‘ਸਿਟ’ ਨੇ ਨਗਰ ਨਿਗਮ ਤੇ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਤੋਂ ਕੀਤੀ ਪੁੱਛਗਿੱਛ

ਲੁਧਿਆਣਾ : ਗੈਸ ਲੀਕ ਮਾਮਲੇ ’ਚ ਪੁਲਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਵਲੋਂ ਬਣਾਈ ਗਈ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਨੇ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਹੈ। ਐੱਸ. ਆਈ. ਟੀ. ਦੇ ਮੁਖੀ ਡੀ. ਸੀ. ਪੀ. ਹਰਪ੍ਰੀਤ ਸਿੰਘ ਹੁੰਦਲ ਨੇ ਨਗਰ ਨਿਗਮ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਨੂੰ ਤਲਬ ਕੀਤਾ ਸੀ। ਬੁੱਧਵਾਰ ਨੂੰ ਉਹ ਅਧਿਕਾਰੀ ਡੀ. ਸੀ. ਪੀ. ਕੋਲ ਪੇਸ਼ ਹੋਏ, ਜਿੱਥੇ ਉਨ੍ਹਾਂ ਤੋਂ ਕਰੀਬ 4 ਤੋਂ 5 ਘੰਟਿਆਂ ਤੱਕ ਪੁੱਛਗਿੱਛ ਕੀਤੀ ਗਈ। ਇਸ ਤੋਂ ਇਲਾਵਾ ਉਨ੍ਹਾਂ ਤੋਂ ਕਈ ਹੋਰ ਸਵਾਲਾਂ ਦੇ ਜਵਾਬ ਮੰਗੇ ਸਨ ਪਰ ਉਨ੍ਹਾਂ ਨੇ ਜਵਾਬ ਦੇਣ ’ਚ 2 ਦਿਨ ਦਾ ਸਮਾਂ ਮੰਗਿਆ ਹੈ। ਡੀ. ਸੀ. ਪੀ. ਹੁੰਦਲ ਨੇ ਦੱਸਿਆ ਕਿ ਉਨ੍ਹਾਂ ਨੇ ਨਗਰ ਨਿਗਮ ਜ਼ੋਨ-ਸੀ ਤੋਂ ਐਕਸੀਅਨ ਕੁਲਪ੍ਰੀਤ ਸਿੰਘ ਅਤੇ ਪੀ. ਪੀ. ਸੀ. ਬੀ. ਤੋਂ ਪਰਮਜੀਤ ਸਿੰਘ ਅਤੇ ਆਰ. ਐੱਸ. ਰੱਤੜਾ ਨੂੰ ਬੁਲਾਇਆ ਸੀ। ਉਨ੍ਹਾਂ ਨੇ ਉਕਤ ਅਧਿਕਾਰੀਆਂ ਤੋਂ ਦੇਰ ਸ਼ਾਮ ਤੱਕ ਪੁੱਛਗਿੱਛ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਘਟਨਾ ਸਥਾਨ ’ਤੇ ਐੱਸ. ਆਈ. ਟੀ. ਦੇ ਬਾਕੀ ਮੈਂਬਰਾਂ ਨੇ ਹਾਦਸੇ ’ਚ ਬਚਣ ਵਾਲੇ ਗੌਰਵ ਗੋਇਲ ਦੇ ਬਿਆਨ ਲਏ। ਇਸ ਤੋਂ ਇਲਾਵਾ ਉੱਥੇ ਬਚਾਅ ਲਈ ਆਉਣ ਵਾਲੇ ਅਤੇ ਹੋਰਨਾਂ ਨੂੰ ਮਿਲਾ ਕੇ ਕਰੀਬ 15 ਗਵਾਹਾਂ ਦੇ ਬਿਆਨ ਲਏ ਹਨ।

