਦੋ ਜ਼ਿੰਦਾ ਕਾਰਤੂਸ ਵੀ ਬਰਾਮਦ ਕੀਤੇ ਹਨ। ਏ.ਆਈ.ਜੀ. ਐੱਸ.ਐੱਸ.ਓ.ਸੀ. ਐੱਸ.ਏ.ਐੱਸ. ਮੋਹਾਲੀ ਅਸ਼ਵਨੀ ਕਪੂਰ ਨੇ ਦੱਸਿਆ ਕਿ ਲਾਰੈਂਸ ਬਿਸ਼ਨੋਈ ਗੈਂਗ ਨਾਲ ਸਬੰਧਤ ਹੋਣ ਦਾ ਦਾਅਵਾ ਕਰਨ ਵਾਲੇ ਵਿਅਕਤੀ ਵੱਲੋਂ ਜਬਰੀ ਵਸੂਲੀ ਦੀਆਂ ਕੋਸ਼ਿਸ਼ਾਂ ਅਤੇ ਧਮਕੀ ਭਰੀਆਂ ਫੋਨ ਕਾਲਾਂ ਸਬੰਧੀ ਕਈ ਰਿਪੋਰਟਾਂ ਮਿਲਣ ਉਪਰੰਤ, ਪੰਜਾਬ ਪੁਲਸ ਨੇ ਇਸ ਮਾਮਲੇ ਦੀ ਵਿਆਪਕ ਜਾਂਚ ਸ਼ੁਰੂ ਕੀਤੀ। ਉਨ੍ਹਾਂ ਅੱਗੇ ਦੱਸਿਆ ਕਿ ਖੁਫੀਆ ਜਾਣਕਾਰੀ ਇਕੱਠੀ ਕਰਨ ਉਪਰੰਤ ਪੁਲਸ ਟੀਮਾਂ ਨੂੰ ਮੁੱਖ ਸ਼ੱਕੀ ਵਜੋਂ ਵਿਸ਼ਾਲ ਕੁਮਾਰ ਅਤੇ ਪਿੰਡ ਘੰਗਰੋਲੀ, ਸਮਾਣਾ, ਪਟਿਆਲਾ ਦੇ ਵਾਸੀ ਉਸ ਦੇ ਸਾਥੀ ਕਸ਼ਮੀਰ ਸਿੰਘ ਉਰਫ਼ ਬੌਬੀ ਦੀ ਪਛਾਣ ਕਰਨ ਵਿਚ ਸਫ਼ਲਤਾ ਮਿਲੀ।

ਉਨ੍ਹਾਂ ਦੱਸਿਆ ਕਿ ਭਰੋਸੇਮੰਦ ਜਾਣਕਾਰੀ ਉਪਰੰਤ ਐੱਸ.ਐੱਸ.ਓ.ਸੀ. ਦੀਆਂ ਪੁਲਸ ਟੀਮਾਂ ਨੇ ਸ਼ੱਕੀ ਵਿਅਕਤੀਆਂ ਦੀਆਂ ਸੰਭਾਵਿਤ ਛੁਪਣਗਾਹਾਂ ’ਤੇ ਛਾਪੇਮਾਰੀ ਕੀਤੀ ਅਤੇ ਟੀ.ਡੀ.ਆਈ. ਵੈਲਿੰਗਟਨ ਸਿਟੀ ਤੋਂ ਵਿਸ਼ਾਲ ਕੁਮਾਰ ਨੂੰ, ਜਦੋਂ ਉਹ ਕਸ਼ਮੀਰ ਸਿੰਘ ਉਰਫ਼ ਬੌਬੀ ਨੂੰ ਮਿਲਣ ਜਾ ਰਿਹਾ ਸੀ, ਸਫਲਤਾਪੂਰਵਕ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਅੱਗੇ ਦੱਸਿਆ ਕਿ ਕਸ਼ਮੀਰ ਉਰਫ਼ ਬੌਬੀ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾ ਸਕਿਆ ਅਤੇ ਪੁਲਸ ਟੀਮਾਂ ਉਸ ਨੂੰ ਫੜਨ ਲਈ ਛਾਪੇਮਾਰੀ ਕਰ ਰਹੀਆਂ ਹਨ।

ਏ. ਆਈ. ਜੀ. ਕਪੂਰ ਨੇ ਦੱਸਿਆ ਕਿ ਕਸ਼ਮੀਰ ਉਰਫ਼ ਬੌਬੀ ਚੰਡੀਗੜ੍ਹ, ਮੋਹਾਲੀ ਅਤੇ ਹੋਰ ਆਸ-ਪਾਸ ਦੇ ਇਲਾਕਿਆਂ ਵਿਚ ਨਾਈਟ ਕਲੱਬਾਂ ਅਤੇ ਬਾਰਾਂ ਦੇ ਮਾਲਕਾਂ ਸਮੇਤ ਅਮੀਰ ਵਿਅਕਤੀਆਂ ਨੂੰ ਫੋਨ ਕਰ ਕੇ ਫਿਰੌਤੀ ਮੰਗਦਾ ਸੀ ਅਤੇ ਧਮਕੀਆਂ ਦਿੰਦਾ ਸੀ, ਜਦਕਿ ਵਿਸ਼ਾਲ ਇਨ੍ਹਾਂ ਵਿਅਕਤੀਆਂ ਤੋਂ ਫਿਰੌਤੀ ਦੀ ਰਕਮ ਵਸੂਲਣ ਲਈ ਉਨ੍ਹਾਂ ਨੂੰ ਡਰਾਉਂਦਾ ਧਮਕਾਉਂਦਾ ਸੀ।

ਉਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ ਵਿਸ਼ਾਲ ਕੁਮਾਰ ਅਤੇ ਕਸ਼ਮੀਰ ਉਰਫ਼ ਬੌਬੀ ਨੇ “ਸਕੱਲ” ਕਲੱਬ, ਮੋਹਾਲੀ ਦੇ ਮਾਲਕ ਤੋਂ ਪੈਸੇ ਵਸੂਲ ਕਰਨ ਲਈ 11 ਮਈ, 2023 ਨੂੰ ਉਸ ਦੇ ਘਰ ‘ਤੇ ਹਮਲਾ ਵੀ ਕੀਤਾ ਸੀ। ਉਨ੍ਹਾਂ ਅੱਗੇ ਦੱਸਿਆ ਕਿ ਇਸ ਸਬੰਧੀ ਹੋਰ ਪੁੱਛਗਿੱਛ ਜਾਰੀ ਹੈ ਅਤੇ ਜਾਂਚ ਦੌਰਾਨ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ। ਇਸ ਸਬੰਧੀ ਐੱਫ.ਆਈ.ਆਰ ਨੰ. 10 ਮਿਤੀ 24-06-2023 ਨੂੰ ਥਾਣਾ ਐੱਸ.ਐੱਸ.ਓ.ਸੀ. ਐੱਸ.ਏ.ਐੱਸ.ਨਗਰ ਵਿਖੇ ਅਸਲਾ ਐਕਟ ਦੀ ਧਾਰਾ 25, 54, 59 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

Add a Comment

Your email address will not be published. Required fields are marked *