ਦੱਸਣਯੋਗ ਹੈ ਕਿ ਸ਼ਹਿਰ ਦੇ ਗਿਆਸਪੁਰਾ ਇਲਾਕੇ ’ਚ ਕਥਿਤ ਤੌਰ ’ਤੇ ਜ਼ਹਿਰੀਲੀ ਗੈਸ ਲੀਕ ਹੋਣ ਕਾਰਨ ਹੋਈ 11 ਲੋਕਾਂ ਦੀ ਮੌਤ ਦੇ ਮਾਮਲੇ ਦੀ ਜਾਂਚ ਪੰਜਾਬ ਪੁਲਸ ਦੀ 5 ਮੈਂਬਰੀ ਵਿਸ਼ੇਸ਼ ਜਾਂਚ ਟੀਮ (ਐੱਸ. ਆਈ. ਟੀ.) ਕਰੇਗੀ। ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਪੰਜਾਬ ਦੇ ਪ੍ਰਮੁੱਖ ਉਦਯੋਗਿਕ ਕੇਂਦਰ ਦੀ ਸੰਘਣੀ ਆਬਾਦੀ ਵਾਲੇ ਇਲਾਕੇ ’ਚ ਐਤਵਾਰ ਨੂੰ ਇਹ ਦੁਖਾਂਤ ਵਾਪਰਿਆ ਸੀ। ਜ਼ਿਲ੍ਹੇ ਦੇ ਅਧਿਕਾਰੀਆਂ ਨੇ ਕਿਹਾ ਕਿ ਹਾਈਡ੍ਰੋਜਨ ਸਲਫਾਈਡ ਦੇ ਮਾੜੇ ਪ੍ਰਭਾਵਾਂ ਨੂੰ ਘੱਟ ਕਰਨ ਲਈ ਨਾਲੀਆਂ ਅਤੇ ਸੀਵਰੇਜ ਲਾਈਨਾਂ ’ਚ ਕਾਸਟਿਕ ਸੋਢਾ ਪਾ ਕੇ ਇਲਾਕੇ ’ਚ ਪੂਰੀ ਰਾਤ ਸਫਾਈ ਡ੍ਰਾਈਵ ਚਲਾਈ ਗਈ।ਅਧਿਕਾਰੀਆਂ ਨੇ ਕਿਹਾ ਕਿ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਦਸਤੇ ਸੀਵਰੇਜ ਲਾਈਨ ’ਚ ਜ਼ਹਿਰੀਲੀ ਗੈਸ ਦੇ ਬਣਨ ਦੇ ਸੰਭਾਵੀ ਕਾਰਨਾਂ ’ਤੇ ਗੌਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਗੈਸ ਦਾ ਅਸਰ ਹੁਣ ਖੇਤਰ ’ਚ ਨਹੀਂ ਹੈ। ਹਾਈਡ੍ਰੋਜਨ ਸਲਫਾਈਡ, ਜਿਸ ਨੂੰ ਸੀਵਰੇਜ ਗੈਸ ਵੀ ਕਿਹਾ ਜਾਂਦਾ ਹੈ, ਜ਼ਹਿਰੀਲੀ ਹੁੰਦੀ ਹੈ ਅਤੇ ਇਸ ’ਚੋਂ ਸੜੇ ਹੋਏ ਆਂਡੇ ਵਰਗੀ ਬਦਬੂ ਆਉਂਦੀ ਹੈ। ਇਹ ਗੈਸ ਬੇਹੋਸ਼ੀ ਅਤੇ ਮੌਤ ਦਾ ਕਾਰਨ ਬਣ ਸਕਦੀ ਹੈ। ਲੁਧਿਆਣਾ ਦੇ ਪੁਲਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਇੱਥੇ ਮੀਡੀਆ ਨਾਲ ਗੱਲ ਕਰਦੇ ਹੋਏ ਕਿਹਾ ਕਿ ਐੱਸ. ਆਈ. ਟੀ. ਦੀ ਅਗਵਾਈ ਪੁਲਸ ਦੇ ਡਿਪਟੀ ਕਮਿਸ਼ਨਰ (ਜਾਂਚ) ਹਰਮੀਤ ਸਿੰਘ ਹੁੰਦਲ ਕਰਨਗੇ।

Add a Comment

Your email address will not be published. Required fields are marked *